ਸਾਲ 2008 ਤੇ ਇਕ ਝਾਤ!
-ਪ੍ਰੇਮ ਮਾਨ
ਇਕ ਸਾਲ ਹੋਰ ਬੀਤ ਗਿਆ ਹੈ। ਇਸ ਸਾਲ ਵਿੱਚ ਦੁਨੀਆਂ ਕਿੱਧਰ ਨੂੰ ਗਈ ਹੈ? ਇਸ ਤੇ ਬਹੁਤੀ ਬਹਿਸ ਦੀ ਲੋੜ ਨਹੀਂ ਕਿਉਂਕਿ ਬਹੁਤੇ ਲੋਕ ਇਕੋ ਮੱਤ ਰੱਖਣਗੇ।
(1). ਪਿਛਲੇ ਸਾਲ ਵਿੱਚ ਦੁਨੀਆਂ ਵਿੱਚ ਅੱਤਵਾਦ, ਦਹਿਸ਼ਤਗਰਦੀ, ਲੜਾਈ-ਝਗੜੇ, ਦੰਗੇ ਆਦਿ ਵਧੇ ਹੀ ਹਨ। ਹਜ਼ਾਰਾਂ ਨਹੀਂ ਸਗੋਂ ਲੱਖਾਂ ਹੀ ਮਾਸੂਮ ਲੋਕਾਂ ਨੇ ਇਰਾਕ ਤੋਂ ਲੈ ਕੇ ਅਫ਼ਗਾਨਿਸਤਾਨ, ਅਫ਼ਰੀਕਾ ਦੇ ਕਈ ਮੁਲਕਾਂ, ਅਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਲੜਾਈਆਂ ਵਿੱਚ, ਬੰਬਾਂ ਨਾਲ, ਅਤੇ ਦਹਿਸ਼ਤਗਰਦੀ ਦੇ ਸ਼ਿਕਾਰ ਹੋ ਕੇ ਜਾਨਾਂ ਗੁਆਈਆਂ ਹਨ ਅਤੇ ਲੱਖਾਂ ਹੀ ਹੋਰ ਅਪਾਹਜ ਹੋ ਗਏ ਹਨ! ਕਰੋੜਾਂ ਹੀ ਹੋਰ ਇਨ੍ਹਾਂ ਕਾਰਨਾਂ ਕਰ ਕੇ ਆਰਥਿਕ ਤੌਰ ਤੇ ਕਮਜ਼ੋਰ ਹੋ ਗਏ ਹਨ। ਹੁਣੇ ਹੁਣੇ ਮਿਡਲ ਈਸਟ ਦੇ ਗਾਜ਼ਾ ਇਲਾਕੇ ਵਿੱਚ (ਜਿਸ ਤੇ ਹਾਮਾਸ ਰਾਜ ਕਰਦਾ ਹੈ) ਅਤੇ ਇਸਰਾਈਲ ਵਿੱਚ ਲੜਾਈ ਸ਼ੁਰੂ ਹੋ ਗਈ ਹੈ।
(2). ਮੁਆਫ਼ ਕਰਨਾ ਪਰ ਇਹ ਸੱਚ ਹੈ ਕਿ ਪਿਛਲੇ ਸਾਲ ਵਿੱਚ ਸਾਡਾ ਹਿੰਦੁਸਤਾਨੀਆਂ ਦਾ ਇਖਲਾਕ 20 ਪ੍ਰਤੀਸ਼ਤ ਹੋਰ ਗਿਰ ਗਿਆ ਹੈ। ਅਸੀਂ ਝੂਠ, ਬੇਈਮਾਨੀ, ਜੁਰਮ, ਹੇਰਾ-ਫੇਰੀ, ਗਲਤ ਕੰਮ ਕਰਨ, ਗਰੀਬਾਂ ਨਾਲ ਬੇਇਨਸਾਫ਼ੀਆਂ ਕਰਨ ਆਦਿ ਦੇ ਖੇਤਰਾਂ ਵਿੱਚ ਮਾਰ੍ਹਕੇ ਦੀ ਤਰੱਕੀ ਕੀਤੀ ਹੈ ਅਤੇ ਲਗਾਤਾਰ ਕਰ ਰਹੇ ਹਾਂ। ਭ੍ਰਿਸ਼ਟਾਚਾਰ ਵਿੱਚ ਅਸੀਂ ਦੁਨੀਆਂ ਦੇ ਅਗਲੀ ਕਤਾਰ ਵਿੱਚ ਖੜੇ ਮੁਲਕਾਂ ਵਿੱਚੋਂ ਇਕ ਹਾਂ। ਕੋਈ ਵੀ ਇਹ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਹਿੰਦੁਸਤਾਨ ਦੁਨੀਆਂ ਦੀ ਇਕ ਸੁਪਰ ਪਾਵਰ ਬਣੇਗਾ ਜਾਂ ਕਿ ਗਲਤ ਆਦਤਾਂ ਦਾ ਸ਼ਿਕਾਰ ਹੋ ਕੇ ਗਰਕ ਜਾਵੇਗਾ!
(3). ਅਸੀਂ ਹਿੰਦੁਸਤਾਨੀ ਦਿਨ-ਬ-ਦਿਨ ਬਹੁਤ ਹੀ ਲਾਲਚੀ ਹੋਈ ਜਾਂਦੇ ਹਾਂ ਅਤੇ ਪਿਛਲੇ ਸਾਲ ਵਿੱਚ ਇਹ ਲਾਲਚ ਵਧਿਆ ਹੀ ਹੈ। ਅਸੀਂ ਸਭ ਚੀਜ਼ਾਂ ਨੂੰ ਪੈਸੇ ਨਾਲ ਮਿਣਨ ਤੇ ਤੋਲਣ ਲੱਗ ਪਏ ਹਾਂ। ਅਸੀਂ ਪੈਸੇ ਨੂੰ, ਘਰਾਂ ਨੂੰ, ਕਾਰਾਂ ਨੂੰ, ਮਾਨਾਂ-ਸਨਮਾਨਾਂ ਨੂੰ, ਪੁਰਸਕਾਰਾਂ ਨੂੰ, ਅਤੇ ਹੋਰ ਕੀਮਤੀ ਚੀਜ਼ਾਂ ਨੂੰ ਇਨਸਾਨੀਅਤ ਨਾਲੋਂ ਜ਼ਿਆਦਾ ਪਿਆਰ ਕਰਦੇ ਜਾ ਰਹੇ ਹਾਂ ਅਤੇ ਇਹ ਪਿਆਰ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਇਸੇ ਕਰਕੇ ਤਾਂ ਕਈ ਹਿੰਦੁਸਤਾਨੀ ਸਨਅਤਕਾਰ ਬਹੁਤ ਹੀ ਥੋੜੇ ਸਮੇਂ ਵਿੱਚ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਗਿਣੇ ਜਾਣ ਲੱਗੇ ਹਨ। ਇਹੋ ਜਿਹਾ ਰੁਤਬਾ ਤਾਂ ਹੀ ਬਹੁਤ ਜਲਦੀ ਪ੍ਰਾਪਤ ਹੋ ਸਕਦਾ ਹੈ ਜੇ ਅਸੀਂ ਆਪਣੇ ਮੁਲਾਜ਼ਮਾਂ ਨੂੰ ਘੱਟ ਤੋਂ ਘੱਟ ਮੁਆਵਜ਼ਾ ਦੇਈਏ, ਚੀਜ਼ਾਂ ਦੀਆਂ ਕੀਮਤਾਂ ਵੱਧ ਤੋਂ ਵੱਧ ਵਸੂਲ ਕਰੀਏ, ਅਤੇ ਜਿੰਨਾਂ ਵੀ ਹੋ ਸਕੇ ਦੂਜਿਆਂ ਦਾ ਹੱਕ ਮਾਰੀਏ।
(4). ਬੇਈਮਾਨੀ ਦੁਨੀਆਂ ਦੇ ਹਰ ਕੋਨੇ ਵਿੱਚ ਵਧ ਰਹੀ ਹੈ ਅਤੇ ਪਿਛਲੇ ਸਾਲ ਵਿੱਚ ਬਹੁਤ ਵਧੀ ਹੈ। ਉੱਤਰੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵਿੱਚ ਵੀ ਬੇਈਮਾਨੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਨ੍ਹਾਂ ਮੁਲਕਾਂ ਵਿੱਚ ਬੇਈਮਾਨੀ ਦੀਆਂ ਘਟਨਾਵਾਂ ਕਿਸੇ ਜ਼ਮਾਨੇ ਵਿੱਚ ਬਹੁਤ ਹੀ ਘੱਟ ਵਾਪਰਦੀਆਂ ਸਨ। ਹੁਣ ਇਹ ਘਟਨਾਵਾਂ ਆਮ ਵਰਤਦੀਆਂ ਹਨ। ਅਮਰੀਕਾ ਵਿੱਚ ਬਰਾਕ ਓਬਾਮਾ ਦੇ ਪ੍ਰਧਾਨ ਬਣਨ ਨਾਲ ਇਸਦੇ ਸੂਬੇ ਇਲੀਨੁਆਏ ਤੋਂ ਉਸਦੀ ਸੈਨੇਟ ਦੀ ਸੀਟ (ਜਿਹੜੀ ਕਿ ਹਿੰਦੁਸਤਾਨ ਵਿੱਚ ਪਾਰਲੀਮੈਂਟ ਦੀ ਸੀਟ ਦੇ ਬਰਾਬਰ ਹੈ) ਖਾਲੀ ਹੋ ਗਈ ਹੈ ਜਿਸ ਵਾਸਤੇ ਆਰਜ਼ੀ ਤੌਰ ਤੇ ਸੂਬੇ ਦਾ ਗਵਰਨਰ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਕਰ ਸਕਦਾ ਹੈ। ਤਿੰਨ-ਚਾਰ ਹਫ਼ਤੇ ਪਹਿਲਾਂ ਹੀ ਇਸ ਸੂਬੇ ਇਲੀਨੁਆਏ ਦਾ ਗਵਰਨਰ ਬਲਾਗੋਵਿਚ ਇਸ ਖਾਲੀ ਹੋਈ ਸੀਟ ਨੂੰ ਡਾਲਰਾਂ ਅਤੇ ਹੋਰ ਫ਼ਾਇਦਿਆਂ ਲਈ ਵੇਚਦਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਸਨੂੰ ਗਵਰਨਰੀ ਤੋਂ ਹਟਾਉਣ ਦੀ ਮੁਹਿੰਮ ਸ਼ੁਰੂ ਹੈ। ਕੁਝ ਸਾਲ ਪਹਿਲਾਂ ਤੱਕ ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਸਨ ਵਾਪਰੀਆਂ। ਦੋ ਕੁ ਮਹੀਨੇ ਪਹਿਲਾਂ ਹੀ ਅਮਰੀਕਾ ਦੇ ਸੂਬੇ ਅਲਾਸਕਾ ਤੋਂ ਬਹੁਤ ਲੰਬੇ ਸਮੇਂ ਤੋਂ ਚੁਣਿਆ ਆ ਰਿਹਾ ਸੈਨੇਟਰ ਟੈੱਡ ਸਟੀਵਨਜ਼ ਰਿਸ਼ਵਤਖੋਰੀ ਦੇ ਜੁਰਮ ਵਿੱਚ ਕਚਹਿਰੀ ਵਲੋਂ ਦੋਸ਼ੀ ਠਹਿਰਾਇਆ ਗਿਆ ਹੈ ਜਿਸ ਲਈ ਸਜ਼ਾ ਉਸਨੂੰ ਛੇਤੀਂ ਹੀ ਹੋਣੀ ਹੈ। ਨਿਊ ਯਾਰਕ ਸੂਬੇ ਦੇ ਗਵਰਨਰ ਸਪਿਟਜ਼ਰ ਨੂੰ ਮਾਰਚ 2008 ਵਿੱਚ ਜ਼ਲੀਲ ਹੋ ਕੇ ਅਸਤੀਫ਼ਾ ਦੇਣਾ ਪਿਆ ਕਿਉਂਕਿ ਉਹ ਆਪ ਓਹੋ ਜਿਹੀਆਂ ਹੀ ਗਲਤ ਗੱਲਾਂ ਕਰ ਰਿਹਾ ਸੀ ਜਿਨ੍ਹਾਂ ਲਈ ਕਈ ਸਾਲਾਂ ਤੋਂ ਉਹ ਹੋਰ ਅਮੀਰ ਅਤੇ ਮਸ਼ਹੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਭੇਜਦਾ ਰਿਹਾ ਸੀ। ਨਿਊ ਯਾਰਕ ਵਿੱਚ ਡੇਢ ਕੁ ਮਹੀਨਾ ਪਹਿਲਾਂ ਬਰਨਾਰਡ ਮੈਡੌਫ 50 ਬਿਲੀਅਨ ਡਾਲਰਾਂ ਦੇ ਘਪਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਲਗਭਗ ਚਾਲੀ ਸਾਲਾਂ ਤੋਂ ਇਹ ਪੌਂਜ਼ੀ ਸਕੀਮ (ਚਾਰਲਸ ਪੌਂਜ਼ੀ ਦੇ ਨਾਂ ਤੇ ਰੱਖਿਆ ਗਿਆ ਨਾਂ) ਚਲਾ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਇਸ ਸਕੀਮ ਅਨੁਸਾਰ, ਪਹਿਲਾਂ ਮੈਡੌਫ ਬੰਤਾ ਸਿੰਘ ਤੋਂ ਪੈਸਾ ਸਟਾਕ ਮਾਰਕੀਟ ਵਿੱਚ ਲਾਉਣ ਲਈ ਲੈਂਦਾ ਸੀ ਪਰ ਇਸ ਵਿੱਚੋਂ ਤਨਖ਼ਾਹਾਂ ਅਤੇ ਹੋਰ ਖਰਚ ਕੱਢ ਕੇ ਬਾਕੀ ਨਾਲ ਉਹ ਆਪ ਐਸ਼ ਕਰਦਾ ਸੀ। ਫਿਰ ਉਹ ਸੰਤਾ ਸਿੰਘ ਤੋਂ ਸਟਾਕ ਮਾਰਕੀਟ ਵਿੱਚ ਲਾਉਣ ਲਈ ਪੈਸੇ ਲੈਂਦਾ ਸੀ ਜਿਸ ਵਿੱਚੋਂ ਉਹ ਬੰਤਾ ਸਿੰਘ ਨੂੰ ਉਸਦੇ ਪੈਸਿਆਂ ਤੇ ਦਸ ਫੀ ਸਦੀ ਨਫ਼ਾ ਦੇ ਦਿੰਦਾ ਸੀ ਅਤੇ ਬਾਕੀ ਪੈਸਿਆਂ ਨਾਲ ਆਪ ਅਤੇ ਆਪਣੇ ਪਰਵਾਰ ਨੂੰ ਐਸ਼ ਕਰਾਉਂਦਾ ਸੀ। ਪਰ ਬੰਤਾ ਸਿੰਘ ਆਮ ਤੌਰ ਤੇ ਉਹ ਦਸ ਫੀ ਸਦੀ ਨਫ਼ਾ ਵੀ ਮੈਡੌਫ ਨੂੰ ਵਾਪਸ ਦੇ ਦਿੰਦਾ ਸੀ। ਫਿਰ ਮੈਡੌਫ ਧੰਤਾ ਸਿੰਘ ਤੋਂ ਸਟਾਕ ਮਾਰਕੀਟ ਵਿੱਚ ਲਾਉਣ ਲਈ ਪੈਸੇ ਲੈ ਲੈਂਦਾ ਸੀ ਜਿਸ ਵਿੱਚੋਂ ਉਹ ਸੰਤਾ ਸਿੰਘ ਅਤੇ ਬੰਤਾ ਸਿੰਘ ਨੂੰ ਉਨ੍ਹਾਂ ਦੇ ਪੈਸਿਆਂ ਤੇ ਲਗਭਗ ਦਸ ਫੀ ਸਦੀ ਨਫ਼ਾ ਦੇ ਦਿੰਦਾ ਸੀ ਅਤੇ ਬਾਕੀ ਐਸ਼ ਲਈ ਵਰਤ ਲੈਂਦਾ ਸੀ। ਇਸ ਤਰ੍ਹਾਂ ਉਹ ਚਾਲੀ ਸਾਲ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ। ਅਖੀਰ ਵਿੱਚ ਉਸਦਾ ਪਾਜ ਖੁੱਲ ਗਿਆ ਅਤੇ ਉਹ ਗ੍ਰਿਫ਼ਤਾਰ ਕਰ ਲਿਆ ਗਿਆ। ਉਸਦੀ ਇਸ ਸਕੀਮ ਨਾਲ ਬਹੁਤ ਸਾਰੇ ਲੋਕ ਜਿਹੜੇ ਇਕ ਦਿਨ ਪਹਿਲਾਂ ਕਰੋੜਪਤੀ ਸਨ, ਦੂਜੇ ਦਿਨ ਭਿਖਾਰੀ ਹੋ ਕੇ ਬਹਿ ਗਏ ਸਨ। ਅਮਰੀਕਾ ਅਤੇ ਹਿੰਦੁਸਤਾਨ ਵਰਗੇ ਮੁਲਕਾਂ ਵਿੱਚ ਫ਼ਰਕ ਇੰਨਾਂ ਹੀ ਹੈ ਕਿ ਅਮਰੀਕਾ ਵਿੱਚ ਜੇ ਜੁਰਮ ਕਰਦਾ ਇਨਸਾਨ ਫੜਿਆ ਜਾਵੇ ਤਾਂ ਉਸਨੂੰ ਕੋਈ ਨਹੀਂ ਬਚਾ ਸਕਦਾ ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ ਤੇ ਲੱਗਿਆ ਹੋਵੇ ਜਾਂ ਜਿੰਨੇ ਵੱਡੇ ਮਰਜ਼ੀ ਇਨਸਾਨ ਦਾ ਧੀ-ਪੁੱਤ ਹੋਵੇ। ਪਰ ਹਿੰਦੁਸਤਾਨ ਵਿੱਚ ਤਾਂ ਲੋਕ ਸਭ ਦੇ ਸਾਹਮਣੇ ਜੁਰਮ ਕਰਦੇ ਹਨ ਪਰ ਉਨ੍ਹਾਂ ਨੂੰ ਕੁਝ ਨਹੀਂ ਹੁੰਦਾ। ਸਾਲ 2008 ਵਿੱਚ ਇਹੋ ਜਿਹੀਆਂ ਵਾਰਦਾਤਾਂ ਸਾਰੇ ਮੁਲਕਾਂ ਵਿੱਚ ਹੀ ਬਹੁਤ ਵਧ ਗਈਆਂ ਹਨ।
(5). ਹਿੰਦੁਸਤਾਨ ਦੀ ਤਰੱਕੀ ਦੇ ਰਾਹ ਵਿੱਚ ਸਭ ਤੋਂ ਵੱਡੀਆਂ ਦੋ ਬਹੁਤ ਖ਼ਤਰਨਾਕ ਔਕੜਾਂ ਹਨ ਅਬਾਦੀ ਦਾ ਲਗਾਤਾਰ ਵਾਧਾ ਅਤੇ ਦਿਨ-ਬ-ਦਿਨ ਰਿਸ਼ਵਤਖੋਰੀ ਅਤੇ ਬੇਈਮਾਨੀ ਦਾ ਵਧਣਾ। ਇਨ੍ਹਾਂ ਗੱਲਾਂ ਵਲ ਹਾਲੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਪਰ ਧਿਆਨ ਦੇਵੇ ਵੀ ਕੌਣ? ਜੇ ਪਹਿਰੇਦਾਰ ਹੀ ਖੁਦ ਚੋਰ ਹੋਣ ਤਾਂ ਕੋਈ ਕੀ ਕਰ ਸਕਦਾ ਹੈ? ਸਾਲ 2008 ਵਿੱਚ ਇਨ੍ਹਾਂ ਦੋਵਾਂ ਗੱਲਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
(6). ਹਿੰਦੁਸਤਾਨ ਵਿੱਚ ਹਰ ਸਾਲ ਵਾਂਗ 2008 ਵਿੱਚ ਵੀ ਅਸੀਂ ਬਨਾਵਟੀ ਦੁੱਧ, ਬਨਾਵਟੀ ਘਿਓ, ਬਨਾਵਟੀ ਖੋਆ, ਅਤੇ ਹੋਰ ਬਹੁਤ ਕੁਝ ਬਨਾਵਟੀ ਬੇਸ਼ਰਮੀ ਦੀ ਹੱਦ ਨੂੰ ਟੱਪ ਕੇ ਪੈਦਾ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹਾਂ।
(7). ਸਾਲ 2008 ਵਿੱਚ ਲੱਖਾਂ ਹੀ ਬੱਚੀਆਂ ਦੀ ਜਨਮ ਲੈਣ ਤੋਂ ਪਹਿਲਾਂ ਹੀ ਹੱਤਿਆ ਕਰ ਦਿੱਤੀ ਗਈ ਹੋਵੇਗੀ। ਅਸਲੀ ਨੰਬਰ ਦਾ ਤਾਂ ਕੋਈ ਵੀ ਕਿਆਸਾ ਨਹੀਂ ਲਾ ਸਕਦਾ। ਅਨੇਕਾਂ ਔਰਤਾਂ ਨੂੰ ਦਾਜ ਨਾ ਲਿਆਉਣ ਦੇ ਕਾਰਨ ਮਾਰ ਦਿੱਤਾ ਗਿਆ ਹੋਵੇਗਾ ਜਿਨ੍ਹਾਂ ਦੀ ਗਿਣਤੀ ਦਾ ਸ਼ਾਇਦ ਕੋਈ ਹਿਸਾਬ ਨਹੀਂ। ਕਈ ਔਰਤਾਂ ਨੇ ਆਪਣੇ ਪਤੀਆਂ ਅਤੇ ਸਹੁਰੇ-ਘਰ ਵਾਲਿਆਂ ਤੇ ਦਾਜ ਦੇ ਗ਼ਲਤ ਇਲਜ਼ਾਮ ਲਾ ਕੇ ਉਨ੍ਹਾਂ ਮਸੂਮਾਂ ਨੂੰ ਜ਼ਲੀਲ ਵੀ ਕੀਤਾ ਹੋਵੇਗਾ।
(8). ਸਾਲ 2008 ਵਿੱਚ ਕਈ ਹਜ਼ਾਰਾਂ ਨੌਜਵਾਨ ਬੱਚੇ ਬੱਚੀਆਂ ਵਿਦੇਸ਼ਾਂ ਦੇ ਅਣਡਿੱਠੇ ਵਾਤਾਵਰਣ ਵਿੱਚ ਧੱਕ ਦਿੱਤੇ ਗਏ ਹਨ ਜਿਹੜੇ ਉਨ੍ਹਾਂ ਮੁਲਕਾਂ ਵਿੱਚ ਆਪਣੇ ਸੁਪਨੇ ਪੂਰੇ ਨਾ ਹੋਣ ਤੇ ਆਪਣੇ ਪਿਆਰਿਆਂ ਨੂੰ ਅਤੇ ਆਪਣੀ ਜਨਮ ਭੂਮੀ ਨੂੰ ਯਾਦ ਕਰ ਕਰ ਕੇ ਅੱਥਰੂ ਵਗਾਉਂਦੇ ਹੋਣਗੇ। ਇਨ੍ਹਾਂ ਬੱਚੇ ਬੱਚੀਆਂ ਨੂੰ ਹਰ ਗ਼ਲਤ ਢੰਗ ਨਾਲ ਬਦੇਸ਼ਾਂ ਵਿੱਚ ਭੇਜਿਆ ਗਿਆ ਹੋਵੇਗਾ ਇਹ ਸੋਚ ਕੇ ਕਿ ਉਨ੍ਹਾਂ ਦੀ ਜ਼ਿੰਦਗੀ ਚੰਗੀ ਬਣੇਗੀ ਅਤੇ ਪਿਛਲੇ ਰਿਸ਼ਤੇਦਾਰ ਵੀ ਉਨ੍ਹਾਂ ਦੀ ਮਦਦ ਨਾਲ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ। ਪਰ ਇਨ੍ਹਾਂ ਭਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਦੇਸ਼ਾਂ ਵਿੱਚ ਜ਼ਿੰਦਗੀ ਸੌਖੀ ਨਹੀਂ ਅਤੇ ਗ਼ਲਤ ਢੰਗਾਂ ਨਾਲ ਇੱਥੇ ਆ ਕੇ ਸਥਾਪਤ ਹੋਣਾ ਹੁਣ ਲਗਭਗ ਅਸੰਭਵ ਹੈ।
(9). ਸਾਲ 2008 ਵਿੱਚ ਮਿੱਸ ਪੂਜਾ ਦਾ ਪੂਦਨਾ ਹੋਰ ਵੀ ਕਰਾਰਾ ਹੋ ਗਿਆ ਲਗਦਾ ਅਤੇ ਲੋਕਾਂ ਨੇ ਬਹੁਤ ਚਸਕਾ ਲੈ ਲੈ ਕੇ ਇਸਨੂੰ ਖਾਧਾ ਹੈ। (ਮਿੱਸ ਪੂਜਾ ਅਤੇ ਪ੍ਰੀਤ ਬਰਾੜ ਦਾ ਗਾਇਆ ਗਾਣਾ: ਤੇਰਾ ਬੜਾ ਕਰਾਰਾ ਪੂਦਨਾ।) ਇਹ ਕਰਾਰਾ ਪੂਦਨਾ ਖਾ ਖਾ ਕੇ ਮੁੰਡਿਆਂ ਨੂੰ ਤਾਂ ਇਸ਼ਕ ਦਾ ਬੁਖ਼ਾਰ ਹੋਈ ਜਾ ਰਿਹਾ! (ਮਿੱਸ ਪੂਜਾ ਅਤੇ ਹਰਮਨ ਸਿੱਧੂ ਦਾ ਗਾਇਆ ਗਾਣਾ: ਇਸ਼ਕੇ ਦਾ ਹੋ ਗਿਆ ਬੁਖ਼ਾਰ ਮੁੰਡਿਆ।) ਪਤਾ ਨਹੀਂ ਇਹ ਪੂਦਨਾ ਹਾਲੇ ਕਿੰਨਾ ਕੁ ਕਰਾਰਾ ਹੋਣਾ ਹੈ ਅਤੇ ਇਸ਼ਕੇ ਦਾ ਬੁਖ਼ਾਰ ਕਿੰਨੀ ਕੁ ਡਿਗਰੀ ਤੇ ਪਹੁੰਚਣਾ ਹੈ ਅਤੇ ਇਸ ਬੁਖ਼ਾਰ ਨੇ ਵਾਪਸ ਮੋੜਾ ਵੀ ਪਾਉਣਾ ਹੈ ਕਿ ਨਹੀਂ! ਬੇਸੁਰੇ ਗਾਇਕ (ਹਾਂ ਜੀ, ਇਹ ਆਪਣੇ ਆਪ ਨੂੰ ਗਾਇਕ ਅਖਵਾਉਂਦੇ ਹਨ) ਪੈਸੇ ਖ਼ਰਚ ਖ਼ਰਚ ਕੇ ਮਿੱਸ ਪੂਜਾ ਨਾਲ ਐਲਬਮਾਂ ਕਢਵਾ ਰਹੇ ਹਨ - ਕੁਝ ਦਿਨਾਂ ਦੀ ਮਸ਼ਹੂਰੀ ਲਈ। ਲਗਦਾ ਕਿ ਇਹੋ ਜਿਹੇ ਗਾਇਕਾਂ ਦੀ ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਅਤੇ ਮਿੱਸ ਪੂਜਾ ਕੋਲ ਇਨ੍ਹਾਂ ਸਾਰਿਆਂ ਲਈ ਸਮਾਂ ਨਹੀਂ। ਵੈਸੇ ਤਾਂ ਮੇਰੀ ਨੀਅਤ ਵੀ ਖ਼ਰਾਬ ਹੋ ਰਹੀ ਹੈ ਅਤੇ ਮੇਰਾ ਵੀ ਜੀਅ ਕਰਦਾ ਮਿੱਸ ਪੂਜਾ ਨਾਲ ਇਕ ਐਲਬਮ ਕਢਾਉਣ ਲਈ! ਸੋਚਦਾਂ ਕਿ ਛੇਤੀਂ ਮਿੱਸ ਪੂਜਾ ਨੂੰ ਇਸਦੀ ਸਾਈ ਭੇਜ ਹੀ ਦਿਆਂ। ਕੰਪਿਊਟਰ ਨੇ ਆਪੇ ਮੇਰੀ ਅਵਾਜ਼ ਠੀਕ ਕਰ ਲੈਣੀ ਹੈ।
(10). ਪੰਜਾਬ ਵਿੱਚ ਸਾਲ 2008 ਵਿੱਚ ਨਵੇਂ ਜੰਮੇ ਬੱਚਿਆਂ ਵਿੱਚੋਂ 25 ਫ਼ੀ ਸਦੀ ਨੇ ਤਾਂ ਜੰਮਦਿਆਂ ਨੇ ਹੀ ਮਾਂ-ਪਿਓ ਨੂੰ ਆਖ ਦਿੱਤਾ ਹੈ ਕਿ ਉਨ੍ਹਾਂ ਨੇ ਗਾਇਕ ਬਣਨਾ ਹੈ। ਹੋਰ 25 ਫ਼ੀ ਸਦੀ ਨੇ ਕਿਹਾ ਹੈ ਕਿ ਮਾਂ ਪਿਓ ਹੁਣ ਤੋਂ ਹੀ ਉਨ੍ਹਾਂ ਨੂੰ ਅਮਰੀਕਾ, ਕਨੇਡਾ, ਆਸਟਰੇਲੀਆ ਆਦਿ ਭੇਜਣ ਦੀ ਤਿਆਰੀ ਸ਼ੁਰੂ ਕਰ ਦੇਣ। ਬਾਕੀਆਂ ਵਿੱਚੋਂ 25 ਫ਼ੀ ਸਦੀ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਲੀਡਰ ਬਣ ਕੇ ਜਾਂ ਅੱਛੀਆਂ ਨੌਕਰੀਆਂ ਲੈ ਕੇ ਪੈਸਿਆਂ ਨਾਲ ਸੰਦੂਕ ਭਰਨੇ ਹਨ। ਬਾਕੀ 25 ਫ਼ੀ ਸਦੀ ਵਿਚਾਰੇ ਹਾਲੇ ਕੁਝ ਵੀ ਫੈਸਲਾ ਨਹੀਂ ਕਰ ਸਕੇ।
(11). ਪਹਿਲਾਂ ਤਾਂ ਮੇਰੇ ਵਰਗੇ ਇਨਸਾਨ ਸਹਿਜ ਧਾਰੀ ਸਿੱਖ ਸਨ। ਪਰ ਸਾਲ 2008 ਤੋਂ ਅਸੀਂ ਪਤਿਤ ਸਿੱਖ ਬਣ ਗਏ ਹਾਂ। ਪਰ ਬਦਕਿਸਮਤੀ ਇਹ ਹੈ ਕਿ ਅਸੀਂ ਤਾਂ ਪਤਿਤ ਹਾਂ ਪਰ ਜੋ ਪੈਸਾ ਅਸੀਂ ਧਾਰਮਿਕ ਅਸਥਾਨਾਂ ਨੂੰ ਦਿੰਦੇ ਹਾਂ ਉਹ ਪਤਿਤ ਨਹੀਂ। ਕਾਸ਼ ਉਹ ਪੈਸਾ ਵੀ ਪਤਿਤ ਸਮਝਿਆ ਜਾਵੇ ਅਤੇ ਧਾਰਮਿਕ ਲੀਡਰ ਪਤਿਤ ਲੋਕਾਂ ਤੋਂ ਪਤਿਤ ਪੈਸਾ ਲੈਣਾ ਵੀ ਠੀਕ ਨਾ ਸਮਝਣ।
(12). ਸਾਲ 2008 ਵਿੱਚ ਸਾਰੇ ਸੰਸਾਰ ਵਿੱਚ ਆਇਆ ਆਰਥਿਕ ਸੰਕਟ ਸ਼ਾਇਦ ਇਸ ਸਾਲ ਦੀ ਸਭ ਤੋਂ ਵੱਡੀ ਦੁਰਘਟਨਾ ਹੈ। ਇਹ ਸੰਕਟ ਸਾਰੀ ਦੁਨੀਆਂ ਵਿੱਚ ਵਾਪਰਿਆ ਹੈ ਅਤੇ ਹਾਲੇ ਵੀ ਵਾਪਰ ਰਿਹਾ ਹੈ। ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਹਨ ਅਤੇ ਲੱਖਾਂ ਲੋਕਾਂ ਨੂੰ ਬੇਹੱਦ ਨੁਕਸਾਨ ਪਹੁੰਚਾ ਹੈ। ਇਸ ਸੰਕਟ ਪਿਛਲਾ ਮੁੱਖ ਕਾਰਨ ਸਿਰਫ਼ ਲਾਲਚ ਅਤੇ ਬੇਈਮਾਨੀ ਹੈ। ਕੁਝ ਇਕ ਲੋਕਾਂ ਨੇ ਬੇਈਮਾਨੀ ਅਤੇ ਹੇਰਾ-ਫੇਰੀ ਨਾਲ ਆਪਣੇ ਘਰ ਭਰਨ ਲਈ ਇਸ ਸੰਕਟ ਨੂੰ ਲਿਆਂਦਾ ਹੈ। ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਚਲ ਰਹੀਆਂ ਜੰਗਾਂ ਨੇ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
(13). ਸਾਲ 2008 ਵਿੱਚ ਜੇ ਕੋਈ ਚੰਗੀ ਗੱਲ ਵਾਪਰੀ ਹੈ ਤਾਂ ਉਹ ਹੈ ਬਰਾਕ ਓਬਾਮਾ ਦਾ ਅਮਰੀਕਾ ਦਾ ਪ੍ਰਧਾਨ ਚੁਣਿਆ ਜਾਣਾ। ਓਬਾਮਾ ਦੇ ਚੁਣੇ ਜਾਣ ਨਾਲ ਕੁਝ ਆਸ ਬੱਝੀ ਹੈ ਕਿ ਹਾਲਤ ਕੁਝ ਸੁਧਰਨਗੇ ਅਤੇ ਕੋਈ ਦੁਨੀਆਂ ਨੂੰ ਅਗਵਾਈ ਦੇਣ ਵਾਲਾ ਸਹੀ ਇਨਸਾਨ ਅੱਗੇ ਆਵੇਗਾ। ਬੁਸ਼ ਅਤੇ ਚੇਨੀ ਵਰਗੇ ਭੈੜੇ ਲੀਡਰਾਂ ਦਾ ਰਾਜ ਖ਼ਤਮ ਹੋਣ ਦੀ ਬੇਹੱਦ ਖੁਸ਼ੀ ਹੈ। ਜੇ ਕਿਤੇ ਅੱਠ ਸਾਲ ਪਹਿਲਾਂ ਅਮਰੀਕਾ ਦੀ ਸੁਪਰੀਮ ਕੋਰਟ ਐਲ ਗੋਰ ਦੀ ਥਾਂ ਜਾਰਜ ਬੁਸ਼ ਨੂੰ ਪ੍ਰਧਾਨਗੀ ਨਾ ਦਿੰਦੀ ਤਾਂ ਸ਼ਾਇਦ ਦੁਨੀਆਂ ਦਾ ਇਤਿਹਾਸ ਵਧੀਆ ਅਤੇ ਵੱਖਰਾ ਹੁੰਦਾ। ਪਰ ਬੀਤ ਗਏ ਨੂੰ ਕੌਣ ਬਦਲ ਸਕਦਾ ਹੈ? |