ਫਰਵਰੀ 2009:  ਅਮਰੀਕਾ ਦਾ ਨਵਾਂ ਪ੍ਰਧਾਨ  - ਬਰਾਕ ਓਬਾਮਾ

   

                                                   

           

ਇਸ ਪੰਨੇ ਤੇ ਛਪੇ ਲੇਖਕ:
ਪ੍ਰੇਮ ਮਾਨ, ਗੁਰਦੇਵ ਸਿੰਘ ਘਣਗਸ

           

          
                   
      
            
ਫਰਵਰੀ 1, 2009 

        

ਅਮਰੀਕਾ ਦਾ ਨਵਾਂ ਪ੍ਰਧਾਨ - ਬਰਾਕ ਓਬਾਮਾ

-ਪ੍ਰੇਮ ਮਾਨ

      

ਜਨਵਰੀ 20, 2009 ਨੂੰ ਅਮਰੀਕਾ ਦੀ ਵਾਗ ਡੋਰ ਨਵੇਂ ਪ੍ਰਧਾਨ ਬਰਾਕ ਹੁਸੈਨ ਓਬਾਮਾ ਨੇ ਸੰਭਾਲ ਲਈ ਹੈ। ਅਸਲ ਵਿੱਚ ਅੱਜ ਕੱਲ ਅਮਰੀਕਾ ਦਾ ਪ੍ਰਧਾਨ ਇਕ ਕਿਸਮ ਨਾਲ ਸਾਰੀ ਦੁਨੀਆਂ ਦਾ ਹੀ ਆਗੂ ਮੰਨਿਆਂ ਜਾਂਦਾ ਹੈ ਕਿਉਂਕਿ ਇਸ ਵੇਲੇ ਅਮਰੀਕਾ ਹੀ ਇਕੋ ਇਕ ਸੁਪਰ-ਪਾਵਰ ਰਹਿ ਗਿਆ ਹੈ। ਜਿਵੇਂ ਕੋਈ ਇਨਸਾਨ ਲੰਬੀ ਬਿਮਾਰੀ ਤੋਂ ਬਾਅਦ ਠੀਕ ਹੋ ਕੇ ਉੱਠ ਖੜੇ ਅਤੇ ਉਸਦੇ ਤੰਦਰੁਸਤ ਹੋਣ ਦੀ ਆਸ ਹੋ ਜਾਵੇ, ਇਵੇਂ ਹੀ ਅਮਰੀਕਾ ਵੀ ਅੱਠਾਂ ਸਾਲਾਂ ਦੀ ਬਿਮਾਰੀ ਤੋਂ ਬਾਅਦ ਮੰਜੇ ਤੋਂ ਉੱਠ ਖੜਿਆ ਹੈ ਅਤੇ ਇਸਦੇ ਤੰਦਰੁਸਤ ਹੋ ਜਾਣ ਦੀ ਆਸ ਬੱਝੀ ਹੈ। ਇਸ ਅੱਠਾਂ ਸਾਲਾਂ ਦੀ ਬੁਸ਼-ਚੇਨੀ ਬਿਮਾਰੀ ਨੇ ਸਿਰਫ਼ ਅਮਰੀਕਾ ਨੂੰ ਹੀ ਕਮਜ਼ੋਰ ਅਤੇ ਨਿਪੁੰਸਕ ਨਹੀਂ ਬਣਾਇਆ ਸਗੋਂ ਇਸਦਾ ਲਾਗਾ ਸਾਰੇ ਸੰਸਾਰ ਦੇ ਮੁਲਕਾਂ ਨੂੰ ਲੱਗਾ ਹੈ ਅਤੇ ਇਸ ਨਾਲ ਸਾਰੀ ਦੁਨੀਆਂ ਨੇ ਹੀ ਪਿਛਲੇ ਅੱਠ ਸਾਲ ਬਹੁਤ ਸ਼ਰਮਨਾਕ ਅਤੇ ਦਰਦਨਾਕ ਹਾਲਤਾਂ ਵਿੱਚ ਕੱਟੇ ਹਨ। ਨਵੇਂ ਪ੍ਰਧਾਨ ਤੋਂ ਆਸਾਂ ਬਹੁਤ ਹਨ ਪਰ ਮੁਸ਼ਕਲਾਂ ਵੀ ਬੇਹਿਸਾਬ ਅਤੇ ਖ਼ੌਫਨਾਕ ਹਨ। ਦੇਖੋ ਅੱਗੇ ਕੀ ਹੁੰਦਾ ਹੈ।

                

ਓਬਾਮਾ ਨੇ 20 ਜਨਵਰੀ 2009 ਨੂੰ ਦੁਪਹਿਰ 12:00 ਵਜੇ ਅਮਰੀਕਾ ਦੇ ਪ੍ਰਧਾਨ ਵਜੋਂ ਸਹੁੰ ਚੁੱਕੀ ਸੀ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਠਰਦੇ ਮੌਸਮ ਵਿੱਚ ਵੀ ਲਗਭਗ ਦੋ ਮਿਲੀਅਨ (ਜਾਣੀ ਕਿ ਵੀਹ ਲੱਖ) ਲੋਕਾਂ ਨੇ ਓਬਾਮਾ ਨੂੰ ਪ੍ਰਧਾਨਗੀ ਦੀ ਸਹੁੰ ਚੁੱਕਦੇ ਦੇਖਿਆ ਸੀ। ਇਕ ਅੰਦਾਜ਼ੇ ਅਨੁਸਾਰ ਘੱਟੋ ਘੱਟ 220 ਮਿਲੀਅਨ ਲੋਕਾਂ ਨੇ ਸਾਰੇ ਸੰਸਾਰ ਵਿੱਚ ਟੀ.ਵੀ. ਉੱਤੇ ਇਸ ਸਾਰੇ ਜਸ਼ਨ ਨੂੰ ਦੇਖਿਆ। ਜੇ ਇਹ ਜਸ਼ਨ ਦਾ ਮੌਕਾ ਹਿੰਦੁਸਤਾਨ ਵਿੱਚ ਹੁੰਦਾ ਤਾਂ ਦੀਵੇ ਜਗਦੇ, ਮਠਿਆਈਆਂ ਵੰਡੀਆਂ ਜਾਂਦੀਆਂ, ਪਟਾਕੇ ਵਜਾਏ ਜਾਂਦੇ, ਭੰਗੜੇ ਅਤੇ ਗਿੱਧੇ ਪਾਏ ਜਾਂਦੇ, ਅਤੇ ਇਸ ਸਾਰੇ ਜਸ਼ਨ ਦੀ ਖੁਸ਼ੀ ਵਿੱਚ ਬਹੁਤ ਸਾਰੇ ਲੋਕ ਫੱਟੜ ਵੀ ਹੁੰਦੇ ਅਤੇ ਹੋ ਸਕਦਾ ਕਿ ਬਹੁਤ ਸਾਰੇ ਜਾਨਾਂ ਵੀ ਗੁਆਹ ਬਹਿੰਦੇ। ਪਰ ਵਾਸ਼ਿੰਗਟਨ ਵਿੱਚ ਵੀਹ ਲੱਖ ਲੋਕ ਇਸ ਜਸ਼ਨ ਨੂੰ ਦੇਖਣ ਲਈ ਇਕੱਠੇ ਹੋਣ ਦੇ ਬਾਵਜੂਦ ਵੀ ਪੁਲਿਸ ਦੀ ਰਿਪੋਰਟ ਅਨੁਸਾਰ ਇਕ ਵੀ ਇਨਸਾਨ ਕੋਈ ਗ਼ਲਤ ਕੰਮ ਕਰਦਾ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਕਿਸੇ ਦੀ ਜੇਬ ਨਹੀਂ ਕੱਟੀ ਗਈ, ਕੋਈ ਵੀ ਇਕ ਦੂਜੇ ਨੂੰ ਧੱਕੇ ਮਾਰਦਾ ਹੂਰਾ-ਮੁੱਕੀ ਨਹੀਂ ਹੋਇਆ, ਕਿਸੇ ਨੇ ਵੀ ਸ਼ਰਾਬ ਦੇ ਸਰੂਰ ਵਿੱਚ ਮੱਘੇ ਨਹੀਂ ਕੱਢੇ ਜਾਂ ਬੱਕਰੇ ਨਹੀਂ ਬੁਲਾਏ, ਆਦਮੀ ਅਤੇ ਔਰਤਾਂ ਇਕੱਠੇ ਖੜੇ ਹੋਣ ਦੇ ਬਾਵਜੂਦ ਕਿਸੇ ਨੇ ਵੀ ਕਿਸੇ ਔਰਤ ਨਾਲ ਬਦਸਲੂਕੀ ਨਹੀਂ ਕੀਤੀ। ਕਮਾਲ ਦੀਆਂ ਹਨ ਇਨ੍ਹਾਂ ਅਮਰੀਕਨਾਂ ਦੀਆਂ ਆਦਤਾਂ ਅਤੇ ਸੁਭਾਅ। ਪੰਜਾਬੀ ਤਾਂ ਕਹਿਣਗੇ ਕਿ ਖੁਸ਼ੀ ਨੂੰ ਇਸ ਤਰ੍ਹਾਂ ਚੁੱਪ-ਚੁਪੀਤੇ ਬਗੈਰ ਕਿਸੇ ਖ਼ੂਨ-ਖ਼ਰਾਬੇ ਦੇ ਮਨਾਉਣਾ ਵੀ ਕੀ ਖੁਸ਼ੀ ਹੋਈ। ਪਰ ਢੰਗ ਆਪੋ ਆਪਣੇ ਅਤੇ ਸਮਝ ਆਪੋ ਆਪਣੀ!

              

ਓਬਾਮਾ ਨੇ ਆਪਣੀ ਵਜ਼ਾਰਤ ਵਿੱਚ ਜਿਹੋ ਜਿਹੇ ਲਾਇਕ, ਨਿਪੁੰਨ, ਯੋਗ, ਅਤੇ ਅਭਿਆਸ ਵਾਲੇ ਇਨਸਾਨ ਚੁਣੇ ਹਨ ਉਸਦੀ ਦਾਦ ਦਿੱਤੇ ਬਗੈਰ ਨਹੀਂ ਰਿਹਾ ਜਾਂਦਾ। ਹਿਲਰੀ ਕਲਿੰਟਨ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਬਣਨ ਲਈ ਓਬਾਮਾ ਦੇ ਵਿਰੋਧ ਵਿੱਚ ਖੜੀ ਸੀ। ਦੋਹਾਂ ਵਿੱਚ ਕਾਫੀ ਤਣਾਓ ਵੀ ਰਿਹਾ ਅਤੇ ਦੋਹਾਂ ਨੇ ਇਕ ਦੂਜੇ ਨੂੰ ਚੰਗਾ ਮੰਦਾ ਵੀ ਬੋਲਿਆ। ਪਰ ਜਦੋਂ ਓਬਾਮਾ ਡੈਮੋਕਰੈਟਿਕ ਪਾਰਟੀ ਦੀ ਪ੍ਰਾਇਮਰੀ ਜਿੱਤ ਗਿਆ ਤਾਂ ਹਿਲਰੀ ਕਲਿੰਟਨ ਨੇ ਬਗੈਰ ਕਿਸੇ ਈਰਖਾ ਜਾਂ ਵੈਰ ਵਿਰੋਧ ਦੇ ਉਸਨੂੰ ਜਤਾਉਣ ਵਿੱਚ ਪੂਰਾ ਯਤਨ ਕੀਤਾ। ਜਦੋਂ ਓਬਾਮਾ ਪ੍ਰਧਾਨ ਚੁਣਿਆਂ ਗਿਆ ਤਾਂ ਸਭ ਤੋਂ ਵੱਧ ਮਹੱਤਤਾ ਵਾਲੀ ਵਜ਼ਾਰਤ ਸੈਕਰੀਟਰੀ ਆਫ਼ ਸਟੇਟ ਲਈ ਕਈ ਉਮੀਦਵਾਰ ਸਨ ਜਿਨ੍ਹਾਂ ਨੂੰ ਆਸ ਸੀ ਕਿ ਓਬਾਮਾ ਉਨ੍ਹਾਂ ਨੂੰ ਹੀ ਇਸ ਵਜ਼ਾਰਤ ਲਈ ਚੁਣੇਗਾ। ਪਰ ਸਾਰੇ ਲੋਕ ਹੈਰਾਨ ਰਹਿ ਗਏ ਜਦੋਂ ਓਬਾਮਾ ਨੇ ਆਪਣੀ ਵਿਰੋਧੀ ਹਿਲਰੀ ਕਲਿੰਟਨ ਨੂੰ ਇਸ ਵਜ਼ਾਰਤ ਲਈ ਚੁਣਿਆ। ਓਬਾਮਾ ਦਾ ਇਹ ਸਭ ਤੋਂ ਵੱਡਾ ਸਲਾਹੁਣਯੋਗ ਕਦਮ ਸੀ। ਭਾਵੇਂ ਹਿਲਰੀ ਕਲਿੰਟਨ ਓਬਾਮਾ ਦੀ ਵਿਰੋਧੀ ਰਹੀ ਸੀ ਪਰ ਓਬਾਮਾ ਨੇ ਮਹਿਸੂਸ ਕੀਤਾ ਕਿ ਇਸ ਪਦਵੀ ਲਈ ਹਿਲਰੀ ਤੋਂ ਵਧ ਕੇ ਹੋਰ ਕੋਈ ਯੋਗ ਉਮੀਦਵਾਰ ਨਹੀਂ।

              

ਓਬਾਮਾ ਨੇ ਆਪਣੇ ਚਾਚੇ-ਤਾਏ, ਮਾਸੀ, ਭੂਆ ਆਦਿ ਦੇ ਕਿਸੇ ਬੱਚੇ ਨੂੰ ਜਾਂ ਰਿਸ਼ਤੇਦਾਰ ਨੂੰ ਨਾ ਹੀ ਵਜ਼ਾਰਤ ਵਿੱਚ ਲਿਆ ਹੈ ਅਤੇ ਨਾ ਹੀ ਕੋਈ ਨੌਕਰੀ ਦਿੱਤੀ ਹੈ। ਉਸਨੇ ਆਪਣੀ ਪਤਨੀ ਦੇ ਕਿਸੇ ਰਿਸ਼ਤੇਦਾਰ ਨੂੰ ਵੀ ਕੋਈ ਨੌਕਰੀ ਜਾਂ ਵਜ਼ਾਰਤੀ ਅਹੁਦਾ ਨਹੀਂ ਦਿੱਤਾ। ਉਸਦੀਆਂ ਬੇਟੀਆਂ ਤਾਂ ਹਾਲੇ ਖ਼ੈਰ ਬਹੁਤ ਛੋਟੀਆਂ ਹਨ। ਓਬਾਮਾ ਦੀ ਭੈਣ ਹਾਲੇ ਵੀ ਹਵਾਈ ਸੂਬੇ ਵਿੱਚ ਅਧਿਆਪਕਾ ਦੀ ਨੌਕਰੀ ਕਰ ਰਹੀ ਹੈ। ਉਸਨੇ ਵੀ ਇਹ ਨੌਕਰੀ ਛੱਡ ਕੇ ਓਬਾਮਾ ਤੋਂ ਕੋਈ ਵੱਡੀ ਨੌਕਰੀ ਦੀ ਮੰਗ ਨਹੀਂ ਕੀਤੀ। ਓਬਾਮਾ ਦੀ ਪਤਨੀ ਮਿਸ਼ਲ ਓਬਾਮਾ ਦਾ ਭਰਾ ਕਰੇਗ ਰਾਬਿਨਸਨ ਹਾਲੇ ਵੀ ਆਰੀਗਨ ਸਟੇਟ ਯੂਨੀਵਰਸਿਟੀ ਵਿੱਚ ਬਾਸਕਟਬਾਲ ਦਾ ਕੋਚ ਹੈ ਅਤੇ ਉਸਦਾ ਆਪਣੀ ਨੌਕਰੀ ਛੱਡ ਕੇ ਓਬਾਮਾ ਤੋਂ ਕੋਈ ਨੌਕਰੀ ਲੈਣ ਦਾ ਕੋਈ ਵਿਚਾਰ ਨਹੀਂ। ਅਜੀਬ ਗੱਲ ਹੈ ਨਾ ਸਾਡੇ ਹਿੰਦੁਸਤਾਨੀਆਂ ਲਈ? ਜੇ ਓਬਾਮਾ ਹਿੰਦੁਸਤਾਨ ਦਾ ਪ੍ਰਧਾਨ ਬਣਦਾ ਤਾਂ ਨੌਕਰੀਆਂ ਅਤੇ ਵਜ਼ਾਰਤਾਂ ਲੈਣ ਲਈ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਣੀਆਂ ਸਨ ਅਤੇ ਜਿਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਸੀ ਹੋਣਾ ਉਨ੍ਹਾਂ ਨੇ ਕਹਿਣਾ ਸੀ ਕਿ ਉਨ੍ਹਾਂ ਦੇ ਭਾਅ ਦਾ ਤਾਂ ਉਹ ਪ੍ਰਧਾਨ ਬਣਿਆਂ ਜਾਂ ਨਾ ਬਣਿਆ ਇਕੋ ਗੱਲ ਹੈ।

              

ਕਹਾਣੀ ਪ੍ਰਚਲਤ ਹੈ ਕਿ ਬਿੱਲ ਕਲਿੰਟਨ ਅਤੇ ਜਾਰਜ ਬੁਸ਼ (ਅਮਰੀਕਾ ਦੇ ਪਿਛਲੇ ਦੋਵੇਂ ਪ੍ਰਧਾਨ) ਜਦੋਂ ਅਮਰੀਕਾ ਦੇ ਪ੍ਰਧਾਨ ਸਨ ਤਾਂ ਉਹ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਸਨ, ਲੋਕ ਲੱਖਾਂ ਦੀ ਗਿਣਤੀ ਵਿੱਚ ਉਸ ਥਾਂ ਤੇ ਇਕੱਠੇ ਹੁੰਦੇ ਸਨ। ਫ਼ਰਕ ਸਿਰਫ਼ ਇੰਨਾਂ ਹੈ ਕਿ ਇਹ ਲੋਕ ਬਿੱਲ ਕਲਿੰਟਨ ਨੂੰ ਦੇਖਣ ਅਤੇ ਸੁਣਨ ਲਈ ਆਉਂਦੇ ਸਨ ਪਰ ਜਾਰਜ ਬੁਸ਼ ਦੇ ਵਿਰੁੱਧ ਮੁਜ਼ਾਹਰੇ ਕਰਨ ਲਈ ਆਉਂਦੇ ਸਨ। ਆਗੂ ਆਗੂ ਵਿੱਚ ਵੀ ਤਾਂ ਫ਼ਰਕ ਹੁੰਦਾ ਹੈ! ਕਈ ਵਾਰੀ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਬਿੱਲ ਕਲਿੰਟਨ ਦੀ ਸਾਰੀ ਦੁਨੀਆਂ ਵਿੱਚ ਠਾਠ ਸੀ ਅਤੇ ਹਾਲੇ ਵੀ ਹੈ। ਉਹ ਸਿਰਫ਼ ਅਮਰੀਕਾ ਦਾ ਹੀ ਨਹੀਂ ਸਗੋਂ ਸਾਰੀ ਦੁਨੀਆਂ ਦਾ ਆਗੂ ਮੰਨਿਆ ਜਾਂਦਾ ਸੀ। ਜਦੋਂ ਉਹ ਪ੍ਰਧਾਨ ਸੀ ਤਾਂ ਜਦੋਂ ਉਹ ਬੋਲਦਾ ਸੀ ਤਾਂ ਉਸਦੇ ਸ਼ਬਦਾਂ ਦੇ ਅਰਥ ਹੁੰਦੇ ਸਨ, ਉਨ੍ਹਾਂ ਵਿੱਚ ਕੋਈ ਗੱਲ ਹੁੰਦੀ ਸੀ। ਪਰ ਜਾਰਜ ਬੁਸ਼ ਨੂੰ ਤਾਂ ਬਹੁਤ ਸਾਰੇ ਅਮਰੀਕਾ ਦੇ ਲੋਕ ਵੀ ਆਗੂ ਮੰਨਣ ਨੂੰ ਤਿਆਰ ਨਹੀਂ ਸਨ, ਦੁਨੀਆਂ ਦੀ ਗੱਲ ਤਾਂ ਹੋਰ ਹੈ। ਜਾਰਜ ਬੁਸ਼ ਜਦੋਂ ਬੋਲਦਾ ਹੈ ਤਾਂ ਲੋਕ ਹੱਸਦੇ ਹਨ। ਇਕ ਵਾਰੀ ਫਿਰ ਅਮਰੀਕਾ ਨੂੰ ਬਿੱਲ ਕਲਿੰਟਨ ਵਰਗਾ ਆਗੂ ਮਿਲਿਆ ਹੈ। ਵੈਸੇ ਮੈਂ ਹਿਲਰੀ ਕਲਿੰਟਨ ਦੇ ਪ੍ਰਧਾਨ ਚੁਣੇ ਜਾਣ ਦੇ ਹੱਕ ਵਿੱਚ ਸੀ ਇਸ ਕਰਕੇ ਕਿ ਉਸਦਾ ਅਭਿਆਸ ਬਹੁਤ ਹੈ ਅਤੇ ਉਹ ਬਿੱਲ ਕਲਿੰਟਨ ਵਾਂਗ ਹੀ ਬਹੁਤ ਲਾਇਕ, ਯੋਗ, ਅਤੇ ਨਿਪੁੰਨ ਆਗੂ ਹੈ। ਪਰ ਲਗਦਾ ਹੈ ਕਿ ਓਬਾਮਾ ਵੀ ਉਤਨਾ ਚੰਗਾ ਕੰਮ ਕਰੇਗਾ ਜਿੰਨਾਂ ਹਿਲਰੀ ਤੋਂ ਉਮੀਦ ਹੋਣੀ ਸੀ। ਜੇ ਹਿੰਦੁਸਤਾਨ ਹੁੰਦਾ ਤਾਂ ਜਦੋਂ ਹਿਲਰੀ ਨੂੰ ਡੈਮੋਕਰੈਟਿਕ ਪਾਰਟੀ ਵਲੋਂ ਪ੍ਰਧਾਨਗੀ ਦੀ ਟਿਕਟ ਨਹੀਂ ਸੀ ਮਿਲੀ ਤਾਂ ਇਹ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਜਾਣੀ ਸੀ ਜਿਨ੍ਹਾਂ ਦੇ ਨਾਂ ਹੋਣੇ ਸਨ: ਡੈਮੋਕਰੈਟਿਕ ਪਾਰਟੀ (ਓਬਾਮਾ) ਅਤੇ ਡੈਮੋਕਰੈਟਿਕ ਪਾਰਟੀ (ਹਿਲਰੀ ਕਲਿੰਟਨ)। ਪਰ ਅਮਰੀਕਾ ਵਿੱਚ ਤਾਂ ਬਿਲਕੁਲ ਇਸਦੇ ਉਲਟ ਹੋਇਆ। ਹਿਲਰੀ ਕਲਿੰਟਨ ਨੇ ਲੋਕਾਂ ਅਤੇ ਪਾਰਟੀ ਦੀ ਚੋਣ ਨੂੰ ਸਵੀਕਾਰ ਕਰਕੇ ਓਬਾਮਾ ਨੂੰ ਜਿਤਾਉਣ ਵਿੱਚ ਪੂਰਾ ਯੋਗਦਾਨ ਪਾਇਆ।

              

ਓਬਾਮਾ ਦੇ ਪ੍ਰਧਾਨ ਬਣਨ ਦੀ ਖੁਸ਼ੀ ਅਮਰੀਕਾ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਮਨਾਈ ਗਈ ਹੈ। ਅਮਰੀਕਾ ਲਈ ਇਹ ਇਕ ਇਤਿਹਾਸਕ ਮੌਕਾ ਹੈ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਕਦੇ ਵੀ ਨਾ ਕਾਲੇ ਰੰਗ ਦਾ ਇਨਸਾਨ ਅਤੇ ਨਾ ਹੀ ਔਰਤ ਪ੍ਰਧਾਨ ਦੀ ਪਦਵੀ ਲਈ ਚੁਣੇ ਗਏ ਸਨ। ਸੋ ਹੁਣ ਇਨ੍ਹਾਂ ਵਿੱਚੋਂ ਇਕ ਗੱਲ ਤਾਂ ਹੋ ਗਈ ਕਿ ਕਾਲੇ ਰੰਗ ਦਾ ਇਨਸਾਨ ਅਮਰੀਕਾ ਦਾ ਪ੍ਰਧਾਨ ਚੁਣਿਆ ਗਿਆ ਹੈ। ਓਬਾਮਾ ਦਾ ਪਿਤਾ ਅਫ਼ਰੀਕਾ ਦੇ ਮੁਲਕ ਕੀਨੀਆਂ ਤੋਂ ਅਮਰੀਕਾ ਵਿੱਚ ਪੜ੍ਹਨ ਆਇਆ ਸੀ। ਅਮਰੀਕਾ ਵਿੱਚ ਉਸ ਨੇ ਇਕ ਗੋਰੀ ਔਰਤ ਨਾਲ ਵਿਆਹ ਕਰਾ ਲਿਆ ਸੀ। ਓਬਾਮਾ ਦੇ ਜਨਮ ਤੋਂ ਛੇਤੀਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਓਬਾਮਾ ਦਾ ਪਿਤਾ ਵਾਪਸ ਕੀਨੀਆਂ ਚਲੇ ਗਿਆ ਜਿੱਥੇ ਕੁਝ ਸਾਲਾਂ ਬਾਅਦ ਉਸਦੀ ਮੌਤ ਹੋ ਗਈ। ਓਬਾਮਾ ਦੀ ਮਾਂ ਕੁਝ ਸਾਲਾਂ ਬਾਅਦ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਈ। ਓਬਾਮਾ ਦਾ ਪਾਲਣ-ਪੋਸ਼ਣ ਉਸਦੇ ਗੋਰੇ ਨਾਨਾ-ਨਾਨੀ ਨੇ ਕੀਤਾ। ਕਾਲੇ ਅਮਰੀਕਨ ਲੋਕ ਓਬਾਮਾ ਦੇ ਪ੍ਰਧਾਨ ਬਣਨ ਤੇ ਬਹੁਤ ਖੁਸ਼ ਹਨ। ਮੇਰੇ ਨਾਲ ਕੰਮ ਕਰਦੀ ਇਕ ਕਾਲੀ ਔਰਤ ਦਾ ਕਹਿਣਾ ਸੀ, ''ਮੈਨੂੰ ਯਕੀਨ ਨਹੀਂ ਆਉਂਦਾ ਕਿ ਇਕ ਇਨਸਾਨ ਜੋ ਮੇਰੇ ਵਰਗਾ ਲਗਦਾ ਹੈ ਉਹ ਅਮਰੀਕਾ ਦਾ ਪ੍ਰਧਾਨ ਬਣ ਗਿਆ ਹੈ।" ਓਬਾਮਾ ਦਾ ਪਿਤਾ ਕਾਲਾ ਸੀ ਅਤੇ ਮਾਂ ਗੋਰੀ ਸੀ ਅਤੇ ਸਾਰੇ ਲੋਕ ਓਬਾਮਾ ਨੂੰ ਕਾਲਾ ਸਮਝਦੇ ਹਨ। ਮੰਨ ਲਓ ਜੇ ਓਬਾਮਾ ਦਾ ਪਿਤਾ ਗੋਰਾ ਹੁੰਦਾ ਅਤੇ ਮਾਂ ਕਾਲੀ ਹੁੰਦੀ ਤਾਂ ਵੀ ਲੋਕ ਉਸ ਨੂੰ ਕਾਲਾ ਆਖਦੇ? ਖ਼ੈਰ ਰੰਗ ਵਿੱਚ ਕੀ ਪਿਆ ਹੈ। ਬੰਦਾ ਇਕ ਚੰਗਾ ਇਨਸਾਨ ਹੋਣਾ ਚਾਹੀਦਾ। ਸਾਨੂੰ ਰੰਗ ਨਾਲੋਂ ਇਨਸਾਨੀਅਤ ਦਾ ਜ਼ਿਆਦਾ ਮੁੱਲ ਪਾਉਣਾ ਚਾਹੀਦਾ ਹੈ। ਵੈਸੇ ਅਮਰੀਕਾ ਵਿੱਚ ਲੋਕ ਬਿੱਲ ਕਲਿੰਟਨ ਨੂੰ ਪਹਿਲਾ ਕਾਲਾ ਪ੍ਰਧਾਨ ਕਹਿੰਦੇ ਹਨ ਭਾਵੇਂ ਉਹ ਰੰਗ ਦਾ ਗੋਰਾ ਹੀ ਹੈ। ਕਾਰਨ ਇਹ ਹੈ ਕਿ ਉਸ ਨੇ ਕਾਲੇ ਲੋਕਾਂ ਲਈ ਬਹੁਤ ਕੰਮ ਕੀਤੇ ਹਨ।

              

ਓਬਾਮਾ ਦੇ ਪ੍ਰਧਾਨ ਚੁਣੇ ਜਾਣ ਵਾਲੇ ਦਿਨ ਅਤੇ ਸਹੁੰ ਚੁੱਕਣ ਵਾਲੇ ਦਿਨ ਅਨੇਕਾਂ ਲੋਕਾਂ ਨੇ ਅੱਥਰੂ ਵਹਾਏ - ਖਾਸ ਕਰ ਕੇ ਬਹੁਤੇ ਕਾਲਿਆਂ ਨੇ ਅਤੇ ਕੁਝ ਗੋਰਿਆਂ ਨੇ ਵੀ। ਇਹ ਅੱਥਰੂ ਖੁਸ਼ੀ ਦੇ ਅੱਥਰੂ ਸਨ। ਬਹੁਤੇ ਕਾਲੇ ਲੋਕ ਇਹ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਜੀਉਂਦੇ ਜੀਅ ਕੋਈ ਕਾਲਾ ਇਨਸਾਨ ਅਮਰੀਕਾ ਦਾ ਪ੍ਰਧਾਨ ਚੁਣਿਆ ਜਾ ਸਕੇਗਾ। ਪਰ ਅਮਰੀਕਨ ਲੋਕਾਂ ਨੇ ਰੰਗ ਦੇ ਭੇਦ ਭਾਵ ਨੂੰ ਛੱਡ ਕੇ ਇਕ ਕਾਲੇ ਇਨਸਾਨ ਨੂੰ ਪ੍ਰਧਾਨ ਚੁਣ ਕੇ ਮਾਅਰਕੇ ਦੀ ਗੱਲ ਕੀਤੀ ਹੈ। 

             

ਓਬਾਮਾ ਨੇ ਪ੍ਰਧਾਨ ਦੀ ਸਹੁੰ ਚੁੱਕਣ ਦੇ ਬਾਅਦ ਦਸਾਂ ਕੁ ਦਿਨਾਂ ਵਿੱਚ ਹੀ ਇਤਨੇ ਕਮਾਲ ਦੇ ਕੰਮ ਇਤਨੀ ਤੇਜ਼ੀ ਨਾਲ ਕੀਤੇ ਹਨ ਕਿ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸਨੇ ਬੜੇ ਖ਼ਤਰਨਾਕ ਆਰਥਿਕ ਸੰਕਟ ਨੂੰ ਨੱਥ ਪਾਉਣ ਲਈ ਅਤੇ ਇਸਨੂੰ ਖ਼ਤਮ ਕਰਨ ਲਈ ਬਹੁਤ ਜ਼ੋਰ-ਸ਼ੋਰ ਨਾਲ ਯਤਨ ਸ਼ੁਰੂ ਕਰ ਦਿੱਤੇ ਹਨ। ਉਸਨੇ ਜਾਰਜ ਬੁਸ਼ ਵਲੋਂ ਜਾਰੀ ਕੀਤੇ ਕਈ ਕਾਨੂੰਨਾਂ ਨੂੰ ਉਲਟਾ ਦਿੱਤਾ ਹੈ। ਜਿਵੇਂ ਕਿ ਓਬਾਮਾ ਨੇ ਗੁਆਤਨਾਮੋ ਬੇਅ ਵਾਲੀ ਜੇਲ੍ਹ ਜਿੱਥੇ ਐਲ-ਕਾਇਦਾ ਨਾਲ ਸੰਬੰਧਿਤ ਅੱਤਵਾਦੀਆਂ ਅਤੇ ਦਹਿਸ਼ਤਗਰਦਾਂ ਨੂੰ ਰੱਖਿਆ ਜਾਂਦਾ ਸੀ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ ਅਤੇ ਇਹ ਜੇਲ੍ਹ ਇਕ ਸਾਲ ਦੇ ਵਿੱਚ ਬੰਦ ਹੋ ਜਾਵੇਗੀ। ਇਨ੍ਹਾਂ ਅੱਤਵਾਦੀਆਂ ਅਤੇ ਦਹਿਸ਼ਤਗਰਦਾਂ ਨੂੰ ਜਾਰਜ ਬੁਸ਼ ਵੇਲੇ ਜੋ ਇਨਸਾਨੀਅਤ ਤੋਂ ਗਿਰੇ ਹੋਏ ਤਸੀਹੇ ਦਿੱਤੇ ਜਾਂਦੇ ਸਨ, ਓਬਾਮਾ ਨੇ ਉਹ ਤਸੀਹੇ ਵੀ ਖ਼ਤਮ ਕਰਨ ਦਾ ਹੁਕਮ ਦੇ ਦਿੱਤਾ ਹੈ। ਜਾਰਜ ਬੁਸ਼ ਨੇ ਉਨ੍ਹਾਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਹਾਇਤਾ ਦੇਣੀ ਬੰਦ ਕਰ ਦਿੱਤੀ ਸੀ ਜਿਹੜੀਆਂ ਦੂਜੇ ਮੁਲਕਾਂ ਵਿੱਚ ਔਰਤਾਂ ਦੇ ਗਰਭਪਾਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਭਾਵੇਂ ਇਹ ਔਰਤਾਂ ਦੀ ਜਿੰਦਗੀ ਬਚਾਉਣ ਲਈ ਹੀ ਕਿਉਂ ਨਾ ਕੀਤਾ ਜਾਵੇ। ਓਬਾਮਾ ਨੇ ਇਨ੍ਹਾਂ ਸੰਸਥਾਵਾਂ ਨੂੰ ਫਿਰ ਤੋਂ ਸਹਾਇਤਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਓਬਾਮਾ ਨੇ ਇਕੋ ਜਿਹੀਆਂ ਯੋਗਤਾਵਾਂ ਵਾਲੇ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੀਆਂ ਤਨਖ਼ਾਹਾਂ ਦੇਣ ਲਈ ਵੀ ਹੁਕਮ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਔਰਤਾਂ ਨੂੰ ਇਸਦੇ ਬਾਵਜੂਦ ਕਿ ਉਹ ਮਰਦਾਂ ਦੇ ਬਰਾਬਰ ਦੀਆਂ ਯੋਗਤਾਵਾਂ ਰੱਖਦੀਆਂ ਹਨ ਘੱਟ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਹਨ ਉਹ ਹੁਣ ਆਪਣਾ ਕੇਸ ਕਚਹਿਰੀ ਵਿੱਚ ਲੜ ਸਕਣਗੀਆਂ। ਪਹਿਲਾਂ ਅਜਿਹੀਆਂ ਔਰਤਾਂ ਨੌਕਰੀ ਲੈਣ ਤੋਂ ਸਿਰਫ਼ 180 ਦਿਨਾਂ ਦੇ ਅੰਦਰ ਅੰਦਰ ਹੀ ਇਹੋ ਜਿਹਾ ਮੁਕੱਦਮਾ ਕਰ ਸਕਦੀਆਂ ਸਨ। ਹੁਣ ਉਹ ਇਹ ਮੁਕੱਦਮਾ ਆਖਰੀ ਤਨਖ਼ਾਹ ਮਿਲਣ (ਜਾਣੀ ਕਿ ਕੰਮ ਛੱਡਣ) ਤੋਂ 180 ਦਿਨਾਂ ਦੇ ਅੰਦਰ ਅੰਦਰ ਕਰ ਸਕਦੀਆਂ ਹਨ। ਓਬਾਮਾ ਨੇ ਆਪਣੇ ਹਰ ਭਾਸ਼ਨ ਵਿੱਚ ਕਿਹਾ ਹੈ ਕਿ ਉਹ ਦੂਸਰੇ ਮੁਲਕਾਂ ਨਾਲ ਸਮੱਸਿਆਵਾਂ ਨੂੰ ਸੁਲਝਾਉਣ ਲਈ ਜੰਗ ਨਾਲੋਂ ਗੱਲ-ਬਾਤ ਦੇ ਢੰਗ ਨੂੰ ਜ਼ਿਆਦਾ ਤਰਜੀਹ ਦੇਣਗੇ। ਓਬਾਮਾ ਨੇ ਮਿਡਲ ਈਸਟ ਦੇ ਇਕ ਟੀ.ਵੀ. ਸਟੇਸ਼ਨ ਤੇ ਭਾਸ਼ਨ ਦੇ ਕੇ ਇਹ ਕਿਹਾ ਹੈ ਕਿ ਅਮਰੀਕਾ ਦਾ ਮੁਸਲਮਾਨਾਂ ਨਾਲ ਕੋਈ ਵੈਰ ਨਹੀਂ ਅਤੇ ਮੁਸਲਮਾਨ ਦੇਸ਼ ਅਮਰੀਕਾ ਨੂੰ ਆਪਣਾ ਵੈਰੀ ਨਾ ਸਮਝਣ। ਉਸਨੇ ਪਲਸਤੀਨੀਆਂ ਅਤੇ ਇਸਰਾਈਲ ਦੇ ਲੜਾਈ ਝਗੜੇ ਨੂੰ ਸੁਲਝਾਉਣ ਲਈ ਇਕ ਬਹੁਤ ਹੰਢੇ ਹੋਏ ਰਾਜਦੂਤ ਜਾਰਜ ਮਿੱਚਲ ਨੂੰ ਚੁਣਿਆ ਹੈ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਮਾਮਲਿਆਂ ਨੂੰ ਸੁਲਝਾਉਣ ਲਈ ਉਸਨੇ ਇਕ ਨਿਪੁੰਨ ਰਾਜਦੂਤ ਰਿੱਚਰਡ ਹੋਲਬਰੁੱਕ ਨੂੰ ਨਾਮਜ਼ਦ ਕੀਤਾ ਹੈ।

              

ਓਬਾਮਾ ਨੇ ਜੋ ਸਭ ਤੋਂ ਵੱਡੀ ਪਿਰਤ ਪਾਈ ਹੈ ਉਹ ਹੈ ਆਪਣੇ ਵਿਰੋਧੀਆਂ ਨਾਲ ਰਲ ਕੇ ਕੰਮ ਕਰਨ ਦੀ ਇੱਛਾ ਅਤੇ ਯਤਨ। ਭਾਵੇਂ ਇਸ ਪਾਸੇ ਪਹਿਲਾਂ ਵੀ ਕਈ ਡੈਮੋਕਰੈਟਿਕ ਪ੍ਰਧਾਨਾਂ ਨੇ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਵਿੱਚੋਂ ਬਿੱਲ ਕਲਿੰਟਨ ਖ਼ਾਸ ਤੌਰ ਤੇ ਸ਼ਲਾਘਾ ਦਾ ਹੱਕਦਾਰ ਹੈ ਪਰ ਓਬਾਮਾ ਇਸ ਕੰਮ ਵਿੱਚ ਉਸ ਤੋਂ ਵੀ ਅੱਗੇ ਲੰਘ ਗਿਆ ਹੈ। ਬਿੱਲ ਕਲਿੰਟਨ ਵਾਂਗ ਹੀ ਓਬਾਮਾ ਨੇ ਕੁਝ ਰਿਪਬਲਿਕਨ ਪਾਰਟੀ ਦੇ ਮੈਂਬਰ ਵੀ ਆਪਣੀ ਵਜ਼ਾਰਤ ਵਿੱਚ ਲਏ ਹਨ। ਓਬਾਮਾ ਨੇ ਰਿਪਬਲਿਕਨ ਪਾਰਟੀ ਦੇ ਲੀਡਰਾਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਹਨ ਅਤੇ ਉਨ੍ਹਾਂ ਨਾਲ ਰਲ ਕੇ ਕੰਮ ਕਰਨ ਦੀ ਖ਼ਾਹਸ਼ ਪ੍ਰਗਟ ਕੀਤੀ ਹੈ। ਹਾਲੇ ਤੱਕ ਰਿਪਬਲਿਕਨ ਪਾਰਟੀ ਦੇ ਲੀਡਰਾਂ ਨੇ ਓਬਾਮਾ ਦਾ ਸਾਥ ਦੇਣ ਦਾ ਪੂਰਾ ਹੁੰਗਾਰਾ ਨਹੀਂ ਭਰਿਆ। ਇਕ ਸਫ਼ਲ ਲੀਡਰ ਦਾ ਇਹ ਬਹੁਤ ਵੱਡਾ ਗੁਣ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਵੀ ਨਾਲ ਰਲਾ ਕੇ ਤੁਰੇ। ਜਾਰਜ ਬੁਸ਼ ਇਸਦੇ ਬਿਲਕੁਲ ਉਲਟ ਸੀ। ਉਸਨੇ ਕਦੇ ਵੀ ਡੈਮੋਕਰੈਟਿਕ ਪਾਰਟੀ ਨੂੰ ਨਾਲ ਲੈ ਕੇ ਕੋਈ ਕੰਮ ਨਹੀਂ ਸੀ ਕੀਤਾ ਅਤੇ ਕਦੇ ਵੀ ਡੈਮੋਕਰੈਟਿਕ ਪਾਰਟੀ ਦੀ ਸਲਾਹ ਨੂੰ ਨਹੀਂ ਸੀ ਮੰਨਿਆਂ। ਜਾਰਜ ਬੁਸ਼ ਵੰਡੀਆਂ ਪਾਉਣ ਵਾਲਾ ਪ੍ਰਧਾਨ ਸਿੱਧ ਹੋਇਆ ਹੈ। ਉਮੀਦ ਹੈ ਕਿ ਓਬਾਮਾ ਵੰਡੀਆਂ ਘਟਾਉਣ ਜਾਂ ਹਟਾਉਣ ਵਾਲਾ ਪ੍ਰਧਾਨ ਸਿੱਧ ਹੋਵੇਗਾ। 

             

ਸ਼ਾਲਾ, ਬਰਾਕ ਹੁਸੈਨ ਓਬਾਮਾ ਇਕ ਬਹੁਤ ਸਫ਼ਲ ਪ੍ਰਧਾਨ ਹੋਵੇ ਅਤੇ ਉਹ ਦੁਨੀਆਂ ਵਿੱਚ ਸ਼ਾਂਤੀ ਅਤੇ ਪ੍ਰਫੁੱਲਤਾ ਦਾ ਵਾਸਾ ਕਰਨ ਵਿੱਚ ਕਾਮਯਾਬ ਹੋਵੇ। ਸਭ ਦੀਆਂ ਸ਼ੁਭ ਇੱਛਾਵਾਂ ਉਸਦੇ ਨਾਲ ਹਨ। ਅਮਰੀਕਾ ਵਿੱਚ ਕੀਤੇ ਇਕ ਸਰਵੇ ਅਨੁਸਾਰ ਲਗਭਗ 70 ਪ੍ਰਤੀਸ਼ਤ ਲੋਕ ਉਮੀਦ ਕਰਦੇ ਹਨ ਕਿ ਓਬਾਮਾ ਇਕ ਸਫ਼ਲ ਪ੍ਰਧਾਨ ਸਿੱਧ ਹੋਵੇਗਾ।

          

          
                   
      
            
ਫਰਵਰੀ 7, 2009 

        

 

ਬਾਰਾਕ ਓਬਾਮਾ  ਦੀ  ਚੋਣ (ਗਜ਼ਲ)

            - ਗੁਰਦੇਵ ਸਿੰਘ ਘਣਗਸ

 

ਓਬਾਮਾ  ਦੀ  ਚੋਣ ਤੋਂ ਮਗਰੋਂ ਥਾਂ ਥਾਂ ਖੁਸ਼ੀਆਂ ਛਾਈਆਂ

ਪਲਕਾਂ ਡੱਕੇ ਮੋਤੀ ਆਖਣ ‘ਵਾਹੁ ਵਾਹੁ ਮੇਰੇ ਸਾਂਈਆਂ! ’

   

ਅਮਰੀਕਾ ਵਿਚਲੇ ਭਿੰਨ ਵਸਿੰਦੇ, ਕਾਲੇ ਗੋਰੇ  ਰੰਗ ਬਰੰਗੇ,

ਵਿਚ  ਮੈਦਾਨਾਂ  ਹੋਏ ‘ਕੱਠੇ,  ਜਿਉਂ  ਨਣਦਾਂ  ਭਰਜਾਈਆਂ

   

ਕਾਲੇ ਰੰਗ ਦੇ ਪੁਰਖਿਆਂ  ਉੱਤੇ ਜੋ ਜੋ ਵੱਜੀਆਂ ਚੋਟਾਂ

ਰੱਬ ਹੀ ਜਾਣੇ, ਓਈਓ ਜਾਣਨ ਕੀ ਕੀ ਉਨ੍ਹਾਂ ਹੰਢਾਈਆਂ

   

ਦੱਬ-ਦਬਾਏ ਲੋਕਾਂ ਦੇ ਲਈ ਰੱਬ ਦੀਆਂ ਇਹ ਵਡਿਆਈਆਂ

‘ਥੈਂਕ ਯੂ, ਗੌਡ’ ਆਖੀ ਜਾਵਣ ਕਾਲੇ ਰੰਗ ਦੀਆਂ ਮਾਈਆਂ 

   

ਕੀ ਓਥੇ ਦੀਆਂ ਚੋਣਾਂ ਸੱਜਣੋ,  ਕੀ ਉਸ ਦੇਸ ਦਾ ਵੱਸਣਾ

ਨਸਲ ਜਾਤ ਦੇ ਕਾਰਨ ਜਿੱਥੇ, ਹੋਵਣ ਨਿੱਤ ਲੜਾਈਆਂ

   

ਰੱਬ ਕਰੇ ਹੁਣ ਦੁਨੀਆ ਦੇ ਵਿੱਚ ਆਵੇ ਮੱਤ ਕੋਈ ਉੱਚੀ

ਅਮਰੀਕਾ ਦੇ ਲੋਕਾਂ ਨੂੰ ਵੀ, ਤਿਲ-ਫੁਲ ਦਿਓ ਵਧਾਈਆਂ

   

ਮਿਟ ਚੱਲੇ ਅੱਜ ਝਗੜੇ ਝੇੜੇ, ਦੇਖ ਦੇਖ ਸਭ  ਖੁਸ਼ੀਆਂ ਖੇੜੇ 

ਘਣਗਸ ਨੇ ਵੀ ਦਿਲ ਦੀਆਂ ਗੱਲਾਂ ਛੇਤੀ ਕਲਮ ਚੜ੍ਹਾਈਆਂ