ਅਪ੍ਰੈਲ-ਮਾਰਚ 2009: ਰੱਬ ਦੀ ਹੋਂਦ ਜਾਂ ਅਣਹੋਂਦ!

         

                                                      

               

ਇਸ ਪੰਨੇ ਤੇ ਛਪੇ ਲੇਖਕ:

     

ਸਾਧੂ ਬਿਨਿੰਗ, ਪ੍ਰੇਮ ਮਾਨ, ਬਰਜਿੰਦਰ ਕੌਰ ਢਿੱਲੋਂ, ਰਣਜੀਤ ਸਿੰਘ (ਲੁਧਿਆਣਾ), ਸਾਧੂ ਬਿਨਿੰਗ,

ਕੁਲਦੀਪ ਸਿੰਘ ਬਾਸੀ, ਜਸਵਿੰਦਰ ਸੰਧੂ, ਮਹਿੰਦਰ ਭਟਨਾਗਰ, ਸਾਧੂ ਬਿਨਿੰਗ, ਡਾ. ਰਣਜੀਤ ਕੌਰ ਗਰੋਵਰ,

ਸਾਧੂ ਬਿਨਿੰਗ, ਗੁਰਦੇਵ ਸਿੰਘ ਘਣਗਸ, ਸਾਧੂ ਬਿਨਿੰਗ

          

 
                                     
              
 ਮਾਰਚ 7, 2009  

        

ਇਸ ਮਹੀਨੇ ਦੇ ਲੇਖ ਦੇ ਤਿੰਨ ਹਿੱਸੇ ਹਨ। ਪਹਿਲੇ ਹਿੱਸੇ ਵਿੱਚ ਉਹ ਸੁਨੇਹਾ ਹੈ ਜੋ ਸਾਲ 2009 ਵਾਸਤੇ ਮੈਂ ਆਪਣੇ ਵਲੋਂ ਬਹੁਤ ਸਾਰੇ ਪਾਠਕਾਂ, ਲੇਖਕਾਂ, ਦੋਸਤਾਂ, ਅਤੇ ਸਮਰਥਕਾਂ ਨੂੰ ਸ਼ੁਭ ਇੱਛਾਵਾਂ ਵਜੋਂ ਮੇਲ ਰਾਹੀਂ ਭੇਜਿਆ ਸੀ ਅਤੇ ਇਸ ਵੈਬ ਸਾਈਟ ਤੇ ਵੀ ਲਾਇਆ ਸੀ। ਇਸ ਸੁਨੇਹੇ ਨਾਲ ਮੈਂ ਡਾ. ਗੁਰਦੇਵ ਘਣਗਸ ਜੀ ਵਲੋਂ ਮੈਨੂੰ ਭੇਜੀ ਗਈ ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾ "ਅਰਦਾਸ" ਵੀ ਲਾਈ ਸੀ। ਇਸ ਸੁਨੇਹੇ ਦੇ ਜਵਾਬ ਵਿੱਚ ਪੰਜਾਬੀ ਦੇ ਜਾਣੇ ਪਛਾਣੇ ਲੇਖਕ ਸਾਧੂ ਬਿਨਿੰਗ ਜੀ ਨੇ ਮੈਨੂੰ ਇਕ ਖ਼ਤ ਈ-ਮੇਲ ਰਾਹੀਂ ਭੇਜਿਆ ਸੀ ਜੋ ਇੱਥੇ ਉਨ੍ਹਾਂ ਦੀ ਇਜਾਜ਼ਤ ਦੇ ਨਾਲ ਦੂਜੇ ਹਿੱਸੇ ਵਿੱਚ ਲਾਇਆ ਗਿਆ ਹੈ। ਇਸ ਖ਼ਤ ਵਿੱਚ ਉਨ੍ਹਾਂ ਨੇ ਮੈਨੂੰ ਧਰਮ ਅਤੇ ਰੱਬ ਬਾਰੇ ਕੁਝ ਨਿੱਜੀ ਸਵਾਲ ਪੁੱਛੇ ਸਨ। ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਉਨ੍ਹਾਂ ਨੂੰ ਈ-ਮੇਲ ਰਾਹੀਂ ਭੇਜਣ ਦੀ ਥਾਂ (ਉਨ੍ਹਾਂ ਦੀ ਇਜਾਜ਼ਤ ਨਾਲ) ਇਸ ਮਹੀਨੇ ਦੇ ਬਲਾਗ ਵਜੋਂ ਲਾਉਣੇ ਜ਼ਿਆਦਾ ਮੁਨਾਸਬ ਸਮਝੇ ਹਨ ਤਾਂ ਜੋ ਹੋਰ ਦੋਸਤ ਵੀ ਇਸ ਗੱਲ-ਬਾਤ ਵਿੱਚ ਹਿੱਸਾ ਲੈ ਸਕਣ। ਸਾਧੂ ਬਿਨਿੰਗ ਜੀ ਦੇ ਇਸ ਖ਼ਤ ਵਿੱਚ ਉਠਾਏ ਗਏ ਸਵਾਲਾਂ ਦੇ ਜਵਾਬ ਲਿਖ ਕੇ ਮੈਂ ਆਪਣਾ ਲੇਖ ਤੀਜੇ ਹਿੱਸੇ ਵਿੱਚ ਲਾਇਆ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਧੂ ਬਿਨਿੰਗ ਜੀ ਦੇ ਸਾਰੇ ਸਵਾਲਾਂ ਦੇ ਜਵਾਬ ਲਿਖ ਸਕਾਂ। ਮੈਂ ਸਾਧੂ ਬਿਨਿੰਗ ਜੀ ਦਾ ਇਸ ਬਲਾਗ ਬਾਰੇ ਆਖੇ ਬਹੁਤ ਸਾਰੇ ਵਧੀਆ ਸ਼ਬਦਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਵਲੋਂ ਉਠਾਏ ਗਏ ਸਵਾਲਾਂ ਲਈ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਸ ਕਾਰਨ ਇਸ ਵਿਸ਼ੇ ਬਾਰੇ ਮੈਂ ਆਪਣੇ ਵਿਚਾਰ ਲਿਖ ਸਕਿਆ ਹਾਂ।

 

(1).   ਅਦਾਰਾ  www.panjabiblog.org  ਵਲੋਂ ਦੋਸਤਾਂ, ਸਾਹਿਤਕ ਪ੍ਰੇਮੀਆਂ, ਸੁਹਿਰਦ ਪਾਠਕਾਂ, ਲੇਖਕਾਂ, ਸਮਰਥਕਾਂ, ਅਤੇ ਸ਼ੁਭ ਚਿੰਤਕਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਵਾਹਿਗੁਰੂ (ਜਾਂ ਜਿਸ ਨਾਂ ਵਿੱਚ ਵੀ ਤੁਸੀਂ ਵਿਸ਼ਵਾਸ਼ ਰੱਖਦੇ ਹੋ) ਸਭ ਨੂੰ 2009 ਦਾ ਸਾਲ ਖੁਸ਼ੀ, ਤੰਦਰੁਸਤੀ, ਅਤੇ ਪ੍ਰਫੁੱਲਤਾ ਵਾਲਾ ਬਖਸ਼ੇ! ਸੰਸਾਰ ਦੇ ਹਰ ਕੋਨੇ ਵਿੱਚ ਸ਼ਾਂਤੀ ਦਾ ਪਸਾਰਾ ਹੋਵੇ। ਆਓ ਆਪਾਂ ਸਾਰੇ ਰਲ ਕੇ ਲਿਤਾੜੇ, ਨਿਮਾਣੇ, ਨਿਤਾਣੇ, ਅਤੇ ਲੋੜਵੰਦ ਇਨਸਾਨਾਂ ਦੀ ਜੋ ਵੀ ਹੋ ਸਕੇ ਮੱਦਦ ਕਰਨ ਦਾ ਪ੍ਰਣ ਕਰੀਏ ਅਤੇ ਇਸ ਪ੍ਰਣ ਨੂੰ ਆਪਣੀ ਆਪਣੀ ਸਮਰੱਥਾ ਅਨੁਸਾਰ ਅਸਲੀਅਤ ਦਾ ਜਾਮਾਂ ਵੀ ਪਹਿਨਾਈਏ।

ਸ਼ੁਭ ਚਿੰਤਕ,

-ਪ੍ਰੇਮ

 

(2).  

                             ਬਰਨਬੀ

                             ਜਨਵਰੀ 9, 2009

ਸਤਿਕਾਰਯੋਗ ਪ੍ਰੇਮ ਮਾਨ ਜੀ,

ਤੁਹਾਡੇ ਵਲੋਂ ਨਵੇਂ ਸਾਲ ਦੀਆਂ ਸ਼ੁੱਭ ਇਛਾਵਾਂ ਦੇ ਬਹੁਤ ਹੀ ਨਿੱਘੇ ਤੇ ਅਪਣੱਤ ਭਰੇ ਸੁਨੇਹੇ ਆਏ। ਸ਼ੁਕਰੀਆ। ਤੁਹਾਨੂੰ ਵੀ ਨਵੇਂ ਸਾਲ ਲਈ ਸ਼ੁੱਭ ਇਸ਼ਾਵਾਂ।

ਤੁਹਾਡੀ ਪਿਛਲੀ ਵੈਨਕੂਵਰ ਫੇਰੀ ਸਮੇਂ ਆਪਣੀ ਮੁਲਾਕਾਤ ਨਹੀਂ ਹੋ ਸਕੀ, ਉਮੀਦ ਹੈ ਅਗਲੀ ਵਾਰੀ ਜਦੋਂ ਤੁਸੀਂ ਏਧਰ ਆਵੋ ਤਾਂ ਜ਼ਰੂਰ ਮਿਲਾਂਗੇ।

ਪਿਛਲੇ ਕੁਝ ਸਮੇਂ ਤੋਂ ਤੁਸੀਂ ਆਪਣੇ ਬਲੌਗ ਰਾਹੀਂ ਕਈ ਅਸਲੋਂ ਹੀ ਨਿਵੇਕਲੇ (ਪੰਜਾਬੀ ਵਿਚ) ਵਿਸ਼ੇ ਛੋਹੇ ਹਨ ਅਤੇ ਉਨ੍ਹਾਂ ਬਾਰੇ ਬੜੀਆਂ ਨਵੀਆਂ ਤੇ ਵਧੀਆ ਗੱਲਾਂ ਕੀਤੀਆਂ ਹਨ। ਇਕ ਸਿਆਣੇ ਅਧਿਆਪਕ, ਚਿੰਤਕ, ਅਰਥ ਵਿਗਿਆਨੀ ਤੇ ਸਮਾਜ ਨਾਲ ਰਾਵਤਾ ਰੱਖਣ ਵਾਲੇ ਜ਼ਿੰਮੇਵਾਰ ਬੁੱਧੀਜੀਵੀ ਦੇ ਫਰਜ਼ਾਂ ਨੂੰ ਸਹੀ ਰੌਸ਼ਨੀ ਵਿਚ ਸਮਝਣ ਤੇ ਉਨ੍ਹਾਂ 'ਤੇ ਤੁਰਨ ਕਰਕੇ ਮੇਰੇ ਮਨ ਵਿਚ ਤੁਹਾਡੇ ਲਈ ਸਤਿਕਾਰ ਪੈਦਾ ਹੋਇਆ ਹੈ।

ਇਹ ਖੱਤ ਮੈਂ ਤੁਹਾਡੇ ਕੋਲੋਂ ਇਕ ਬਹੁਤ ਹੀ ਜਾਤੀ ਕਿਸਮ ਦਾ ਸਵਾਲ ਪੁੱਛਣ ਲਈ ਲਿਖ ਰਿਹਾ ਹਾਂ। ਜੇ ਤੁਸੀਂ ਇਸ ਦਾ ਜਵਾਬ ਨਾ ਦੇਣਾ ਚਾਹੋ ਜਾਂ ਇਸ ਕਿਸਮ ਦੀ 'ਫਾਲਤੂ' ਬਹਿਸ ਵਿਚ ਨਾ ਪੈਣਾ ਚਾਹੋ ਤਾਂ ਮੈਨੂੰ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ ਹੋਵੇਗਾ। ਜੇ ਤੁਸੀਂ ਮੈਨੂੰ ਸਖਤ ਲਹਿਜੇ ਵਿਚ ਵੀ ਜਵਾਬ ਦੇਵੋ ਕਿ - 'ਭਲਿਆ ਮਾਣਸਾ ਤੂੰ ਆਪਣਾ ਕੰਮ ਕਰ, ਇਹ ਮੇਰਾ ਆਪਣਾ ਮਾਮਲਾ ਹੈ' - ਤਾਂ ਵੀ ਮੈਂ ਇਸ ਨੂੰ ਤੁਹਾਡਾ ਪੂਰਾ ਪੂਰਾ ਸਹੀ ਹੱਕ ਸਮਝਾਂਗਾ। ਪਰ ਇਸ ਦੇ ਉਲਟ ਜੇ ਤੁਸੀਂ ਇਸ ਬਾਰੇ ਗੱਲਬਾਤ ਕਰਨ ਲਈ ਰਾਜੀ ਹੋਵੋ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ, ਕਿਉਂਕਿ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਤੁਹਾਡੇ ਪਾਸੋਂ ਬਹੁਤ ਕੁਝ ਨਵਾਂ ਸਿੱਖ ਸਕਾਂਗਾ।

ਮੇਰਾ ਸਵਾਲ ਹੈ ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ। ਤੁਹਾਡੇ ਨਵੇਂ ਸਾਲ ਦੇ ਸੁਨੇਹਿਆਂ ਵਿਚ ਵੀ ਤੇ ਨਾਲ ਲਾਈ ਅਰਦਾਸ ਨਾਂ ਦੀ ਕਵਿਤਾ ਤੋਂ ਵੀ ਇਹ ਪ੍ਰਭਾਵ ਪੈਂਦਾ ਹੈ ਕਿ ਤੁਹਾਡਾ ਵਾਹਿਗੂਰੂ, ਜਾਂ ਤੁਹਾਡੇ ਕਹਿਣ ਅਨੁਸਾਰ ਜੋ ਵੀ ਨਾਂ ਹੋਵੇ, ਵਿਚ ਵਿਸ਼ਵਾਸ ਹੈ। ਕੀ ਇਸ ਵਿਸ਼ਵਾਸ ਦਾ ਅਧਾਰ ਮਾਪਿਆਂ ਅਤੇ ਸਮਾਜ ਵਲੋਂ ਰੱਬ ਦੇ ਸੰਕਲਪ ਬਾਰੇ ਮਿਲੀ ਸਿੱਖਿਆ ਹੈ ਜੋ ਅਚੇਤਨ ਹੀ ਸਾਡੇ ਮਨਾਂ ਵਿਚ ਬੈਠੀ ਹੋਈ ਹੈ ਜਾਂ ਤੁਸੀਂ ਖੁਦ ਇਸ ਬਾਰੇ ਚੇਤਨ ਤੌਰ 'ਤੇ ਪੜ੍ਹ ਲਿਖ ਕੇ ਇਸ ਸਿੱਟੇ 'ਤੇ ਪਹੁੰਚੇ ਹੋ ਕਿ ਰੱਬ ਨਾਂ ਦੀ ਕੋਈ ਸ਼ਕਤੀ ਹੈ ਜਿਹੜੀ ਸਾਡੀ ਅਰਦਾਸ ਸੁਣ ਕੇ ਸਾਡੀ ਮਦਦ ਕਰ ਸਕਦੀ ਹੈ ਅਤੇ ਕਰਦੀ ਹੈ?

ਤੁਸੀਂ ਪੱਛਮ ਦੀਆਂ ਯੁਨੀਵਰਸਿਟੀਆਂ ਵਿਚ ਪੜ੍ਹੇ ਤੇ ਪੜ੍ਹਾਉਂਦੇ ਇਕ ਸਮਾਜ ਵਿਗਿਆਨੀ ਹੋ, ਦਸ ਬਾਰ੍ਹਾਂ ਘੰਟੇ ਸਖਤ ਜਿਸਮਾਨੀ ਕੰਮ ਕਰ ਕੇ, ਕਿਸੇ ਨਾ ਕਿਸੇ ਕਿਸਮ ਦੇ ਨਸ਼ੇ ਦੀ ਮਦਦ ਲੈ ਕੇ ਸੌਂ ਜਾਣ ਵਾਲੇ ਆਮ ਪੰਜਾਬੀ ਵਿਅਕਤੀ ਨਹੀਂ। ਤੁਸੀਂ ਸਮਾਜ ਬਾਰੇ ਸੋਚਦੇ ਹੋ ਅਤੇ ਉਹਨੂੰ ਹੋਰ ਵੀ ਵਧੀਆ ਬਣਾਉਣ ਦੇ ਉਪਰਾਲੇ ਵਜੋਂ ਲਿਖਦੇ ਹੋ। ਇਸ ਕਰਕੇ ਮੈਂ ਤੁਹਾਡੇ ਕੋਲੋਂ ਇਹ ਆਸ ਕਰ ਸਕਦਾ ਹਾਂ ਕਿ ਰੱਬ ਦੀ ਹੋਂਦ ਬਾਰੇ ਤੁਹਾਡਾ ਨਜ਼ਰੀਆ ਜ਼ਰੂਰ ਸੋਚਿਆ ਸਮਝਿਆ ਹੋਵੇਗਾ। ਆਪਾਂ ਨੂੰ ਪਤਾ ਹੈ ਕਿ ਜਿੱਥੇ ਹਿੰਦੋਸਤਾਨ ਵਿਚ ਪੁਰਾਤਨ ਸਮਿਆਂ ਦੌਰਾਨ ਬਹੁਤ ਸਾਰੇ ਧਰਮਾਂ ਨੇ ਜਨਮ ਲਿਆ ਉੱਥੇ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਰੁਝਾਨ ਵੀ ਪੁਰਾਤਨ ਸਮਿਆਂ ਤੋਂ ਹੀ ਚਲਿਆ ਆ ਰਿਹਾ ਹੈ। ਪੁਰਾਣੇ ਸਮੇਂ ਵਿਚ ਵੇਦਾਂ ਨੂੰ ਮੰਨਣ ਵਾਲੇ ਨੂੰ ਆਸਤਿਕ ਕਹਿੰਦੇ ਸਨ ਤੇ ਨਾ ਮੰਨਣ ਵਾਲੇ ਨੂੰ ਨਾਸਤਿਕ। ਬਾਅਦ ਵਿਚ ਨਾਸਤਿਕ ਸ਼ਬਦ ਰੱਬ ਦੀ ਹੋਂਦ ਦੋਂ ਇਨਕਾਰੀਆਂ ਲਈ ਵਰਤਿਆ ਜਾਣ ਲੱਗਾ। ਹੁਣ ਵੀ ਹਿੰਦੋਸਤਾਨ ਵਿਚ ਬਹੁਤ ਲੋਕ ਹਨ ਜੋ ਰੱਬ ਦੀ ਹੋਂਦ ਤੋਂ ਮੁਨਕਰ ਹਨ ਅਤੇ ਧਰਮ ਦੇ ਸਮਾਜੀ ਨੁਕਸਾਨਾਂ ਤੋਂ ਪੂਰੀ ਤਰ੍ਹਾਂ ਚੇਤਨ ਤੇ ਚਿੰਤਤ ਹਨ। ਪੰਜਾਬੀ ਵਿਚ ਸ਼ਹੀਦ ਭਗਤ ਸਿੰਘ ਦਾ ਲੇਖ 'ਮੈਂ ਨਾਸਤਿਕ ਕਿਉਂ ਹਾਂ' ਇਸ ਦੀ ਸਭ ਤੋਂ ਵੱਧ ਢੁੱਕਵੀਂ ਉਦਾਹਰਨ ਹੈ। ਇਹ ਲੇਖ ਇੰਟਰਨੈੱਟ ਉੱਪਰ ਵੀ ਅੰਗਰੇਜ਼ੀ ਅਤੇ ਪੰਜਾਬੀ ਵਿਚ ਪੜ੍ਹਨੇ ਨੂੰ ਮਿਲ ਜਾਂਦਾ ਹੈ। ਤੁਸੀਂ ਵੀ ਜ਼ਰੂਰ ਇਸ ਤੋਂ ਵਾਕਿਫ ਹੋਵੋਗੇ।

ਸੋ ਮੈਂ ਆਪਣਾ ਸਵਾਲ ਦੁਹਰਾ ਦਿੰਦਾ ਹਾਂ: ਕੀ ਰੱਬ ਵਿਚ ਤੁਹਾਡਾ ਵਿਸ਼ਵਾਸ ਪੂਰਨ ਤੌਰ 'ਤੇ ਸੋਚ ਸਮਝ 'ਤੇ ਅਧਾਰਤ ਹੈ? ਕੀ ਤੁਸੀਂ ਰੱਬ ਨਾਲ ਜੁੜੇ ਧਰਮ ਦੇ ਸਦੀਆਂ ਤੋਂ ਸਮਾਜ ਵਿਚ ਪਏ ਅਸਰਾਂ ਤੋਂ ਵਾਕਿਫ ਹੋ ਅਤੇ ਸਮਝਦੇ ਹੋ ਕਿ ਬੰਦੇ ਲਈ, ਸਮਾਜ ਲਈ ਧਰਮ ਚੰਗੀ ਚੀਜ਼ ਹੈ ਕਿਉਂਕਿ ਇਹ ਸਾਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਰਾਹ ਦਸਦਾ ਹੈ?

ਰੱਬ ਤੇ ਧਰਮ ਨਾਲ ਜੁੜੇ ਹੋਰ ਵੀ ਅਨੇਕਾਂ ਸਵਾਲ ਹਨ ਜੋ ਵਿਚਾਰੇ ਜਾਣੇ ਚਾਹੀਦੇ ਹਨ। ਪਰ ਹਾਲ ਦੀ ਘੜੀ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦਾ ਹਾਂ।

ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਜੇ ਤੁਸੀਂ ਇਸ ਬਾਰੇ ਗੱਲਬਾਤ ਨਾ ਕਰਨੀ ਚਾਹੋ ਤਾਂ ਮੈਂ ਇਸ ਦਾ ਬੁਰਾ ਨਹੀਂ ਮਨਾਵਾਂਗਾ। ਆਸ ਕਰਦਾ ਹਾਂ ਕਿ ਤੁਸੀਂ ਮੇਰੀ ਇਸ ਗੁਸਤਾਖੀ ਨੂੰ ਇਕ ਵਿਦਿਆਰਥੀ ਦੇ ਸਵਾਲ ਵਾਂਗ ਹੀ ਲਵੋਗੇ।

ਮਾਣ ਤੇ ਸਤਿਕਾਰ ਨਾਲ

ਸਾਧੂ ਬਿਨਿੰਗ

 

(3)[

ਰੱਬ ਦੀ ਹੋਂਦ ਜਾਂ ਅਣਹੋਂਦ!

       -ਪ੍ਰੇਮ ਮਾਨ

ਕੀ ਮੈਂ ਆਸਤਕ ਹਾਂ ਜਾਂ ਨਾਸਤਕ? ਅਸਲ ਵਿੱਚ ਮੈਨੂੰ ਰੱਬ ਦੀ ਹੋਂਦ ਤੇ ਇੰਨਾ ਯਕੀਨ ਵੀ ਨਹੀਂ ਕਿ ਮੈਂ ਆਪਣੇ ਆਪ ਨੂੰ ਪੂਰਾ ਆਸਤਕ ਕਹਿ ਸਕਾਂ। ਦੂਜੇ ਪਾਸੇ ਮੇਰੇ ਵਿੱਚ ਆਪਣੇ ਆਪ ਨੂੰ ਪੂਰਾ ਨਾਸਤਕ ਕਹਿਣ ਦਾ ਹੌਸਲਾ ਵੀ ਨਹੀਂ। ਰੱਬ ਦੀ ਹੋਂਦ ਬਾਰੇ ਮੈਂ ਆਪਣਾ ਦ੍ਰਿਸ਼ਟੀਕੋਣ ਹੇਠਾਂ ਪੇਸ਼ ਕਰਦਾ ਹਾਂ।  ਰੱਬ ਕੀ ਹੈ? ਇਹ ਇਕ ਬਹੁਤ ਹੀ ਪਚੀਡਾ ਸਵਾਲ ਹੈ। ਪ੍ਰੋਫੈਸਰ ਮੋਹਨ ਸਿੰਘ ਦੇ ਕਹਿਣ ਅਨੁਸਾਰ ''ਰੱਬ ਇਕ ਗੁੰਝਲਦਾਰ ਬੁਝਾਰਤ ਰੱਬ ਇਕ ਗੋਰਖ ਧੰਦਾ, ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫ਼ਰ ਹੋ ਜਾਏ ਬੰਦਾ૴।" ਸੱਚਮੁੱਚ ਹੀ ਰੱਬ ਬਾਰੇ ਗੱਲ ਕਰਨੀ ਸੌਖੀ ਨਹੀਂ। ਵੈਸੇ ਮੇਰੀ ਆਦਤ ਵੀ ਹੈ ਕਿ ਮੈਂ ਧਰਮ ਅਤੇ ਸਿਆਸਤ ਤੇ ਬਹਿਸ ਕਰਕੇ ਬਹੁਤਾ ਰਾਜ਼ੀ ਨਹੀਂ ਕਿਉਂਕਿ ਰੱਬ ਵਿੱਚ ਯਕੀਨ ਰੱਖਣਾ ਜਾਂ ਨਾ ਰੱਖਣਾ ਇਕ ਨਿੱਜੀ ਫੈਸਲਾ ਹੈ ਅਤੇ ਸਿਆਸਤ ਦਾ ਵਿਸ਼ਾ ਵੈਸੇ ਹੀ ਗੰਦਾ ਅਤੇ ਗੁੰਝਲਦਾਰ ਹੈ। ਦੋਹਾਂ ਗੱਲਾਂ ਵਿੱਚ ਆਮ ਤੌਰ ਤੇ ਲੋਕਾਂ ਦੇ ਵਿਚਾਰ ਬਹੁਤ ਹੀ ਠੋਸ ਅਤੇ ਕੱਟੜ ਹੁੰਦੇ ਹਨ ਅਤੇ ਜਦੋਂ ਵਿਚਾਰ ਠੋਸ ਅਤੇ ਕੱਟੜ ਹੋਣ ਤਾਂ ਬਹਿਸ ਕਰਨ ਦਾ ਬਹੁਤਾ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਕੋਈ ਵੀ ਇਨਸਾਨ ਉਸ ਅਸਥਾਨ ਜਾਂ ਵਿਚਾਰਧਾਰਾ ਤੋਂ ਨਹੀਂ ਹਿੱਲਦਾ ਜਿੱਥੇ ਉਹ ਪੈਰ ਜਮਾ ਕੇ ਖੜਾ ਹੋਵੇ। ਪਰ ਕਿਉਂਕਿ ਸਾਧੂ ਬਿਨਿੰਗ ਜੀ ਨੇ ਮੈਨੂੰ ਪੁੱਛਿਆ ਹੈ, ਇਸ ਕਰ ਕੇ ਮੈਂ ਇਸ ਵਿਸ਼ੇ ਤੇ ਕੁਝ ਕਹਿਣ ਦਾ ਹੌਸਲਾ ਕਰ ਲਿਆ ਹੈ।  ਮੰਨ ਲਓ ਤੁਸੀਂ ਜੰਗਲ ਦੇ ਬਾਹਰ ਦੋ ਇਨਸਾਨਾਂ ਨਾਲ ਖੜੇ ਹੋ ਜਿਨ੍ਹਾਂ ਵਿੱਚੋਂ ਇਕ ਇਨਸਾਨ ਕਹਿ ਰਿਹਾ ਹੈ ਕਿ ਇਸ ਜੰਗਲ ਵਿੱਚ ਸ਼ੇਰ ਰਹਿੰਦਾ ਹੈ ਅਤੇ ਦੂਸਰਾ ਇਨਸਾਨ ਕਹਿ ਰਿਹਾ ਹੈ ਕਿ ਇਸ ਜੰਗਲ ਵਿੱਚ ਕੋਈ ਵੀ ਸ਼ੇਰ ਨਹੀਂ ਰਹਿੰਦਾ। ਜੇ ਦੋਵੇਂ ਇਨਸਾਨ ਆਪਣੇ ਵਿਚਾਰਾਂ ਨੂੰ ਸੱਚਾ ਸਾਬਤ ਕਰਨ ਲਈ ਕੋਈ ਵੀ ਸਬੂਤ ਪੇਸ਼ ਨਾ ਕਰ ਸਕਣ ਤਾਂ ਤੁਸੀਂ ਕਿਸ ਇਨਸਾਨ ਦਾ ਇਤਬਾਰ ਕਰੋਗੇ ਅਤੇ ਕਿਸ ਦੀ ਗੱਲ ਮੰਨੋਗੇ? ਇਕ ਹੋਰ ਉਦਾਹਰਣ - ਮੰਨ ਲਓ ਕਿ ਇਕ ਪਿੰਡ ਦਾ ਇਕ ਇਨਸਾਨ ਕਹਿੰਦਾ ਹੈ ਕਿ ਇਸ ਪਿੰਡ ਦੀਆਂ ਕਬਰਾਂ ਵਿੱਚ ਭੂਤ ਰਹਿੰਦੇ ਹਨ ਅਤੇ ਦੂਸਰਾ ਇਨਸਾਨ ਕਹਿੰਦਾ ਹੈ ਕਿ ਭੂਤ ਨਾਂ ਦੀ ਚੀਜ਼ ਹੀ ਕੋਈ ਨਹੀਂ ਅਤੇ ਇਨ੍ਹਾਂ ਕਬਰਾਂ ਵਿੱਚ ਕੋਈ ਵੀ ਭੂਤ ਨਹੀਂ ਰਹਿੰਦਾ। ਪਰ ਇਕ ਵਾਰੀ ਫਿਰ ਇਨ੍ਹਾਂ ਦੋਹਾਂ ਇਨਸਾਨਾਂ ਵਿੱਚੋਂ ਸਬੂਤ ਕੋਈ ਵੀ ਨਹੀਂ ਦੇ ਸਕਦਾ। ਤੁਸੀਂ ਕਿਸ ਇਨਸਾਨ ਦਾ ਇਤਬਾਰ ਕਰੋਗੇ? ਰੱਬ ਬਾਰੇ ਵੀ ਇਹੋ ਸਮੱਸਿਆ ਹੈ। ਆਸਤਕ ਕਹਿੰਦੇ ਹਨ ਕਿ ਰੱਬ ਹੈ ਅਤੇ ਨਾਸਤਕ ਕਹਿੰਦੇ ਹਨ ਕਿ ਰੱਬ ਨਾਂ ਦੀ ਕੋਈ ਵੀ ਚੀਜ਼ ਨਹੀਂ। ਪਰ ਆਪਣੇ ਵਿਚਾਰ ਨੂੰ ਸੱਚਾ ਸਿੱਧ ਕਰਨ ਲਈ ਠੋਸ ਸਬੂਤ ਕੋਈ ਵੀ ਨਹੀਂ ਪੇਸ਼ ਕਰ ਸਕਦਾ। ਫਿਰ ਤੁਸੀਂ ਕਿਸਦਾ ਇਤਬਾਰ ਕਰੋਗੇ? ਤੁਹਾਨੂੰ ਆਪਣੇ ਆਪ ਹੀ ਸੋਚਣਾ ਪਵੇਗਾ ਕਿ ਤੁਸੀਂ ਕਿਸ ਧਿਰ ਨਾਲ ਖੜ੍ਹਨਾ ਹੈ ਅਤੇ ਕਿੱਥੋਂ ਕੁ ਤੱਕ! ਕਈ ਵਾਰੀ ਸਾਡੇ ਦਿਲ-ਦਿਮਾਗ਼ ਉੱਤੇ ਕਿਸੇ ਚੀਜ਼ ਦਾ ਮਨੋਵਿਗਿਆਨਕ ਅਸਰ (psychological effect) ਬਹੁਤ ਹੀ ਡੂੰਘਾ ਹੁੰਦਾ ਹੈ। ਜਿਵੇਂ ਅਸੀਂ ਜੇ ਹਨੇਰੇ ਵਿੱਚ ਕਿਧਰੇ ਇਕੱਲੇ ਜਾ ਰਹੇ ਹੋਈਏ ਅਤੇ ਆਪਣੇ ਨਾਲ ਇਕ ਡੰਡਾ ਹੀ ਲੈ ਲਈਏ ਤਾਂ ਸਾਨੂੰ ਹੌਸਲਾ ਹੋ ਜਾਂਦਾ ਹੈ ਕਿ ਜੇ ਰਸਤੇ ਵਿੱਚ ਕੋਈ ਲੁੱਟਣ ਪਿਆ ਤਾਂ ਡੰਡੇ ਨਾਲ ਅਸੀਂ ਆਪਣੀ ਹਿਫ਼ਾਜ਼ਤ ਕਰ ਲਵਾਂਗੇ ਭਾਵੇਂ ਸਾਨੂੰ ਇਹ ਵੀ ਪਤਾ ਹੁੰਦਾ ਹੈ ਕਿ ਲੁੱਟਣ ਵਾਲਿਆਂ ਕੋਲ ਡੰਡੇ ਤੋਂ ਵੱਧ ਖ਼ਤਰਨਾਕ ਹਥਿਆਰ ਹੁੰਦੇ ਹਨ। ਡੰਡੇ ਦਾ ਕੋਲ ਹੋਣਾ ਸਿਰਫ਼ ਮਨੋਵਿਗਿਆਨਕ ਤੌਰ ਤੇ ਮਨ ਨੂੰ ਹੌਸਲਾ ਦਿੰਦਾ ਹੈ। ਪੰਜਾਬੀ ਦੇ ਪ੍ਰਸਿੱਧ ਲੇਖਕ ਸੰਤ ਸਿੰਘ ਸੇਖੋਂ ਦੀ ਮਸ਼ਹੂਰ ਕਹਾਣੀ ''ਪੇਮੀ ਦੇ ਨਿਆਣੇ" ਵੀ ਇਹੋ ਜਿਹੇ ਮਨੋਵਿਗਿਆਨਕ ਅਸਰ ਦੀ ਗੱਲ ਹੀ ਕਰਦੀ ਹੈ ਜਦੋਂ ਛੋਟੇ ਛੋਟੇ ਬੱਚੇ ਜਰਨੈਲੀ ਸੜਕ ਤੋਂ ਲੰਘਣ ਲਈ ਰਾਸ਼ਿਆਂ ਅਤੇ ਪਠਾਣਾਂ ਤੋਂ ਡਰਦੇ ਹਨ ਪਰ ਆਪਣੇ ਇਸ ਡਰ ਨੂੰ ਖ਼ਤਮ ਕਰਨ ਲਈ ਸੋਚਦੇ ਹਨ ਕਿ ਜੇ ਉਹ ਇਹ ਕਹਿ ਦੇਣ ਕਿ ਉਹ ਪੇਮੀ ਦੇ ਨਿਆਣੇ ਹਨ ਤਾਂ ਕੋਈ ਵੀ ਉਨ੍ਹਾਂ ਨੂੰ ਕੁਝ ਨਹੀਂ ਕਹੇਗਾ।  ਜਦੋਂ ਵੀ ਕੋਈ ਦਵਾਈਆਂ ਬਣਾਉਣ ਵਾਲੀ (pharmaceutical) ਕੰਪਨੀ ਕੋਈ ਨਵੀਂ ਦਵਾਈ ਖੋਜ ਕਰ ਕੇ ਕੱਢਦੀ ਹੈ ਤਾਂ ਉਸ ਦਵਾਈ ਨੂੰ ਵੇਚਣਾ ਸ਼ੁਰੂ ਕਰਨ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ ਕਿ ਕੀ ਇਹ ਦਵਾਈ ਉਸ ਰੋਗ ਦਾ ਇਲਾਜ ਕਰ ਸਕਦੀ ਹੈ ਕਿ ਨਹੀਂ ਜਿਸ ਰੋਗ ਲਈ ਇਹ ਦਵਾਈ ਕੱਢੀ ਗਈ ਹੈ। ਇਸ ਟੈਸਟ ਲਈ ਆਮ ਤੌਰ ਤੇ ਇਸ ਬਿਮਾਰੀ ਦੇ ਕੁਝ ਰੋਗੀ ਚੁਣ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ। ਇਕ ਹਿੱਸੇ ਵਾਲੇ ਮਰੀਜ਼ਾਂ ਨੂੰ ਇਹ ਨਵੀਂ ਕੱਢੀ ਅਸਲੀ ਦਵਾਈ ਦਿੱਤੀ ਜਾਂਦੀ ਹੈ ਅਤੇ ਦੂਸਰੇ ਹਿੱਸੇ ਵਿਚਲੇ ਮਰੀਜ਼ਾਂ ਨੂੰ ਇਕ ਨਕਲੀ (fake) ਦਵਾਈ ਜਿਸ ਨੂੰ ਅੰਗਰੇਜ਼ੀ ਵਿੱਚ Placebo ਕਹਿੰਦੇ ਹਨ ਦਿੱਤੀ ਜਾਂਦੀ ਹੈ। ਇਹ ਨਕਲੀ ਦਵਾਈ ਦੇਖਣ ਵਿੱਚ ਬਿਲਕੁਲ ਅਸਲੀ ਦਵਾਈ ਵਰਗੀ ਹੀ ਲਗਦੀ ਹੈ ਪਰ ਇਸ ਵਿੱਚ ਕਿਸੇ ਕਿਸਮ ਦੀ ਕੋਈ ਦਵਾਈ ਨਹੀਂ ਹੁੰਦੀ। ਕੁਝ ਮਹੀਨਿਆਂ ਜਾਂ ਸਾਲਾਂ ਤੋਂ ਬਾਦ ਇਨ੍ਹਾਂ ਦੋਹਾਂ ਹਿੱਸਿਆਂ ਵਿੱਚ ਵੰਡੇ ਗਏ ਮਰੀਜ਼ਾਂ ਦੇ ਰੋਗਾਂ ਦਾ ਡੁੰਘਾਈ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਇਹ ਦੇਖਣ ਲਈ ਕਿ ਦੋਹਾਂ ਹਿੱਸਿਆਂ ਵਿੱਚੋਂ ਕਿੰਨੇ ਮਰੀਜ਼ ਠੀਕ ਹੋਏ ਹਨ ਅਤੇ ਕਿੰਨੇ ਠੀਕ ਨਹੀਂ ਹੋਏ। ਫਿਰ ਇਸ ਵਿਸ਼ਲੇਸ਼ਣ ਦੇ ਅਧਾਰ ਤੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਇਹ ਅਸਲੀ ਦਵਾਈ ਰੋਗ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੀ ਹੈ ਕਿ ਨਹੀਂ। ਕਈ ਵਾਰੀ ਨਕਲੀ ਦਵਾਈ (Placebo) ਵੀ ਰੋਗ ਨੂੰ ਠੀਕ ਕਰਨ ਵਿੱਚ ਮਦਦ ਕਰ ਦਿੰਦੀ ਹੈ ਜਿਸਨੂੰ ਆਮ ਤੌਰ ਤੇ Placebo effect ਕਿਹਾ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਇਕ ਨਕਲੀ ਦਵਾਈ ਜਿਸ ਵਿੱਚ ਕੁਝ ਵੀ ਨਹੀਂ ਹੁੰਦਾ ਰੋਗ ਨੂੰ ਕਿਵੇਂ ਠੀਕ ਕਰ ਸਕਦੀ ਹੈ? ਇਹ ਮਨੋਵਿਗਿਆਨਕ ਅਸਰ (psychological effect) ਹੈ। ਜਿਵੇਂ ਕਹਾਵਤ ਹੈ ਕਿ ਰੋਗੀ ਅੱਧਾ ਤਾਂ ਉਸ ਵੇਲੇ ਹੀ ਠੀਕ ਹੋ ਜਾਂਦਾ ਹੈ ਜਦੋਂ ਡਾਕਟਰ ਉਸ ਨੂੰ ਦਵਾਈ ਦੇ ਦੇਵੇ ਭਾਵੇਂ ਉਹ ਦਵਾਈ ਸਿਰਫ਼ ਪਾਣੀ ਵਿੱਚ ਖੰਡ ਅਤੇ ਰੰਗ ਘੋਲ ਕੇ ਹੀ ਬਣਾਈ ਹੋਵੇ।  ਬਿਲਕੁਲ ਇਹੋ ਹਾਲ ਹੈ ਰੱਬ ਦੀ ਹੋਂਦ ਬਾਰੇ। ਕਈ ਵਾਰੀ ਰੱਬ ਦੀ ਹੋਂਦ ਨੂੰ ਸਿਰਫ਼ ਸਵੀਕਾਰ ਕਰ ਲੈਣਾ ਹੀ ਮਨੋਵਿਗਿਆਨਕ ਤੌਰ ਤੇ ਕਈ ਕੰਮ ਕਰ ਜਾਂਦਾ ਹੈ। ਜਦੋਂ ਕੋਈ ਇਨਸਾਨ ਮਾਨਸਿਕ ਤੌਰ ਤੇ ਬਹੁਤ ਬੇਚੈਨ ਹੁੰਦਾ ਹੈ ਅਤੇ ਉਸਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ ਤਾਂ ਉਹ ਰੱਬ ਦੀ ਹੋਂਦ ਨੂੰ ਸਵੀਕਾਰ ਕਰ ਕੇ ਹੌਸਲਾ ਕਰ ਲੈਂਦਾ ਹੈ ਭਾਵੇਂ ਇਹ ਫਰਜ਼ੀ ਤੌਰ ਤੇ ਹੀ ਸਵੀਕਾਰ ਕੀਤਾ ਗਿਆ ਹੋਵੇ। ਕਈ ਵਾਰੀ ਇਨਸਾਨ ਔਖੇ ਵੇਲੇ ਇਹ ਕਹਿ ਕੇ ਹੌਸਲਾ ਕਰ ਲੈਂਦਾ ਹੈ ਕਿ ਹੋਰ ਕੋਈ ਸਾਥ ਦੇਵੇ ਜਾਂ ਨਾ, ਰੱਬ ਤਾਂ ਮੇਰੇ ਨਾਲ ਹੈ। ਇਸ ਤਰ੍ਹਾਂ ਕਈ ਵਾਰੀ ਇਨਸਾਨ ਰੱਬ ਦਾ ਸਾਥ ਆਪਣੇ ਨਾਲ ਸਮਝ ਕੇ ਔਖੇ ਵਕਤਾਂ ਵਿੱਚ ਡੋਲਦਾ ਨਹੀਂ।

 

ਰੱਬ ਦੀ ਹੋਂਦ ਨੂੰ ਮਨਜ਼ੂਰ ਕਰਨ ਦਾ ਇਕ ਹੋਰ ਫ਼ਾਇਦਾ ਇਹ ਹੈ ਕਿ ਰੱਬ ਵਲੋਂ ਮਾੜੇ ਕੰਮਾਂ ਦੀ ਸਜ਼ਾ ਦੇ ਡਰ ਨਾਲ ਇਨਸਾਨ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ ਹੈ ਭਾਵੇਂ ਮੈਂ ਇਹ ਵੀ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਜਿੰਨਾਂ ਵੱਧ ਆਪਣੇ ਆਪ ਨੂੰ ਰੱਬ ਦੇ ਨੇੜੇ ਆਖਦੇ ਹਨ ਉਹ ਉਤਨੇ ਹੀ ਵੱਧ ਮਾੜੇ ਕੰਮ ਕਰਦੇ ਹਨ। ਜੇ ਰੱਬ ਦੀ ਹੋਂਦ ਨੂੰ ਮਨਜ਼ੂਰ ਕਰ ਕੇ ਕੋਈ ਇਨਸਾਨ ਮਾੜੀਆਂ ਆਦਤਾਂ ਤੋਂ ਬਚਿਆ ਰਹੇ ਤਾਂ ਇਸ ਯਕੀਨ ਦਾ ਕੋਈ ਹਰਜ ਨਹੀਂ।

ਸਤੰਬਰ 2007 ਵਿੱਚ ਰੱਬ ਬਾਰੇ ਇਕ ਬਹੁਤ ਹੀ ਹਾਸੋਹੀਣੀ ਅਤੇ ਮਜ਼ਾਕੀਆ ਗੱਲ ਵੀ ਹੋਈ। ਅਮਰੀਕਾ ਦੇ ਸੂਬੇ ਨਿਬਰਾਸਕਾ ਦੇ ਇਕ ਸਟੇਟ ਸੈਨੇਟਰ ਅਰਨੀ ਚੈਂਬਰਜ ਨੇ ਨਿਬਰਾਸਕਾ ਦੀ ਕਚਹਿਰੀ ਵਿੱਚ ਰੱਬ ਦੇ ਖ਼ਿਲਾਫ਼ ਇਕ ਮੁਕੱਦਮਾ ਦਰਜ਼ ਕਰ ਦਿੱਤਾ ਕਿ ਰੱਬ ਦਹਿਸ਼ਤਗਰਦੀ ਫੈਲਾਉਂਦਾ ਹੈ, ਅਤੇ ਦੁਨੀਆਂ ਤੇ ਹੜ੍ਹ, ਭੂਚਾਲ, ਤੁਫ਼ਾਨ, ਝੱਖੜ, ਪਲੇਗ, ਕਾਲ, ਸੋਕਾ, ਨਸਲੀ ਝਗੜੇ, ਲੜਾਈਆਂ ਆਦਿ ਲਿਆਉਣ ਦਾ ਕਾਰਨ ਵੀ ਹੈ। ਸੈਨੇਟਰ ਚੈਂਬਰਜ ਨੇ ਇਸ ਮੁਕੱਦਮੇ ਵਿੱਚ ਰੱਬ ਨੂੰ ਇਹ ਸਾਰੀਆਂ ਗੱਲਾਂ ਖ਼ਤਮ ਅਤੇ ਬੰਦ ਕਰਨ ਲਈ ਕਿਹਾ ਹੈ। ਅਸਲ ਵਿੱਚ ਸੈਨੇਟਰ ਚੈਂਬਰਜ ਨੇ ਇਹ ਮੁਕੱਦਮਾ ਇਹ ਸਾਬਤ ਕਰਨ ਲਈ ਕੀਤਾ ਸੀ ਕਿ ਅਮਰੀਕਾ ਦੀਆਂ ਕਚਹਿਰੀਆਂ ਵਿੱਚ ਲੋਕ ਬਹੁਤ ਹੀ ਹਾਸੋਹੀਣੀਆਂ ਗੱਲਾਂ ਉੱਤੇ ਮੁਕੱਦਮੇ ਦਰਜ਼ ਕਰੀ ਜਾ ਰਹੇ ਹਨ। ਇਹ ਮੁਕੱਦਮਾ ਹਾਲੇ ਨਿਬਰਾਸਕਾ ਦੀ ਕਚਹਿਰੀ ਵਿੱਚ ਲਟਕਦਾ ਹੈ ਅਤੇ ਇਸਦੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਦੇਖੋ ਕੋਈ ਸੁਣਵਾਈ ਹੁੰਦੀ ਹੈ ਕਿ ਨਹੀਂ, ਅਤੇ ਜੇ ਸੁਣਵਾਈ ਹੋਈ ਤਾਂ ਰੱਬ ਆਪਣਾ ਪੱਖ ਪੇਸ਼ ਕਰਨ ਲਈ ਹਾਜ਼ਰ ਹੁੰਦਾ ਹੈ ਕਿ ਨਹੀਂ। ਇਸ ਕਹਾਣੀ ਬਾਰੇ ਹੋਰ ਹੇਠ ਲਿਖੇ ਵੈਬ ਸਾਈਟ ਦੇ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ।

        http://blogs.wsj.com/law/2007/09/18/nebraska-state-senator-sues-god/

 

ਧਾਰਮਿਕ ਬਣਨ ਤੋਂ ਪਹਿਲਾਂ ਇਕ (ਵਧੀਆ) ਇਨਸਾਨ ਬਣਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਚੰਗੇ ਇਨਸਾਨ ਨਹੀਂ ਬਣ ਸਕਦੇ ਤਾਂ ਅਸੀਂ ਧਾਰਮਿਕ ਹੋ ਹੀ ਨਹੀਂ ਸਕਦੇ। ਸੰਨ 1959 ਵਿੱਚ ਬੀ. ਆਰ. ਚੋਪੜਾ ਦੀ ਪ੍ਰੋਡਿਊਸ ਕੀਤੀ ਅਤੇ ਯਸ਼ ਚੋਪੜਾ ਦੀ ਡਾਇਰੈਕਟ ਕੀਤੀ ਫ਼ਿਲਮ ''ਧੂਲ ਕਾ ਫੂਲ" ਵਿੱਚ ਸਾਹਿਰ ਲੁਧਿਆਨਵੀ ਦੇ ਲਿਖੇ ਇਕ ਗੀਤ ਦੇ ਬੋਲ ਸਨ:

ਤੂੰ ਹਿੰਦੂ ਬਨੇਗਾ, ਨਾ ਮੁਸਲਮਾਨ ਬਨੇਗਾ

ਇਨਸਾਨ ਕੀ ਔਲਾਦ ਹੈਂ ਇਨਸਾਨ ਬਨੇਗਾ।

ਅਸਲ ਵਿੱਚ ਕਿੰਨਾ ਚੰਗਾ ਹੋਵੇ ਜੇ ਅਸੀਂ ਹਿੰਦੂ, ਸਿੱਖ, ਮੁਸਲਮਾਨ, ਜਾਂ ਈਸਾਈ ਆਦਿ ਹੋਣ ਤੋਂ ਪਹਿਲਾਂ ਸਹੀ ਅਰਥਾਂ ਵਿੱਚ ਇਕ ਇਨਸਾਨ ਬਣ ਸਕੀਏ।

ਅਖੀਰ ਵਿੱਚ ਮੈਂ ਸਾਧੂ ਬਿਨਿੰਗ ਜੀ ਵਲੋਂ ਪੁੱਛੇ ਸਵਾਲ ਵਲ ਆਉਂਦਾ ਹਾਂ। ਕੀ ਮੈਂ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹਾਂ? ਜੇ ਇਸਦਾ ਜਵਾਬ ਹਾਂ ਵਿੱਚ ਹੈ ਤਾਂ ਮੇਰੇ ਲਈ ਰੱਬ ਕੀ ਹੈ? ਮੇਰੀ ਰੱਬ ਬਾਰੇ ਕੀ ਸੋਚ ਹੈ?

ਮੈਂ ਉਸ ਰੱਬ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ ਜੋ ਕਿਧਰੇ ਰਾਜੇ ਜਾਂ ਮਹਾਰਾਜੇ ਵਾਂਗ ਬੈਠਾ ਹੁਕਮ ਚਲਾ ਰਿਹਾ ਹੋਵੇ ਅਤੇ ਸਭ ਕੁਝ ਉਸਦੇ ਹੁਕਮ ਨਾਲ ਹੀ ਚਲਦਾ ਹੋਵੇ। ਮੈਂ ਕਿਸੇ ਸਵਰਗ ਜਾਂ ਨਰਕ ਵਿੱਚ ਵਿਸ਼ਵਾਸ ਨਹੀਂ ਰੱਖਦਾ ਸਗੋਂ ਇਸ ਗੱਲ ਵਿੱਚ ਯਕੀਨ ਕਰਦਾ ਹਾਂ ਕਿ ਨਰਕ-ਸਵਰਗ ਇਸ ਧਰਤੀ ਤੇ ਹੀ ਹਨ। ਮੈਂ ਬਾਬਾ ਫਰੀਦ ਜੀ ਦੇ ਆਖਣ ਅਨੁਸਾਰ ''ਵਸੀ ਰਬੁ ਹਿਆਲੀਐ" ਵਿੱਚ ਯਕੀਨ ਕਰਦਾ ਹਾਂ। ਸਭ ਕੁਝ ਸਾਡੇ ਅੰਦਰ ਹੀ ਹੈ ૶ ਰੱਬ ਵੀ ਅਤੇ ਸ਼ੈਤਾਨ (devil) ਵੀ! ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਿਸ ਰੂਪ ਵਿੱਚ ਢਾਲਦੇ ਹਾਂ। ਸਾਡੀਆਂ ਆਦਤਾਂ, ਸਾਡੇ ਸੁਭਾਅ, ਸਾਡੇ ਗੁਣ, ਸਾਡੇ ਔਗੁਣ ਆਦਿ ਹੀ ਸਾਨੂੰ ਰੱਬ ਦੇ ਸੰਕਲਪ ਦੇ ਨੇੜੇ ਜਾਂ ਸ਼ੈਤਾਨ ਦੇ ਰੂਪ ਦੇ ਨੇੜੇ ਲਿਜਾਂਦੇ ਹਨ। ਜੇ ਅਸੀਂ ਸੱਚ ਬੋਲਦੇ ਹਾਂ, ਈਮਾਨਦਾਰੀ ਅਪਣਾਉਂਦੇ ਹਾਂ, ਕ੍ਰੋਧ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਲੋਭ ਤੋਂ ਦੂਰ ਰਹਿੰਦੇ ਹਾਂ, ਹੰਕਾਰ ਤੋਂ ਛੁਟਕਾਰਾ ਪਾਉਂਦੇ ਹਾਂ, ਈਰਖਾ ਤੋਂ ਆਪਣੇ ਆਪ ਨੂੰ ਬਚਾਉਂਦੇ ਹਾਂ, ਸਰਬੱਤ ਦੇ ਭਲੇ ਵਿੱਚ ਵਿਸ਼ਵਾਸ ਰੱਖਦੇ ਹਾਂ, ''ਕੂੜ ਨਿਖੁਟੇ ਨਾਨਕਾ, ਓੜਕਿ ਸਚਿ ਰਹੀ" ਵਿੱਚ ਯਕੀਨ ਕਰਦੇ ਹਾਂ, ''ਸਭੇ ਸਾਝੀਵਾਲ ਸਦਾਇਨਿ" ਦੀ ਧਾਰਨਾ ਤੇ ਚਲਦੇ ਹਾਂ, ''ਏਕਸ ਕੇ ਹਮ ਬਾਰਿਕ" ਨੂੰ ਅਪਣਾਉਂਦੇ ਹਾਂ ਤਾਂ ਅਸੀਂ ਰੱਬ ਦੇ ਸੰਕਲਪ ਦੇ ਬਹੁਤ ਨੇੜੇ ਪਹੁੰਚ ਜਾਂਦੇ ਹਾਂ। ਮੇਰੇ ਲਈ ਭਗਤ ਪੂਰਨ ਸਿੰਘ ਅਤੇ ਮਦਰ ਟਰੀਸਾ ਇਹੋ ਜਿਹੇ ਇਨਸਾਨ ਸਨ ਜੋ ਰੱਬ ਦਾ ਰੂਪ ਹੀ ਨਹੀਂ ਸਗੋਂ ਰੱਬ ਹੀ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਦੂਜਿਆਂ ਲਈ ਬਿਲਕੁਲ ਤਿਆਗ ਦਿੱਤਾ ਸੀ ਅਤੇ ਉਨ੍ਹਾਂ ਵਿੱਚ ਉੱਪਰ ਵਰਣਨ ਕੀਤੇ ਸਾਰੇ ਗੁਣ ਸਨ। ਕੋਈ ਹੀ ਬਹੁਤ ਪਹੁੰਚਿਆ ਹੋਇਆ ਫ਼ਕੀਰ, ਦਰਵੇਸ਼, ਅਤੇ ਸਾਧੂ ਵੀ ਰੱਬ ਦਾ ਰੂਪ ਹੋ ਸਕਦਾ ਹੈ ਜੇ ਉਸ ਵਿੱਚ ਉੱਪਰ ਲਿਖੇ ਗੁਣ ਹੋਣ। ਸੋ ਮੇਰਾ ਰੱਬ ਬਾਰੇ ਸੰਕਲਪ ਇਹੋ ਹੈ ਕਿ ਜੋ ਇਨਸਾਨ ਇਨਸਾਨੀਅਤ ਤੋਂ ਵੀ ਬਹੁਤ ਉੱਪਰ ਪਹੁੰਚ ਜਾਂਦਾ ਹੈ ਤਾਂ ਉਹ ਇਕ ਤਰ੍ਹਾਂ ਨਾਲ ਰੱਬ ਦਾ ਰੂਪ ਬਣ ਜਾਂਦਾ ਹੈ। ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਹਾਲੇ ਝੂਠ ਬੋਲਣਾ ਨਹੀਂ ਸਿੱਖਿਆ, ਬੇਈਮਾਨੀ ਕਰਨੀ ਨਹੀਂ ਸਿੱਖੀ, ਅਤੇ ਜੋ ਹਾਲੇ ਮਸੂਮੀਅਤ ਅਤੇ ਨਿਰਛਲਤਾ ਦੀ ਉਮਰ ਵਿੱਚੋਂ ਲੰਘ ਰਹੇ ਹਨ ਉਹ ਸਭ ਰੱਬ ਦਾ ਰੂਪ ਹੀ ਹੁੰਦੇ ਹਨ। ਬੱਸ ਇਹੋ ਰੱਬ ਹੈ।

ਦੂਜੇ ਪਾਸੇ ਉਹ ਇਨਸਾਨ ਜੋ ਔਗੁਣਾਂ ਨਾਲ ਭਰੇ ਹੋਏ ਹਨ, ਜੋ ਝੂਠ ਬੋਲਦੇ ਹਨ, ਪਾਪ ਕਰਦੇ ਹਨ, ਬੇਈਮਾਨੀਆਂ ਕਰਦੇ ਹਨ, ਦੂਜਿਆਂ ਦਾ ਹੱਕ ਮਾਰਦੇ ਹਨ, ਅਤੇ ਹੋਰ ਇਹੋ ਜਿਹੀਆਂ ਭੈੜੀਆਂ ਆਦਤਾਂ ਨਾਲ ਭਰੇ ਪਏ ਹਨ, ਉਹ ਸ਼ੈਤਾਨ ਦਾ ਰੂਪ ਹਨ।

 

ਸੋ ਇਸ ਤਰ੍ਹਾਂ ਰੱਬ ਜਾਂ ਸ਼ੈਤਾਨ ਕਿਧਰੇ ਬਾਹਰ ਨਹੀਂ ਸਗੋਂ ਉਹ ਸਾਡੇ ਹਰ ਇਕ ਦੇ ਅੰਦਰ ਹੈ। ਸਾਨੂੰ ਇਨ੍ਹਾਂ ਦੋਹਾਂ ਨੂੰ ਪਛਾਣਨ ਦੀ ਲੋੜ ਹੈ। ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੀ ਰੂਹ ਅਤੇ ਜ਼ਮੀਰ ਨੂੰ ਰੱਬ ਦਾ ਰੂਪ ਦੇਣਾ ਹੈ ਜਾਂ ਕਿ ਸ਼ੈਤਾਨ ਦਾ।

ਕੀ ਮੇਰੀ ਇਹ ਸੋਚਣੀ ਮੈਨੂੰ ਆਪਣੇ ਪਰਵਾਰ (ਮਾਤਾ-ਪਿਤਾ) ਵਲੋਂ ਅਤੇ ਸਮਾਜ ਵਲੋਂ ਮਿਲੀ ਹੈ? ਮੈਂ ਕਹਿ ਸਕਦਾ ਹਾਂ ਕਿ ਮੇਰੇ ਮਾਤਾ-ਪਿਤਾ ਦਾ ਪਰਵਾਰ ਆਮ ਪੇਂਡੂ ਕਿਸਾਨ ਪਰਵਾਰਾਂ ਵਰਗਾ ਹੀ ਸੀ। (ਮੇਰੇ ਮਾਤਾ ਜੀ ਹਾਲੇ ਜੀਉਂਦੇ ਹਨ ਪਰ ਪਿਤਾ ਜੀ ਕੁਝ ਸਾਲ ਪਹਿਲਾਂ ਇਸ ਦੁਨੀਆਂ ਨੂੰ ਛੱਡ ਗਏ ਸਨ।) ਮੇਰੇ ਮਾਤਾ-ਪਿਤਾ ਨਾ ਹੀ ਬਹੁਤੇ ਆਸਤਕ ਸਨ ਅਤੇ ਨਾ ਹੀ ਨਾਸਤਕ ਸਨ। ਬਹੁਤੇ ਪੇਂਡੂ ਪਰਵਾਰਾਂ ਵਾਂਗ ਉਹ ਵੀ (ਖ਼ਾਸ ਕਰ ਕੇ ਮਾਤਾ ਜੀ) ਹਰ ਸੰਗਰਾਂਦ ਨੂੰ ਅਤੇ ਹੋਰ ਖ਼ਾਸ ਦਿਨਾਂ ਨੂੰ ਹੀ ਗੁਰਦਵਾਰੇ ਜਾਂਦੇ ਸਨ। ਸਿੱਖ ਗੁਰੂਆਂ ਅਤੇ ਗੁਰੁ ਗਰੰਥ ਸਾਹਿਬ ਲਈ ਉਨ੍ਹਾਂ ਦੇ ਦਿਲਾਂ ਵਿੱਚ ਬਹੁਤ ਸ਼ਰਧਾ ਰਹੀ ਹੈ। ਇਸਦੇ ਨਾਲ ਨਾਲ, ਜਿੰਦਗੀ ਵਿੱਚ ਮੈਂ ਉਨ੍ਹਾਂ ਦੋਹਾਂ ਨੂੰ ਕਦੇ ਵੀ ਕਿਸੇ ਹੋਰ ਧਰਮ ਨੂੰ ਮਾੜਾ ਆਖਦੇ ਨਹੀਂ ਸੁਣਿਆਂ। ਹੌਲੀ ਹੌਲੀ ਇਹੋ ਵਿਚਾਰ ਮੇਰੇ ਬਣ ਗਏ ਸਨ। ਪਰ ਮੈਂ ਇਹ ਨਹੀਂ ਜਾਣਦਾ ਕਿ ਮੇਰੇ ਪਿਤਾ ਦਾ ਰੱਬ ਬਾਰੇ ਕੀ ਸੰਕਲਪ ਸੀ ਅਤੇ ਮੇਰੀ ਮਾਤਾ ਦਾ ਇਸ ਬਾਰੇ ਕੀ ਸੰਕਲਪ ਹੈ। ਇਸ ਗੱਲ ਤੇ ਮੈਂ ਉਨ੍ਹਾਂ ਨਾਲ ਕਦੇ ਵੀ ਵਿਚਾਰ-ਵਟਾਂਦਰਾ ਨਹੀਂ ਕੀਤਾ। ਪਰ ਮੈਂ ਰੱਬ ਬਾਰੇ ਆਪਣਾ ਸੰਕਲਪ ਉੱਪਰ ਦੱਸ ਦਿੱਤਾ ਹੈ ਜਿਹੜਾ ਸ਼ਾਇਦ ਮੇਰੇ ਮਾਤਾ-ਪਿਤਾ ਨਾਲੋਂ ਵੱਖਰਾ ਹੋਵੇ। ਇੱਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਸਾਰੇ ਧਰਮਾਂ ਨੂੰ ਇਕੋ ਜਿਹਾ ਹੀ ਸਮਝਦਾ ਹਾਂ। ਕੋਈ ਵੀ ਧਰਮ ਮਾੜਾ ਨਹੀਂ, ਸਿਰਫ਼ ਉਸਨੂੰ ਅਸੀਂ ਹੀ ਮਾੜਾ ਬਣਾ ਦਿੰਦੇ ਹਾਂ। ਮੈਂ ਗੁਰੁ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹਾਂ। ਮੈਂ ਗੁਰੁ ਗ੍ਰੰਥ ਸਾਹਿਬ ਨੂੰ ਸਾਰੇ ਨੂੰ ਪੜ੍ਹਿਆ ਹੈ ਅਤੇ ਇਸ ਤੋਂ ਜਿੰਦਗੀ ਠੀਕ ਤਰ੍ਹਾਂ ਜੀਵਣ ਬਾਰੇ ਬਹੁਤ ਕੁਝ ਸਿੱਖਿਆ ਹੈ ਭਾਵੇਂ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਕਾਫੀ ਬਾਣੀ ਮੇਰੀ ਸਮਝ ਤੋਂ ਬਾਹਰ ਹੈ। ਇੱਥੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਧਰਮ ਵਿੱਚ ਵਿਸ਼ਵਾਸ ਕਰਨ ਦਾ ਇਹ ਅਰਥ ਨਹੀਂ ਕਿ ਅਸੀਂ ਰੱਬ ਵਿੱਚ ਵੀ ਵਿਸ਼ਵਾਸ ਕਰੀਏ। ਮੈਂ ਕਦੇ ਕਦੇ ਗੁਰਦਵਾਰੇ ਵੀ ਜ਼ਰੂਰ ਜਾ ਆਉਂਦਾ ਹਾਂ ਪਰ ਗੁਰਦੁਆਰਿਆਂ ਦੇ ਅਹੁਦੇਦਾਰਾਂ ਦੇ ਭਾਸ਼ਨ ਸੁਣਨ ਅਤੇ ਪੈਸੇ ਲੈ ਕੇ ਕੀਰਤਨ ਕਰਨ ਵਾਲੇ ਰਾਗੀਆਂ ਨੂੰ ਸੁਣਨ ਦਾ ਸ਼ੌਕ ਬਿਲਕੁਲ ਨਹੀਂ ਰੱਖਦਾ। ਇਸੇ ਕਰ ਕੇ ਮੈਂ ਐਤਵਾਰ ਨੂੰ ਗੁਰਦੁਆਰੇ ਬਹੁਤ ਘੱਟ ਜਾਂਦਾ ਹਾਂ। ਮੈਂ ਜਦੋਂ ਵੀ ਪੰਜਾਬ ਜਾਵਾਂ ਤਾਂ ਕੋਸ਼ਿਸ਼ ਹੁੰਦੀ ਹੈ ਕਿ ਅੰਮ੍ਰਿਤਸਰ ਹਰਿਮੰਦਰ ਸਾਹਿਬ ਜ਼ਰੂਰ ਹਾਜ਼ਰੀ ਭਰ ਕੇ ਆਵਾਂ, ਸਿਰਫ਼ ਇਸ ਲਈ ਕਿ ਇਹ ਸਿੱਖ ਧਰਮ ਦਾ ਮੁੱਖ ਸਥਾਨ ਹੈ ਅਤੇ ਇੱਥੇ ਜਾ ਕੇ ਮਨ ਨੂੰ ਬਹੁਤ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਮੈਂ ਧਰਮ ਬਾਰੇ ਸਕੂਲ-ਕਾਲਜ ਤੋਂ ਬਾਦ ਸ਼ਾਇਦ ਹੀ ਕੋਈ ਕਿਤਾਬ ਪੜ੍ਹੀ ਹੋਵੇ। ਮੈਂ ਬਹੁਤ ਹੀ ਅਜ਼ਾਦ ਖਿਆਲਾਂ ਦਾ ਇਨਸਾਨ ਹਾਂ ਅਤੇ ਧਰਮ ਨਾਲੋਂ ਇਨਸਾਨੀਅਤ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹਾਂ ਭਾਵੇਂ ਕਿ ਸਾਰੇ ਧਰਮ ਵੀ ਸਾਨੂੰ ਇਹੋ ਸਿਖਾਉਂਦੇ ਹਨ ਪਰ ਅਸੀਂ ਧਾਰਮਿਕ ਬਣ ਕੇ ਰੱਬ ਦੇ ਨਾਂ ਤੇ ਪੂਜਾ ਪਾਠ ਕਰਨ ਵਿੱਚ ਰੁੱਝ ਕੇ ਇਸ ਇਨਸਾਨੀਅਤ ਵਾਲੇ ਸੁਨੇਹੇ ਨੂੰ ਬਿਲਕੁਲ ਭੁੱਲ ਜਾਂਦੇ ਹਾਂ।

ਕੀ ਮੈਂ ਸਮਝਦਾ ਹਾਂ ਕਿ ਧਰਮ ਬੰਦੇ ਅਤੇ ਸਮਾਜ ਲਈ ਚੰਗੀ ਚੀਜ਼ ਹੈ ਕਿਉਂਕਿ ਇਹ ਪ੍ਰਮਾਤਮਾ ਨਾਲ ਮਿਲਾਉਣ ਦਾ ਰਾਹ ਦੱਸਦਾ ਹੈ? ਜਿਵੇਂ ਮੈਂ ਉੱਪਰ ਦੱਸ ਦਿੱਤਾ ਹੈ ਕਿ ਮੈਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿ ਰੱਬ ਕਿਧਰੇ ਕੋਈ ਜੀਉਂਦੀ-ਜਾਗਦੀ ਹਸਤੀ ਹੈ ਜੋ ਸੰਸਾਰ ਨੂੰ ਚਲਾਉਂਦੀ ਹੈ ਅਤੇ ਜੋ ਇਹ ਫੈਸਲਾ ਕਰਦੀ ਹੈ ਕਿ ਅਸੀਂ ਸਵਰਗ ਵਿੱਚ ਜਾਣਾ ਹੈ ਜਾਂ ਨਰਕ ਵਿੱਚ ਜਾਣਾ ਹੈ। ਜੇ ਮੈਂ ਇਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਤਾਂ ਫਿਰ ਮੈਂ ਇਹ ਵੀ ਵਿਸ਼ਵਾਸ ਨਹੀ ਕਰਦਾ ਕਿ ਧਰਮ ਸਾਨੂੰ ਕਿਸੇ ਰੱਬ ਨਾਲ ਮਿਲਾ ਸਕਦਾ ਹੈ। ਰੱਬ ਅਤੇ ਸ਼ੈਤਾਨ ਸਾਡੇ ਅੰਦਰ ਹਨ। ਰੱਬ ਵਾਲਾ ਪੱਖ ਚੰਗਾ ਪੱਖ ਹੈ ਅਤੇ ਸ਼ੈਤਾਨ ਵਾਲਾ ਪੱਖ ਮਾੜਾ ਪੱਖ ਹੈ। ਮੇਰਾ ਆਪਣਾ ਵਿਚਾਰ ਹੈ ਕਿ ਧਰਮ ਸਾਨੂੰ ਸਿਰਫ਼ ਇਹ ਦੱਸਦਾ ਹੈ ਕਿ ਅਸੀਂ ਆਪਣੇ ਅੰਦਰੋਂ ਚੰਗੇ ਪੱਖ ਨੂੰ ਬਾਹਰ ਲਿਆਉਣ ਦੀ ਹਰ ਕੋਸ਼ਿਸ਼ ਕਰਨੀ ਹੈ ਅਤੇ ਆਪਣੇ ਅੰਦਰੋਂ ਸ਼ੈਤਾਨ ਨੂੰ ਮਾਰਨਾ ਹੈ। ਜ਼ਰਾ ਕੁ ਸੋਚੋ ਕਿ ਜੇ ਅਸੀਂ ਸਾਰੇ ਹੀ ਸ਼ੈਤਾਨ ਦਾ ਰੂਪ ਧਾਰਨ ਕਰ ਲਈਏ ਤਾਂ ਇਸ ਦੁਨੀਆਂ ਦਾ ਕੀ ਬਣੇਗਾ?

ਅਸਲ ਵਿੱਚ ਅਸੀਂ ਲੋਕ ਧਰਮਾਂ ਨੂੰ ਗ਼ਲਤ ਪਾਸੇ ਨੂੰ ਲਿਜਾ ਰਹੇ ਹਾਂ। ਅਸੀਂ ਧਰਮਾਂ ਦੇ ਨਾਂ ਤੇ ਕੱਟੜਤਾ, ਅੱਤਵਾਦ, ਦਹਿਸ਼ਤਗਰਦੀ, ਨਫ਼ਰਤ, ਦੰਗਿਆਂ, ਅਤੇ ਫਿਰਕਾਪ੍ਰਸਤੀ ਆਦਿ ਨੂੰ ਜਨਮ ਦਿੰਦੇ ਹਾਂ। ਇਸੇ ਕਰ ਕੇ ਬਹੁਤ ਸਾਰੇ  ਲੋਕ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ। ਹੁਣੇ ਹੁਣੇ ਅਮਰੀਕਾ ਵਿੱਚ ਕੀਤੇ ਇਕ ਬਹੁਤ ਵੱਡੇ ਸਰਵੇ ਦੇ ਨਤੀਜੇ ਅਖ਼ਬਾਰਾਂ ਵਿੱਚ ਛਪੇ ਹਨ ਜਿਸਨੂੰ American Religious Identification Survey ਕਿਹਾ ਜਾਂਦਾ ਹੈ। ਇਸ ਸਰਵੇ ਅਨੁਸਾਰ, ਅਮਰੀਕਾ ਵਿੱਚ ਸੰਨ 1990 ਵਿੱਚ 8.2 ਪ੍ਰਤੀਸ਼ਤ ਲੋਕ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ। ਸੰਨ 2008 ਵਿੱਚ ਇਹੋ ਜਿਹੇ ਲੋਕਾਂ ਦੀ ਗਿਣਤੀ 15 ਪ੍ਰਤੀਸ਼ਤ ਹੋ ਗਈ ਹੈ। ਬਹੁਤ ਸਾਰੇ ਲੋਕ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ spiritual ਬਣਦੇ ਜਾ ਰਹੇ ਹਨ ਜੋ ਯੋਗਾ ਅਤੇ ਮੈਡੀਟੇਸ਼ਨ (meditation) ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ।

           

 
                                     
              

ਮਾਰਚ 21, 2009

        

ਰੱਬ ਦੀ ਹੋਂਦ ਜਾਂ ਅਣਹੋਂਦ

-ਬਰਜਿੰਦਰ ਕੌਰ ਢਿੱਲੋਂ  

ਦੁਨੀਆਂ ਦੇ ਜਿੰਨੇ ਵੀ ਧਰਮ ਹਨ ਸਭ ਇਹੋ ਹੀ ਕਹਿੰਦੇ ਹਨ ਕਿ ਰੱਬ ਹੈ। ਹਜ਼ਰਤ ਮੁਹੰਮਦ, ਈਸਾ ਮਸੀਹ, ਗੁਰੂ ਨਾਨਕ ਦੇਵ ਜੀ, ਮਹਾਤਮਾ ਬੁੱਧ, ਅਤੇ  ਕ੍ਰਿਸ਼ਨ ਭਗਵਾਨ - ਇਨ੍ਹਾਂ ਸਾਰਿਆਂ ਨੇ ਲੋਕਾਂ ਨੂੰ ਰੱਬ ਦੀ ਹੋਂਦ ਦਾ ਹੀ ਸੰਦੇਸ਼ ਦਿੱਤਾ ਹੈ। ਰੱਬ ਇਕ ਹੈ ਪਰ ਲੋਕਾਂ ਨੇ ਰੱਬ ਨੂੰ ਆਪਣਾ ਆਪਣਾ ਨਾਉਂ ਦੇ ਦਿੱਤਾ ਹੈ। ਇਸ਼ਾਰਾ ਸਭ ਦਾ ਇਕ ਰੱਬ ਵੱਲ ਹੀ ਹੈ।  

ਰੱਬ ਦੀ ਹੋਂਦ ਬਾਰੇ ਕਈ ਸਕੂਲ ਹਨ। ਕਈ ਤਾਂ ਇਹ  ਕਹਿੰਦੇ ਹਨ ਕਿ ਰੱਬ ਨਹੀਂ ਹੈ। ਦੂਜੇ ਕਹਿੰਦੇ ਹਨ ਕਿ ਰੱਬ ਹੈ। ਇਕ ਹੋਰ ਸਕੂਲ ਹੈ ਜੋ ਦੁੱਖ ਵੇਲੇ ਰੱਬ ਨੂੰ ਮੰਨਦਾ ਹੈ ਪਰ ਸੁੱਖ ਵੇਲੇ ਨਹੀਂ ਮੰਨਦਾ। ਇਨ੍ਹਾਂ ਨੂੰ ਸਿੱਧ ਕਰਨਾ ਬਹੁਤ ਮੁਸ਼ਕਲ ਹੈ। ਹਰ ਸਕੂਲ ਆਪਣਾ ਸਿਧਾਂਤ ਸਿੱਧ ਕਰਨ ਲਈ ਆਪਣੇ ਵਿਚਾਰ ਦੱਸਦਾ ਹੈ। ਚੀਨ ਵਿੱਚ ਕਈ ਲੋਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਅਸੀਂ ਜਦੋਂ ਚੀਨ ਗਏ ਤਾਂ ਮੈਂ ਕੁਝ ਚੀਨੀ ਲੋਕਾਂ ਨੂੰ ਇਹੀ ਸੁਆਲ ਪੁੱਛਿਆ। ਇਹ ਲੋਕ ਮਾਓ (Mao) ਰਾਜ ਦੇ ਜੰਮ ਪਲ ਸਨ। ਕਹਿਣ ਲੱਗੇ ''ਰੱਬ ਨਹੀਂ ਹੈ। ਜੇ ਤੁਸੀਂ ਭੁੱਖੇ ਹੋ ਅਤੇ ਖਾਣਾ ਤੁਹਾਡੇ ਕੋਲੋਂ ਥੋੜ੍ਹੀ ਦੂਰੀ ਤੇ ਪਿਆ ਹੈ। ਤੁਸੀਂ ਉੱਠ ਕੇ ਖਾਣਾ ਚੁੱਕ ਕੇ ਆਪਣੇ ਮੂੰਹ ਵਿੱਚ ਆਪ ਹੀ ਪਾਓਗੇ। ਜਿੰਨਾ ਮਰਜ਼ੀ ਰੱਬ ਧਿਆ ਲਓ, ਖਾਣਾ ਤੁਸੀਂ ਆਪ ਹੀ ਚੁੱਕ ਕੇ ਖਾਓਗੇ। ਰੋਜ਼ੀ ਕਮਾਉਣਾ ਅਤੇ ਹੋਰ ਸਾਰੇ ਦੁਨਿਆਵੀ ਕੰਮ ਤੁਸੀਂ ਆਪ ਹੀ ਕਰੋਗੇ। ਕੋਈ ਰੱਬ ਕੇ ਨਹੀਂ ਕਰੇਗਾ। ਮਿਹਨਤ ਕਰੋ, ਇਹੀ ਤੁਹਾਡਾ ਸਭ ਕੁਝ ਹੈ।" 

ਰੱਬ ਦੀ ਹੋਂਦ ਜਾਂ ਅਣਹੋਂਦ ਵਿੱਚ ਜ਼ਿਆਦਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਸੀਂ ਇਹ ਸਾਬਤ ਨਹੀਂ ਕਰ ਸਕਦੇ ਕਿ ਰੱਬ ਹੈ ਜਾਂ ਨਹੀਂ। ਜੋ ਰੱਬ ਦੀ ਹੋਂਦ ਨੂੰ ਮੰਨਦੇ ਹਨ, ਉਨ੍ਹਾਂ ਦਾ ਵਿਚਾਰ ਹੈ ਕਿ ਰੱਬ ਨੇ ਹੀ ਇਹ ਸੰਸਾਰ ਰਚਿਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸੰਸਾਰ ਜਾਂ ਤਾਂ ਅਚਾਨਕ ਬਣ ਗਿਆ ਹੈ ਜਾਂ ਇਹ ਬਣਾਇਆ ਗਿਆ ਹੈ। ਪਰ ਕੁਝ ਵੀ ਅਚਾਨਕ ਨਹੀਂ ਬਣ ਸਕਦਾ। ਹਮੇਸ਼ਾਂ ਉਸਨੂੰ ਬਣਾਇਆ ਹੀ ਜਾਂਦਾ ਹੈ। ਬਣਾਉਣ ਵਾਲਾ ਸਿਰਫ਼ ਇਕ ਰੱਬ ਹੀ ਹੋ ਸਕਦਾ ਹੈ।  

ਰੱਬ ਹੈ ਜਾਂ ਨਹੀਂ? ਇਹ ਇਕ ਬਹੁਤ ਵੱਡੀ ਬੁਝਾਰਤ (mystery) ਹੈ। ਇਸਦੇ ਜਵਾਬ ਵਿੱਚ ਹਾਂ ਜਾਂ ਨਾਂਹ ਕਹਿਣਾ ਉਤਨਾ ਹੀ ਔਖਾ ਹੈ ਜਿਤਨਾ ਕਿ ਇਕ ਮੱਖੀ ਨੂੰ ਨਿਗਲਣਾ। ਅੱਜ ਤੱਕ ਕਿਸੇ ਨੇ ਵੀ ਤਾਂ ਰੱਬ ਨੂੰ ਨਹੀਂ ਦੇਖਿਆ। ਵੱਡੇ ਵੱਡੇ ਭਗਤ ਉਸਨੂੰ ਲੱਭਦੇ ਰਹੇ ਪਰ ਰੱਬ ਨਹੀਂ ਲੱਭਿਆ। ਫਿਰ ਵੀ ਬਹੁਤ ਸਾਰੇ ਲੋਕਾਂ ਨੇ ਉਸਦਾ ਅਨੁਭਵ ਜ਼ਰੂਰ ਕੀਤਾ ਹੈ।  

ਜੇ ਇਹ ਸੋਚਿਆ ਜਾਵੇ ਕਿ ਕਿਸੇ ਨਾ ਕਿਸੇ ਨੇ ਤਾਂ ਇਹ ਧਰਤੀ, ਇਹ ਆਕਾਸ਼, ਇਹ ਪਾਤਾਲ, ਇਹ ਚੰਦ, ਇਹ ਸੂਰਜ, ਇਹ ਜੀਵ ਜੰਤੂ ਬਣਾਏ ਹਨ ਤਾਂ ਇਕ ਸ਼ਕਤੀ ਜ਼ਰੂਰ ਹੈ ਜੋ ਇਸ ਮੰਡਲ ਨੂੰ ਕੰਟਰੋਲ ਕਰਦੀ ਹੈ। ਇਨਸਾਨ ਕਿਉਂ ਨਹੀਂ ਰੋਜ਼ ਦਿਹਾੜੇ ਇਨ੍ਹਾਂ ਚੀਜ਼ਾਂ ਨੂੰ ਪੈਦਾ ਕਰ ਲੈਂਦਾ। ਇਨਸਾਨ ਕੋਲ ਇਹੋ ਜਿਹੀ ਕੋਈ ਸ਼ਕਤੀ ਨਹੀਂ; ਇਨਸਾਨ ਰੱਬ ਨਹੀਂ। ਇਸੇ ਲਈ ਅਸੀਂ ਸਾਰੇ ਰੱਬ ਦੀ ਹੋਂਦ ਨੂੰ ਮੰਨਦੇ ਹਾਂ।  

ਕਈ ਲੋਕ ਕਹਿੰਦੇ ਹਨ 'ਰੱਬ ਸਾਡੇ ਅੰਦਰ ਹੈ।' ਅਸੀਂ ਉਸਨੂੰ ਆਪਣੇ ਅੰਦਰ ਦੇਖ ਸਕਦੇ ਹਾਂ। ਲੋਕਾਂ ਦਾ ਭਲਾ ਕਰਨਾ, ਗਰੀਬਾਂ ਦੀ ਮਦਦ ਕਰਨਾ, ਉਸ ਰੱਬ ਦਾ ਸ਼ੁਕਰਾਨਾ ਕਰਨਾ ਜਿਸਨੇ ਸਾਨੂੰ ਸਭਨਾਂ ਨੂੰ ਪੈਦਾ ਕੀਤਾ ਹੈ, ਤਾਂ ਅਸੀਂ ਜ਼ਰੂਰ ਉਸਦੀ ਹੋਂਦ ਨੂੰ ਮੰਨ ਸਕਦੇ ਹਾਂ। ਗੁਰੁ ਨਾਨਕ ਦੇਵ ਜੀ ਰੱਬ ਦੇ ਬਾਰੇ ਕਹਿੰਦੇ ਹਨ:

     ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

     ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥  

ਇਸ ਮੂਲ ਮੰਤਰ ਵਿੱਚ ਗੁਰੂ ਸਾਹਿਬ ਰੱਬ ਦੀ ਹੋਂਦ ਬਾਰੇ ਤੇ ਰੱਬ ਦੀ ਸ਼ਕਲ ਸੂਰਤ ਬਾਰੇ ਦੱਸਦੇ ਹਨ। ਰੱਬ ਇਕ ਸ਼ਕਤੀ ਹੈ ਜਿਹੜੀ ਕਿ ਕਦੇ ਵੀ ਖ਼ਤਮ ਨਹੀਂ ਹੋ ਸਕਦੀ।  

ਦੂਜੇ ਪਾਸੇ ਹਰ ਵਕਤ ਪੂਜਾ ਪਾਠ ਕਰਨ ਵਾਲੇ ਲੋਕ ਕਦੀ ਕਦੀ ਰੱਬ ਦੀ ਹੋਂਦ ਨੂੰ ਭੁੱਲ ਕੇ ਮਾੜੇ ਕੰਮ ਕਰਨ ਲੱਗ ਪੈਂਦੇ ਹਨ। ਦੂਜਿਆਂ ਨੂੰ ਰੱਬ ਦੇ ਬਾਰੇ ਵੱਡੇ ਵੱਡੇ ਲੈਕਚਰ ਦਿੰਦੇ ਹਨ ਅਤੇ ਆਪ ਖੁਦ ਮੰਦਰਾਂ, ਗੁਰਦੁਆਰਿਆਂ ਅਤੇ ਗਿਰਜੇ ਘਰਾਂ ਵਿੱਚ ਬੈਠ ਕੇ ਮਾੜੇ ਕੰਮ ਕਰਦੇ ਹਨ। ਹਰ ਰੋਜ਼ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਕਿ ਕਿਸੇ ਗਿਆਨੀ ਜੀ ਨੇ ਜਾਂ ਕਿਸੇ ਮੰਦਰ ਦੇ ਪੁਜਾਰੀ ਨੇ ਜਾਂ ਕਿਸੇ ਗਿਰਜੇ ਘਰ ਦੇ ਪਾਦਰੀ ਨੇ ਨਬਾਲਗ ਲੜਕੀਆਂ ਨਾਲ ਬਲਾਤਕਾਰ ਕੀਤਾ ਹੈ। ਜੇ ਇਨ੍ਹਾਂ ਲਈ ਰੱਬ ਦੀ ਹੋਂਦ ਹੋਵੇ ਜਾਂ ਇਹ ਲੋਕ ਰੱਬ ਨੂੰ ਆਪਣੇ ਅੰਦਰ ਖੋਜਣ ਦੀ ਕੋਸ਼ਿਸ਼ ਕਰਨ ਤਾਂ ਇਹ ਲੋਕ ਮਾੜੇ ਕੰਮ ਨਹੀਂ ਕਰਨਗੇ ਅਤੇ ਹਰ ਔਰਤ ਨੂੰ ਆਪਣੀ ਮਾਂ ਭੈਣ ਸਮਝ ਕੇ ਉਸਦੀ ਇੱਜ਼ਤ ਕਰਨਗੇ।  

ਕਈਆਂ ਦਾ ਕਹਿਣਾ ਹੈ ਕਿ ਜੇ ਰੱਬ ਹੈ ਤਾਂ ਦਿਸਦਾ ਕਿਉਂ ਨਹੀਂ? ਜੇ ਰੱਬ ਦਿਸ ਪਵੇ ਤਾਂ ਰੱਬ ਇਕ ਆਮ ਚੀਜ਼ ਦੀ ਤਰ੍ਹਾਂ ਹੀ ਹੋਵੇਗਾ, ਜਿਸ ਤਰ੍ਹਾਂ ਕਿ ਅਸਮਾਨ ਵਿੱਚ ਤਾਰੇ ਤੇ ਚੰਦਰਮਾ ਹਨ। ਰੱਬ ਦੇ ਮੁਕਾਬਲੇ ਵਿੱਚ ਇਹ ਚੰਦਰਮਾ, ਇਹ ਤਾਰੇ, ਇਹ ਬ੍ਰਹਮੰਡ, ਇਹ ਸੂਰਜ ਸਭ ਛੋਟੇ ਹਨ। ਰੱਬ ਐਨਾ ਵੱਡਾ ਹੈ ਕਿ ਅਸੀਂ ਉਸਦਾ ਸ਼ੁਰੂ ਜਾਂ ਅਖੀਰ ਨਹੀਂ ਦੇਖ ਸਕਦੇ। ਬਾਈਬਲ ਵਿੱਚ ਰੱਬ ਦੀ ਹੋਂਦ ਬਾਰੇ ਲਿਖਿਆ ਹੈ ਕਿ ਰੱਬ ਕਿੰਨਾ ਵੱਡਾ ਹੈ:

        The heavens, even the highest heavens, cannot contain you.” 

ਕੁਝ ਲੋਕ ਅੱਜ ਕੱਲ ਇਕ ਨਵਾਂ ਰੱਬ ਲੈ ਕੇ ਬੈਠੇ ਹਨ। ਉਹ ਹੈ ਪੈਸਾ। ਅੱਜ ਕੱਲ ਦੇ ਜ਼ਮਾਨੇ ਵਿੱਚ ਰੱਬ ਦੀ ਹੋਂਦ ਨਹੀਂ ਬਲਕਿ ਪੈਸੇ ਦੀ ਹੋਂਦ ਹੈ। ਪੈਸੇ ਪਿੱਛੇ ਇਨਸਾਨ ਕੀ ਨਹੀਂ ਕਰਦਾ? ਕਤਲ ਕਰਦਾ ਹੈ - ਚਾਹੇ ਮਾਂ ਦਾ ਹੋਵੇ, ਪਿਉ ਦਾ ਹੋਵੇ, ਪਤਨੀ ਦਾ ਹੋਵੇ, ਜਾਂ ਬੱਚਿਆਂ ਦਾ ਹੀ ਕਿਉਂ ਨਾ ਹੋਵੇ। ਚੰਗਾ ਭਲਾ ਪਤਾ ਵੀ ਹੈ ਕਿ ''ਮੰਦੀ ਕੰਮੀ ਨਾਨਕਾ, ਜਦਿ ਕਦਿ ਮੰਦਾ ਹੋਵੇ," ਫਿਰ ਵੀ ਇਨਸਾਨ ਨਸ਼ਿਆਂ ਦੇ ਧੰਦੇ ਵਿੱਚ ਪੈਂਦਾ ਹੈ, ਅਤੇ ਹੋਰਨਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਇਨ੍ਹਾਂ ਲੋਕਾਂ ਦਾ ਭਗਵਾਨ ਸਿਰਫ਼ ਪੈਸਾ ਹੀ ਹੈ। ਪੈਸੇ ਦੀ ਪੂਜਾ ਕੀਤੀ ਜਾਂਦੀ ਹੈ। ਇਹ ਰੱਬ ਨੂੰ ਨਹੀਂ ਮੰਨਦੇ। ਇਹ ਲੋਕ ਕਹਿੰਦੇ ਹਨ, ''ਰੱਬ ਨੂੰ ਕਿਸ ਨੇ ਦੇਖਿਆ ਹੈ? ਪੈਸਾ ਹੋਵੇਗਾ ਤਾਂ ਕੋਈ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ।" ਸ਼ਾਇਦ ਇਹ ਲੋਕ ਠੀਕ ਕਹਿੰਦੇ ਹੋਣ। ਇਹ ਇਨ੍ਹਾਂ ਦਾ ਜ਼ਰੂਰ ਪਰਖਿਆ ਹੋਇਆ ਅਸੂਲ ਹੋਣਾ ਹੈ। ਪਰ ਇਹ ਲੋਕ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਪੈਦਾ ਕਰਨ ਵਾਲੀ ਇਕ ਸ਼ਕਤੀ ਹੈ ਜਿਹੜੀ ਕਿ ਰੱਬ ਦੀ ਹੋਂਦ ਦਾ ਅਹਿਸਾਸ ਦਿਵਾਉਂਦੀ ਹੈ, ਪਰ ਪੈਸੇ ਦੇ ਗੁਲਾਮਾਂ ਨੂੰ ਬੱਸ ਪੈਸਾ ਹੀ ਦਿਸਦਾ ਹੈ।  

ਕਈ ਲੋਕ ਕਹਿੰਦੇ ਹਨ ਕਿ ਅਸੀਂ ਮੌਤ ਦੇ ਡਰ ਤੋਂ ਇਕ ਫ਼ਰਜ਼ੀ ਤਾਕਤ ਦੀ ਪੂਜਾ ਕਰਦੇ ਹਾਂ। ਜੇ ਇਨਸਾਨ ਨੂੰ ਮੌਤ ਦਾ ਡਰ ਨਾ ਹੋਵੇ ਤਾਂ ਉਹ ਕਿਸੇ ਵੀ ਰੱਬ ਨੂੰ ਨਹੀਂ ਮੰਨੇਗਾ। ਅਸਲ ਵਿੱਚ ਚੰਗਾ ਹੈ ਕਿ ਅਸੀਂ ਰੱਬ ਦੀ ਹੋਂਦ ਨੂੰ ਮੰਨਦੇ ਹਾਂ, ਨਹੀਂ ਤਾਂ ਅਸੀਂ ਸਾਰੇ ਹੀ ਰੱਬ ਬਣ ਜਾਵਾਂਗੇ।  

          

 
                                     
              
 ਮਾਰਚ 22, 2009  

        

ਰੱਬ

-ਰਣਜੀਤ ਸਿੰਘ (ਲੁਧਿਆਣਾ)

''ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ ਧੰਦਾ..." ਪ੍ਰੋ. ਮੋਹਨ ਸਿੰਘ ਨੇ ਪੰਜਾਬੀ ਕਵਿਤਾ ਵਿੱਚ ਬਹੁਤ ਵਧੀਆ ਲਿਖਿਆ ਹੈ ਪਰ ਉਹ ਸ਼ਾਇਦ ਰੱਬ ਦੇ ਪੇਚਾਂ ਦਾ ਭੇਦ ਨਹੀਂ ਖੋਲ ਸਕੇ। ਪਰ ਆਪਾਂ ਸਭ ਨੂੰ ਕਿਸੇ ਨਾ ਕਿਸੇ ਦਾ ਡਰ ਹੋਣਾ ਚਾਹੀਦਾ ਹੈ ਜਾਂ ਕਬੂਲਣਾ ਪਵੇਗਾ। ਡਰਨ ਅਤੇ ਕਬੂਲਣ ਵਿੱਚ ਹੀ ਸਭ ਦਾ ਭਲਾ ਹੈ। ਜਿਵੇਂ ਮਾਂ ਪਿਓ ਦਾ ਡਰ। ਜਦੋਂ ਕਿਸੇ ਚੀਜ਼ ਨੂੰ ਨਾ ਮੰਨਣਾ ਹੋਵੇ ਸੌ ਬਹਾਨੇ ਹਨ। ਮੈਂ 100 ਪ੍ਰਤੀਸ਼ਤ ਰੱਬ ਵਿੱਚ ਵਿਸ਼ਵਾਸ ਰੱਖਦਾ ਹਾਂ ਪਰ ਅੰਧ ਵਿਸ਼ਵਾਸੀ ਨਹੀਂ ਹਾਂ ਜਿਵੇਂ 90 ਪ੍ਰਤੀਸ਼ਤ ਦੁਨੀਆਂ ਹੈ (ਪੰਜਾਬ ਵਿੱਚ)। ਸ੍ਰਿੀ ਗੁਰੁ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਹੈ ਉਸ ਦੇ ਉੱਪਰ ਹੀ ਚਲਣ ਦੀ ਕੋਸ਼ਿਸ਼ ਕਰਦਾ ਹਾਂ। ਹੋਰ ਮੇਰੇ ਹਿਸਾਬ ਨਾਲ ਰੱਬ ਇਕ ਅਜਿਹੀ ਸ਼ਕਤੀ ਹੈ ਜੋ ਕਿਸੇ ਨੂੰ ਨਾ ਦਿਸੀ ਹੈ ਅਤੇ ਨਾ ਦਿਸਣੀ ਹੈ।

          

 
                                     
              
 ਮਾਰਚ 24, 2009  

        

ਮੇਰਾ ਪ੍ਰਤਿਕਰਮ

-ਸਾਧੂ ਬਿਨਿੰਗ

 

ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ ਪ੍ਰੇਮ ਮਾਨ ਜੀ ਦੇ ਵਿਚਾਰ ਮੈਂ ਧਿਆਨ ਨਾਲ ਪੜ੍ਹੇ ਹਨ। ਉਨ੍ਹਾਂ ਨੇ ਇਮਾਨਦਾਰੀ, ਸੰਜੀਦਗੀ ਤੇ ਹੌਸਲੇ ਨਾਲ ਇਸ ਟੇਢੇ ਵਿਸ਼ੇ ਬਾਰੇ ਲਿਖਿਆ ਹੈ। ਗੁਰਬਾਣੀ ਤੇ ਕਵਿਤਾ ਦੀਆਂ ਢੁੱਕਵੀਆਂ ਉਕਤੀਆਂ ਤੇ ਉਦਾਹਰਨਾਂ ਦੇ ਕੇ ਲੇਖ ਪੜ੍ਹਨੇ ਨੂੰ ਦਿਲਚਸਪ ਤੇ ਆਨੰਦਮਈ ਬਣਾ ਦਿੱਤਾ ਹੈ। ਮੈਂ ਉਨ੍ਹਾਂ ਦੀ ਇਸ ਯੋਗਤਾ ਤੇ ਹਿੰਮਤ ਦਾ ਕਦਰਦਾਨ ਹਾਂ ਅਤੇ ਇਸ ਗੱਲ ਲਈ ਧੰਨਵਾਦੀ ਵੀ ਕਿ ਉਨ੍ਹਾਂ ਨੇ ਮੇਰੇ ਖ਼ਤ ਦੇ ਜਵਾਬ ਵਿਚ ਇਹ ਲੇਖ ਲਿਖਿਆ ਹੈ।  ਉਨ੍ਹਾਂ ਦੇ ਇਸ ਕਥਨ ਵਿਚ ਭਾਵੇਂ ਕੁਝ ਸਚਾਈ ਹੈ ਕਿ ''ਰੱਬ ਤੇ ਸਿਆਸਤ ਬਾਰੇ ਆਮ ਤੌਰ 'ਤੇ ਲੋਕਾਂ ਦੇ ਵਿਚਾਰ ਬਹੁਤ ਹੀ ਠੋਸ ਅਤੇ ਕੱਟੜ ਹੁੰਦੇ ਹਨ ਅਤੇ ਜਦੋਂ ਵਿਚਾਰ ਠੋਸ ਅਤੇ ਕੱਟੜ ਹੋਣ ਤਾਂ ਬਹਿਸ ਕਰਨ ਦਾ ਬਹੁਤਾ ਫਾਇਦਾ ਨਹੀਂ ਹੁੰਦਾ ਕਿਉਂਕਿ ਕੋਈ ਵੀ ਇਨਸਾਨ ਉਸ ਅਸਥਾਨ ਜਾਂ ਵਿਚਾਰਧਾਰਾ ਤੋਂ ਨਹੀਂ ਹਿਲਦਾ ਜਿੱਥੇ ਉਹ ਪੈਰ ਜਮਾ ਕੇ ਖੜਾ ਹੋਵੇ" ਪਰ ਮੈਂ ਉਨ੍ਹਾਂ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ। ਇਹ ਗੱਲ ਕਹਿਣ ਸੁਣਨ ਨੂੰ ਠੀਕ ਲਗਦੀ ਹੈ ਪਰ ਅਸਲੀਅਤ ਵਿਚ ਏਦਾਂ ਹੈ ਨਹੀਂ। ਮੰਨਿਆ ਕਿ ਜਿਹੜੀ ਚੀਜ਼ ਨੂੰ ਅਸੀਂ ਸਹੀ ਸਮਝਣ ਲੱਗ ਪਈਏ ਉਹਦੇ 'ਤੇ ਡਟ ਕੇ ਪਹਿਰਾ ਦਿੰਦੇ ਹਾਂ ਪਰ ਫੇਰ ਵੀ ਅਸੀਂ ਦੂਜੇ ਲੋਕਾਂ ਦੇ ਵਿਚਾਰ ਸੁਣਦੇ ਹਾਂ ਅਤੇ ਆਪਣੇ ਵਿਚਾਰ ਬਦਲਦੇ ਵੀ ਹਾਂ। ਆਪਣੇ ਹੀ ਜੀਵਨ ਵਿਚ ਅਸੀਂ ਜੇ ਪਿੱਛੇ ਝਾਤ ਪਾਈਏ ਤਾਂ ਦੇਖ ਸਕਦੇ ਹਾਂ ਕਿ ਕਿੰਨੀਆਂ ਚੀਜ਼ਾਂ ਬਾਰੇ ਨਵੇਂ ਵਿਚਾਰ, ਨਵੇਂ ਨਜ਼ਰੀਏ ਗ੍ਰਹਿਣ ਕੀਤੇ ਹਨ। ਸਾਡੇ ਜੀਉਂਦੇ ਜਾਗਦੇ ਹੋਣ ਦਾ, ਵਿਕਾਸ ਕਰਨ ਦਾ, ਅਸਲ ਵਿਚ ਸਬੂਤ ਹੀ ਇਹੋ ਹੈ। ਵਿਚਾਰਾਂ ਦਾ ਵਿਕਾਸ ਅਦਾਨ ਪ੍ਰਦਾਨ ਤੋਂ ਬਿਨ੍ਹਾਂ ਸੰਭਵ ਨਹੀਂ। ਸੋ ਇਸ ਧਾਰਨਾ ਨੂੰ ਲੈ ਕੇ ਮੈਂ ਉਨ੍ਹਾਂ ਦੇ ਲੇਖ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲੱਗਾ ਹਾਂ। ਮੈਂ ਆਪਣੇ ਆਪ ਨੂੰ ਕਵੀ ਲੇਖਕ ਜਾਂ ਇਹੋ ਜਿਹੀਆਂ ਹੋਰ 'ਸ਼ੈਆਂ' ਨਾਲੋਂ ਇਕ ਵਿਦਿਆਰਥੀ ਵਧੇਰੇ ਸਮਝਦਾ ਹਾਂ। ਇਕ ਵਿਦਿਆਰਥੀ ਦੇ ਤੌਰ 'ਤੇ ਸਮੱਸਿਆ ਨੂੰ ਸਮਝਣ ਦੇ ਇਰਾਦੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਮਾਨ ਜੀ ਮੇਰੀਆਂ ਗੱਲਾਂ ਨੂੰ ਇਸੇ ਹੀ ਰੌਸ਼ਨੀ ਵਿਚ ਲੈਣਗੇ।  

ਆਪਣੇ ਲੇਖ ਦੇ ਸ਼ੁਰੂ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਨਾ ਪੂਰੀ ਤਰ੍ਹਾਂ ਆਸਤਕ ਕਿਹਾ ਤੇ ਨਾ ਨਾਸਤਕ। ਇਸ ਪੁਜ਼ੀਸ਼ਨ ਵਾਲੇ ਸ਼ੰਕਾਵਾਦੀ (ਅਗਨੌਸਟਿਕ) ਕਹਾਉਂਦੇ ਹਨ ਪਰ ਉਨ੍ਹਾਂ ਨੇ ਇਹ ਲੇਬਲ ਆਪਣੇ 'ਤੇ ਨਹੀਂ ਲਾਇਆ। ਇਹ ਠੀਕ ਹੀ ਹੈ, ਕਿਉਂਕਿ ਉਨ੍ਹਾਂ ਦੇ ਲੇਖ ਤੋਂ ਸਮੁੱਚਾ ਪ੍ਰਭਾਵ ਇਹ ਬਣਦਾ ਹੈ ਕਿ ਉਹ ਸ਼ੰਕਾਵਾਦੀ ਨਹੀਂ ਆਸਤਕ ਹਨ। ਲੇਖ ਦੇ ਸਿਰਲੇਖ - ਰੱਬ ਦੀ ਹੋਂਦ ਜਾਂ ਅਣਹੋਂਦ - ਤੋਂ ਬਿਨ੍ਹਾਂ ਇਹ ਗੱਲ ਕਿਤੇ ਵੀ ਵਿਚਾਰੀ ਨਹੀਂ ਗਈ। ਲੇਖ ਦਾ ਤੀਜਾ ਵਾਕ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ - ''ਰੱਬ ਦੀ ਹੋਂਦ ਬਾਰੇ ਮੈਂ ਆਪਣਾ ਦ੍ਰਿਸ਼ਟੀਕੋਣ ਹੇਠਾਂ ਪੇਸ਼ ਕਰਦਾ ਹਾਂ।" ਪਹਿਲਾ ਸਵਾਲ ਸੀ ਕਿ 'ਕੀ ਰੱਬ ਹੈ?' ਪਰ ਇਸ ਬਾਰੇ ਵਿਚਾਰ ਪੇਸ਼ ਨਹੀਂ ਕੀਤੇ ਗਏ ਸਗੋਂ ਸਾਰੇ ਲੇਖ ਵਿਚ ਇਨ੍ਹਾਂ ਸਵਾਲਾਂ ਬਾਰੇ ਵਿਚਾਰ ਹਨ ਕਿ 'ਰੱਬ ਕੀ ਹੈ? ਅਸੀਂ ਉਹਨੂੰ ਕਿਉਂ ਮੰਨਦੇ ਹਾਂ? ਉਹਨੂੰ ਮੰਨਣ ਦੇ ਕੀ ਫਾਇਦੇ ਹਨ?'

ਇਸ ਵਿਸ਼ੇ ਦੀ ਜਟਿਲਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚੋਂ ਮਸ਼ਹੂਰ ਟੂਕ ਦਿੱਤੀ ਹੈ - ''ਰੱਬ ਇਕ ਗੁੰਝਲਦਾਰ ਬੁਝਾਰਤ ਰੱਬ ਇਕ ਗੋਰਖ ਧੰਦਾ, ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫ਼ਰ ਹੋ ਜਾਏ ਬੰਦਾ।" ਮੈਂ ਇਨ੍ਹਾਂ ਸਤਰਾਂ ਨੂੰ ਇਸ ਤਰ੍ਹਾਂ ਪੜ੍ਹਦਾ ਹਾਂ ਕਿ ਰੱਬ ਬਾਰੇ ਧਿਆਨ ਨਾਲ ਸੋਚਣ 'ਤੇ, ਪਰਖ ਪੜਤਾਲ ਕਰਨ 'ਤੇ, ਬੰਦਾ ਜਿਸ ਸਿੱਟੇ 'ਤੇ ਪਹੁੰਚੇਗਾ, ਉਹ ਨਾਸਤਿਕਤਾ ਹੋਵੇਗੀ। ਦਰਅਸਲ ਜਿਹੜੀ ਗੱਲ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਕਹੀ ਸੀ ਉਹੀ ਗੱਲ ਸਿਆਣੇ ਲੋਕ ਸਦੀਆਂ ਤੋਂ ਕਹਿੰਦੇ ਆਏ ਹਨ, ਖਾਸ ਕਰ ਭਾਰਤ ਵਿਚ। ਇੱਧਰ ਪੱਛਮ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਇਸ ਵਿਸ਼ੇ 'ਤੇ ਛਪੀਆਂ ਤੇ ਬਹੁ ਚਰਚਿਤ ਹੋਈਆਂ ਕਿਤਾਬਾਂ ਦੇ ਲੇਖਕ - ਰਿਚਰਡ ਡਾਕਿਨਜ਼, ਕਰਿਸਟੋਫਰ ਹਿਚਨਜ਼, ਸੈਮ ਹੈਰਿਸ ਤੇ ਹੋਰ - ਕਹਿ ਰਹੇ ਹਨ ਕਿ ਜੇ ਤੁਸੀਂ ਜ਼ਰਾ ਸਮਾਂ ਲਾ ਕੇ, ਧਿਆਨ ਨਾਲ, ਇਮਾਨਦਾਰੀ ਨਾਲ, ਤਰਕ ਨਾਲ ਸੋਚੋ ਤਾਂ ਤੁਸੀਂ ਜਿਸ ਸਿੱਟੇ 'ਤੇ ਪਹੁੰਚੋਗੇ ਉਹ ਨਾਸਤਿਕਤਾ ਹੀ ਹੋਵੇਗੀ।

ਆਪਣੇ ਲੇਖ ਦੇ ਪਹਿਲੇ ਹਿੱਸੇ ਵਿਚ ਉਹ ਸਾਨੂੰ ਇਹ ਦੱਸਦੇ ਹਨ ਕਿ ਅਸੀਂ ਰੱਬ ਨੂੰ ਕਿਉਂ ਮੰਨਦੇ ਹਾਂ? ਉਹ ਤਿੰਨ ਉਦਾਹਰਨਾਂ ਦਿੰਦੇ ਹਨ 1) ਜੰਗਲ ਵਿਚ ਸ਼ੇਰ, 2) ਕਬਰਾਂ ਵਿਚ ਭੂਤ, 3) ਹਨੇਰੇ ਵਿਚ ਲੁਟੇਰੇ। ਇਨ੍ਹਾਂ ਤਿੰਨਾਂ ਦਾ ਸਬੰਧ ਡਰ ਨਾਲ ਹੈ ਅਤੇ ਉਹ ਇਹ ਸਾਬਤ ਕਰਦੇ ਹਨ ਕਿ ਅਸੀਂ ਰੱਬ ਨੂੰ ਡਰ ਕਾਰਨ ਮੰਨਦੇ ਹਾਂ। ਉਨ੍ਹਾਂ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਰੱਬ ਨੂੰ ਮੰਨਣ ਦਾ ਵੱਡਾ ਕਾਰਨ ਡਰ ਹੈ। ਇਹ ਡਰ ਉਨ੍ਹਾਂ ਚੀਜ਼ਾਂ ਦਾ ਹੁੰਦਾ ਹੈ ਜਿਨ੍ਹਾਂ ਬਾਰੇ ਸਾਨੂੰ ਪਤਾ ਨਾ ਹੋਵੇ? ਅੱਜ ਤੋਂ ਦੋ ਤਿੰਨ ਸੌ ਸਾਲ ਪਹਿਲਾਂ ਸ਼ਾਇਦ ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਨ ਜਿਨ੍ਹਾਂ ਬਾਰੇ ਬੰਦੇ ਨੂੰ ਪਤਾ ਨਹੀਂ ਸੀ ਤੇ ਉਹ ਬੰਦੇ ਅੰਦਰ ਡਰ ਪੈਦਾ ਕਰਦੀਆਂ ਸਨ। ਇਸ ਡਰ 'ਤੇ ਕਾਬੂ ਪਾਉਣ ਲਈ ਬੰਦਾ ਰੱਬ ਵਰਗੀ ਕਿਸੇ ਸ਼ੈਅ ਵਿਚ ਯਕੀਨ ਕਰਦਾ ਸੀ। ਹੁਣ ਭੌਤਿਕ ਤੇ ਸਮਾਜਿਕ ਵਿਗਿਆਨੀਆਂ ਨੇ ਅਜਿਹੀਆਂ ਬਹੁਤੀਆਂ ਚੀਜ਼ਾਂ ਦਾ ਭੇਤ ਪਾ ਲਿਆ ਹੈ ਅਤੇ ਡਰਨ ਦੇ ਬਾਹਰ ਦਿਸਦੇ ਕਾਰਨ ਬਹੁਤੇ ਨਹੀਂ ਰਹੇ।

ਜਿਹੜੀਆਂ ਤਿੰਨ ਉਦਾਹਰਨਾਂ ਏਥੇ ਵਰਤੀਆਂ ਗਈਆਂ ਹਨ (ਜਾਂ ਇਹੋ ਜਿਹੇ ਡਰਾਂ ਦੀਆਂ ਹੋਰ ਵੀ ਅਨੇਕਾਂ ਉਦਾਹਰਨਾਂ ਲਈਆਂ ਜਾ ਸਕਦੀਆਂ ਹਨ) ਜੇ ਅਸੀਂ ਉਨ੍ਹਾਂ ਵੱਲ ਨਿਗ੍ਹਾ ਮਾਰੀਏ ਤਾਂ ਡਰਨ ਦਾ ਕੋਈ ਕਾਰਨ ਸਮਝ ਨਹੀਂ ਪੈਂਦਾ। ਜੇ ਜੰਗਲ ਵਿਚ ਸ਼ੇਰ ਹੈ ਤਾਂ ਵਿਗਿਆਨਕ ਸੋਚ ਵਾਲਾ (ਹੁਣ ਤਾਂ ਸ਼ਾਇਦ ਆਮ ਸੋਚ ਵਾਲਾ ਵੀ) ਸਿਆਣਾ ਬੰਦਾ ਇਸ ਦਾ ਪਤਾ ਲਾਵੇਗਾ ਤੇ ਸ਼ੇਰ ਹੋਣ ਦੀ ਹਾਲਤ ਵਿਚ ਇਹੋ ਜਿਹੇ ਪ੍ਰਬੰਧ ਕਰੇਗਾ ਜਿਹਦੇ ਨਾਲ ਕਿਸੇ ਮਨੁੱਖ ਦੀ ਜਾਨ ਨੂੰ ਖਤਰਾ ਨਾ ਬਣੇ। ਏਸੇ ਤਰ੍ਹਾਂ ਭੂਤਾਂ ਦੀ ਗੱਲ। ਇਹ ਕਹਾਣੀਆਂ ਸੁਣਨ ਸੁਣਾਉਣ ਲਈ ਬਹੁਤ ਹੀ ਵਧੀਆ ਚੀਜ਼ ਹਨ। ਮਨਘੜਤ (ਫਿਕਸ਼ਨ) ਕਹਾਣੀਆਂ ਸੁਣਾਉਣ ਵਾਲੇ ਇਸ ਦੀ ਬੜੀ ਵਰਤੋਂ ਕਰਦੇ ਆਏ ਹਨ ਅਤੇ ਲਗਾਤਾਰ ਕਰ ਰਹੇ ਹਨ। ਹਾਲੀਵੁੱਡ ਵਾਲੇ ਹਮੇਸ਼ਾ ਭੂਤਾਂ ਬਾਰੇ ਨਵੀਆਂ ਤੋਂ ਨਵੀਆਂ ਫਿਲਮਾਂ ਬਣਾਉਂਦੇ ਹਨ, ਲੋਕਾਂ ਦਾ ਮਨ ਪਰਚਾਵਾ ਕਰਦੇ ਹਨ ਅਤੇ ਬੇਸ਼ੁਮਾਰ ਧੰਨ ਕਮਾਉਂਦੇ ਹਨ। ਪਰ ਅਸਲੀਅਤ ਵਿਚ ਭੂਤ ਨਾਂ ਦੀ ਕੋਈ ਚੀਜ਼ ਅਜੇ ਤੱਕ ਬੰਦੇ ਦੇ ਸਾਹਮਣੇ ਨਹੀਂ ਆਈ। ਵੱਡੇ ਸਮਾਜ ਦੀ ਤਾਂ ਗੱਲ ਛੱਡੋ, ਸਾਡੇ ਆਪਣੇ ਵੈਨਕੂਵਰ, ਟਰਾਂਟੋ (ਸ਼ਾਇਦ ਨਿਊ ਯਾਰਕ ਵੀ) ਦੇ ਪੰਜਾਬੀ ਭਾਈਚਾਰਿਆਂ ਵਿਚ ਅਨੇਕਾਂ ਇਹੋ ਜਿਹੇ ਤਰਕਸ਼ੀਲ ਵਿਅਕਤੀ ਹਨ ਜਿਹੜੇ ਜਦੋਂ ਕਹੋ ਜਿੱਥੇ ਕਹੋ ਜਿੰਨਾ ਚਿਰ ਕਹੋ ਖੜ੍ਹੇ ਰਹਿਣਗੇ ਤੇ ਕਦੇ ਕੋਈ ਭੂਤ ਉਨ੍ਹਾਂ ਤੱਕ ਨਹੀਂ ਪਹੁੰਚੇਗਾ। ਅਣਜਾਣੀ ਚੀਜ਼ ਦੇ ਡਰ ਤੋਂ ਬਚਣ ਸਬੰਧੀ ਸੇਖੋਂ ਦੀ ਮਸ਼ਹੂਰ ਕਹਾਣੀ ਪੇਮੀ ਦੇ ਨਿਆਣੇ ਦਾ ਹਵਾਲਾ ਦਿੱਤਾ ਗਿਆ ਹੈ। ਇਹਦੇ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਤਾਂ ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਪੰਜਾਬ ਦੇ ਇਕ ਪਿੰਡ ਵਿਚ ਰਹਿ ਰਹੇ ਨਿੱਕੇ ਨਿੱਕੇ ਨਿਆਣੇ ਸਨ, ਕੀ ਸਾਨੂੰ ਇੱਕੀਵੀਂ ਸਦੀ ਵਿਚ ਦੁਨੀਆਂ ਦੇ ਸਭ ਤੋਂ ਵੱਧ ਵਿਕਸਤ ਮੁਲਕਾਂ ਵਿਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਸੇਧ ਦੇਣ ਲਈ ਉਨ੍ਹਾਂ ਬੱਚਿਆਂ ਦੀ ਉਦਾਹਰਨ ਵਰਤਣੀ ਚਾਹੀਦੀ ਹੈ? ਉਹ ਬੱਚੇ ਆਪਣੇ ਜੀਵਨ ਦੇ ਉਸ ਪੜਾਅ ਦੌਰਾਨ ਜਿਹੜੀਆਂ ਅਨੇਕਾਂ ਹੋਰ ਗੱਲਾਂ ਵਿਚ ਯਕੀਨ ਕਰਦੇ ਹੋਣਗੇ ਉਨ੍ਹਾਂ 'ਚੋਂ ਅਸੀਂ ਸ਼ਾਇਦ ਹੀ ਕਿਸੇ ਗੱਲ ਨਾਲ ਸਹਿਮਤ ਹੋਈਏ। ਸਾਰੀ ਗੱਲ ਦਾ ਸਾਰ ਅੰਸ਼ ਇਹ ਹੈ ਕਿ ਅਜੋਕੇ ਸਮਾਜ ਵਿਚ ਸਾਨੂੰ ਕਿਸੇ ਵੀ ਦਿਸਦੀ ਅਣਦਿਸਦੀ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਜੇ ਆਪ ਹੀ ਘੜੇ ਰੱਬ ਨੂੰ ਮੰਨਣ ਦਾ ਇਹੀ ਕਾਰਨ ਹੈ ਤਾਂ ਫੇਰ ਹੁਣ ਇਹਦੀ ਲੋੜ ਨਹੀਂ ਰਹੀ।

ਇਸ ਤੋਂ ਅੱਗੇ ਰੱਬ ਨੂੰ ਮੰਨਣ ਦੇ ਫਾਇਦਿਆਂ (ਉਂਜ ਤਾਂ ਪਹਿਲਾਂ ਵੀ ਗੱਲ ਫਾਇਦੇ ਦੀ ਹੀ ਸੀ ਕਿ ਮੰਨਣ ਨਾਲ ਡਰ ਖਤਮ ਹੁੰਦਾ ਹੈ, ਜਾਣੀ ਫਾਇਦਾ ਹੁੰਦਾ ਹੈ) ਬਾਰੇ ਗੱਲ ਕੀਤੀ ਗਈ ਹੈ। ਮਾਨ ਜੀ ਦੱਸਦੇ ਹਨ ਕਿ ਵਿਸ਼ਵਾਸ ਕਰਨ ਨਾਲ ਨਕਲੀ ਦਵਾਈ ਦਾ ਵੀ ਅਸਲੀ ਦਵਾਈ ਵਰਗਾ ਅਸਰ ਹੋ ਜਾਂਦਾ ਹੈ। ਉਨ੍ਹਾਂ ਅਨੁਸਾਰ ਉਂਜ ਹੀ ''ਕਈ ਵਾਰੀ ਇਨਸਾਨ ਰੱਬ ਦਾ ਸਾਥ ਆਪਣੇ ਨਾਲ ਸਮਝ ਕੇ ਔਖੇ ਵਕਤਾਂ ਵਿਚ ਡੋਲਦਾ ਨਹੀਂ।" ਪਰ ਇਨ੍ਹਾਂ ਫਾਇਦਿਆਂ ਤੋਂ ਨਾ ਤਾਂ ਇਹ ਗੱਲ ਸਾਬਤ ਹੁੰਦੀ ਹੈ ਕਿ ਰੱਬ ਹੈ ਤੇ ਨਾ ਹੀ ਇਹ ਗੱਲ ਕਿ ਇਹ ਮਸਲੇ ਫਰਜ਼ੀ ਰੱਬ ਨੂੰ ਮੰਨਣ ਤੋਂ ਬਿਨਾਂ ਸੁਲਝਾਉਣੇ ਸੰਭਵ ਨਹੀਂ।

ਅੱਗੇ ਇਕ ਹੋਰ ਆਮ ਵਿਚਾਰਿਆ ਜਾਂਦਾ ਨੁਕਤਾ ਉਠਾਇਆ ਗਿਆ ਹੈ। ਉਹ ਕਹਿੰਦੇ ਹਨ ਕਿ ''ਰੱਬ ਦੀ ਹੋਂਦ ਨੂੰ ਮਨਜ਼ੂਰ ਕਰਨ ਦਾ ਇਕ ਹੋਰ ਫਾਇਦਾ ਇਹ ਹੈ ਕਿ ਰੱਬ ਵਲੋਂ ਮਾੜੇ ਕੰਮਾਂ ਦੀ ਸਜ਼ਾ ਦੇ ਡਰ ਨਾਲ ਇਨਸਾਨ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ ਹੈ।" (ਉਂਜ ਉਹ ਇਸ ਕਿਸਮ ਦੇ ਰੱਬ ਤੋਂ ਇਨਕਾਰੀ ਹਨ ਜਿਹੜਾ ਕਿਸੇ ਨੂੰ ਸਜ਼ਾ ਜਾਂ ਇਨਾਮ ਦਿੰਦਾ ਹੋਵੇ)। ਰੱਬ ਜਾਂ ਧਰਮ ਨੂੰ ਮੰਨਣ ਵਾਲੇ ਲੋਕ ਅਕਸਰ ਹੀ ਇਸ ਨੁਕਤੇ 'ਤੇ ਜ਼ੋਰ ਪਾਉਂਦੇ ਹਨ ਕਿ ਇਨਸਾਨ ਅਤੇ ਸਮਾਜ ਨੂੰ ਵਧੀਆ ਬਣਾਉਣ ਲਈ ਰੱਬ ਤੇ ਧਰਮ ਜ਼ਰੂਰੀ ਹਨ। ਇਸ ਨੁਕਤੇ ਦਾ ਦੂਜਾ ਪਾਸਾ ਹੈ ਕਿ ਰੱਬ ਤੇ ਧਰਮ ਨੂੰ ਨਾ ਮੰਨਣ ਵਾਲੇ ਲੋਕ ਮਾੜੇ ਕੰਮ ਕਰਨ ਵਾਲੇ ਹੋਣਗੇ ਅਤੇ ਸਮਾਜ ਨੂੰ ਵੀ ਮਾੜਾ ਹੀ ਬਣਾਉਣਗੇ। ਮਾਨ ਹੋਰੀਂ ਵੀ ਆਪਣੇ ਲੇਖ ਵਿਚ ਇਸ ਮਕਸਦ ਲਈ ਰੱਬ ਤੋਂ ਉਲਟ ਸ਼ੈਤਾਨ ਨੂੰ ਰੱਖ ਕੇ ਇਹੋ ਕਹਿਣ ਦੀ ਕੋਸ਼ਸ਼ ਕੀਤੀ ਹੈ। ਇਹ ਨੁਕਤਾ ਇਕ ਵੱਖਰੇ ਵਿਚਾਰ ਵਟਾਂਦਰੇ ਦੀ ਮੰਗ ਕਰਦਾ ਹੈ ਕਿ ਅਸਲ ਵਿਚ 'ਚੰਗਾ' ਤੇ 'ਮਾੜਾ' ਹੁੰਦਾ ਕੀ ਹੈ? ਜਿਵੇਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਇਕ ਗੱਲ ਨੂੰ ਇਕ ਭਾਈਚਾਰੇ ਵਿਚ ਚੰਗੀ ਗਿਣਿਆ ਜਾਂਦਾ ਹੈ ਤੇ ਉਸੇ ਗੱਲ ਨੂੰ ਕਿਸੇ ਦੂਜੇ ਭਾਈਚਾਰੇ ਵਿਚ ਮਾੜੀ। ਅਸੀਂ ਆਪਣੀ ਗੱਲ ਕਰਨ ਲਈ ਚੰਗੇ ਕੰਮ ਦੀ ਮੋਟੀ ਜਿਹੀ ਪਰਿਭਾਸ਼ਾ ਇਹ ਮੰਨ ਲੈਂਦੇ ਹਾਂ ਕਿ ਕਿਸੇ ਇਨਸਾਨ ਵਲੋਂ ਕੀਤਾ ਗਿਆ ਉਹ ਕੰਮ ਜਿਸ ਨਾਲ ਦੂਜੇ ਇਨਸਾਨਾਂ ਦੇ ਜੀਵਨ ਨੂੰ ਰਾਜ਼ੀ ਖੁਸ਼ੀ ਤੇ ਆਜ਼ਾਦੀ ਨਾਲ ਜੀਣ ਵਿਚ ਸਹਾਇਤਾ ਹੁੰਦੀ ਹੋਵੇ। ਜੇ ਇਸ ਪਰਿਭਾਸ਼ਾ ਨੂੰ ਧਿਆਨ ਵਿਚ ਰੱਖ ਕੇ ਅਸੀਂ ਉਨ੍ਹਾਂ ਲੋਕਾਂ ਵਲ ਨਿਗ੍ਹਾ ਮਾਰੀਏ ਜਿਨ੍ਹਾਂ ਨੇ ਦੂਜਿਆਂ ਵਾਸਤੇ ਅਸਰਦਾਇਕ ਚੰਗੇ ਕੰਮ ਕੀਤੇ ਹਨ ਤਾਂ ਸੰਭਵ ਹੈ ਕਿ ਸਾਨੂੰ ਬਹੁ-ਗਿਣਤੀ ਉਹ ਲੋਕ ਮਿਲਣ ਜਿਹੜੇ ਰੱਬ ਦੀ ਹੋਂਦ ਤੋਂ ਉੱਕਾ ਹੀ ਇਨਕਾਰੀ ਹੋਣ ਅਤੇ ਇਸੇ ਗੱਲ ਨੇ ਉਨ੍ਹਾਂ ਦੇ ਚੰਗੇ ਇਨਸਾਨ ਬਣਨ ਅਤੇ ਚੰਗੇ ਕੰਮ ਕਰਨ ਪਿੱਛੇ ਵੱਡਾ ਰੋਲ ਨਿਭਾਇਆ ਹੋਵੇ। (ਉਦਾਹਰਨ ਲਈ ਤੁਸੀਂ ਗੂਗਲ ਸਰਚ ਇੰਜਨ 'ਤੇ 'ਫੇਮੱਸ ਏਥੀਅਸਟ' ਟਾਈਪ ਕਰ ਕੇ ਦੇਖੋ ਤਾਂ ਤੁਹਾਨੂੰ ਸੈਂਕੜੇ ਹੀ ਨਹੀਂ ਹਜ਼ਾਰਾਂ ਉਹ ਨਾਂ ਦਿਸਣਗੇ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਚੰਗੇ ਕੰਮ ਕੀਤੇ ਹਨ ਅਤੇ ਕਰ ਰਹੇ ਹਨ। ਇਨ੍ਹਾਂ ਵਿਚ ਜਾਣੇ ਪਛਾਣੇ ਤੇ ਦੁਨੀਆਂ ਭਰ ਵਿਚ ਸਤਿਕਾਰੇ ਵਿਗਿਆਨੀ, ਲੇਖਕ, ਦਾਰਸ਼ਨਿਕ, ਸੰਗੀਤਕਾਰ, ਸਿਆਸਤਦਾਨ, ਜਾਣੀ ਕਿ ਜੀਵਨ ਦੇ ਹਰ ਖੇਤਰ ਦੇ ਲੋਕ ਸ਼ਾਮਿਲ ਮਿਲਣਗੇ।)। ਇਨ੍ਹਾਂ ਲੋਕਾਂ ਨੇ ਚੰਗੇ ਕੰਮ ਇਸ ਲਈ ਨਹੀਂ ਕੀਤੇ ਕਿ ਉਹ ਰੱਬ ਤੋਂ ਡਰਦੇ ਸਨ ਸਗੋਂ ਇਸ ਤੋਂ ਉਲਟ ਰੱਬ 'ਤੇ ਆਸ ਨਾ ਰੱਖਣ ਕਾਰਨ ਉਹ ਬਹੁਤ ਕੁਛ ਨਵਾਂ ਤੇ ਲੋਕਾਂ ਦੀ ਭਲਾਈ ਵਾਲਾ ਕਰ ਸਕੇ।

ਮਾਨ ਜੀ ਲਿਖਦੇ ਹਨ ਕਿ ''ਜੇ ਅਸੀਂ ਚੰਗੇ ਇਨਸਾਨ ਨਹੀਂ ਬਣ ਸਕਦੇ ਤਾਂ ਅਸੀਂ ਧਾਰਮਿਕ ਹੋ ਹੀ ਨਹੀਂ ਸਕਦੇ।" ਬਹੁਤ ਸਾਰੇ ਸਿਆਣੇ ਲੋਕਾਂ ਦਾ ਸੁਝਾਅ ਹੈ ਕਿ ਚੰਗੇ ਇਨਸਾਨ ਨੂੰ ਧਾਰਮਿਕ ਬਣਨ ਦੀ ਲੋੜ ਹੀ ਨਹੀਂ। ਅਸਲ ਵਿਚ ਤਾਂ ਧਰਮ ਚੰਗੇ ਇਨਸਾਨ ਬਣਨ ਦੇ ਰਾਹ ਵਿਚ ਰੋੜਾ ਸਾਬਤ ਹੁੰਦਾ ਹੈ। ਧਰਮ ਨਾਲ ਤੁਸੀਂ ਸਿਰਫ਼ ਇੱਕੋ ਵਿਚਾਰ ਨਾਲ ਬੱਝ ਕੇ ਰਹਿ ਜਾਂਦੇ ਹੋ। ਤੁਸੀਂ ਇਕ ਪਾਸੇ, ਬਾਕੀ ਦੀ ਸਾਰੀ ਮਨੁੱਖਤਾ ਤੁਹਾਥੋਂ ਉਲਟ ਦੂਜੇ ਪਾਸੇ। ਆਪਣੇ ਧਾਰਮਿਕ ਸ਼ੀਸ਼ੇ ਰਾਹੀਂ ਤੁਸੀਂ ਦੂਜਿਆਂ ਨੂੰ ਵੱਖਰੇ ਹੀ ਨਹੀਂ ਸਗੋਂ ਭੁੱਲੇ ਭਟਕੇ ਵੀ ਸਮਝਦੇ ਹੋ ਤੇ ਆਪਣੇ ਤੋਂ ਇਕ ਅਜੀਬ ਤਰੀਕੇ ਨਾਲ ਛੋਟੇ ਦਰਜੇ ਦੇ ਤੇ ਘਟੀਆ ਵੀ, ਕਿਉਂਕਿ ਤੁਸੀਂ ਸਮਝਦੇ ਹੋ ਕਿ ਸੱਚ ਸਿਰਫ਼ ਤੁਹਾਡੇ ਕੋਲ ਹੈ। ਫਰਜ਼ ਕਰ ਲਓ ਤੁਸੀਂ ਕਿਸੇ ਉਸ ਧਰਮ ਨੂੰ ਮੰਨਦੇ ਹੋ ਜਿਹੜਾ ਕਿਸੇ ਵੱਡੇ ਭਾਈਚਾਰੇ ਦਾ ਦੋ ਚਾਰ ਪ੍ਰਤੀਸ਼ਤ ਹੀ ਹੈ ਤੇ ਤੁਸੀਂ ਬਾਕੀ ਦੇ ਛਿਆਨਵੇਂ ਪ੍ਰਤੀਸ਼ਤ ਲੋਕਾਂ ਨੂੰ ਵੱਖਰੀ ਤੇ ਘਟੀਆ ਨਜ਼ਰ ਨਾਲ ਦੇਖਦੇ ਹੋ ਤਾਂ ਤੁਸੀਂ ਕਿੰਨੇ ਕੁ ਚੰਗੇ ਇਨਸਾਨ ਬਣ ਸਕੋਗੇ?

ਅਜੋਕੇ ਸਮੇਂ ਦੁਨੀਆਂ ਦੇ ਜਿਹੜੇ ਸਮਾਜਾਂ ਵਿਚ ਧਰਮ ਦੀ, ਰੱਬ ਦੀ ਮਾਨਤਾ ਘੱਟ ਹੈ, ਉਹ ਵੱਧ ਮਾਨਤਾ ਵਾਲੇ ਸਮਾਜਾਂ ਨਾਲੋਂ ਮਨੁੱਖ ਦੇ ਰਹਿਣ ਲਈ ਹਰ ਪੱਖੋਂ ਮੁਕਾਬਲਤਨ ਜ਼ਿਆਦਾ ਢੁਕਵੇਂ ਹਨ। ਜਿਨ੍ਹਾਂ ਮੁਲਕਾਂ ਵਿਚ ਸਟੇਟ ਤੇ ਧਰਮ ਵਿਚਕਾਰ ਦੂਰੀ ਹੈ ਜ਼ਰਾ ਉਨ੍ਹਾਂ ਦਾ ਮੁਕਾਬਲਾ ਦੂਜੇ ਮੁਲਕਾਂ ਨਾਲ ਕਰਕੇ ਦੇਖੋ ਜਿੱਥੇ ਇਹ ਦੂਰੀ ਨਹੀਂ ਹੈ, ਤਾਂ ਤੁਹਾਨੂੰ ਲੋਕਾਂ ਦੇ ਜੀਵਨ ਦੀ ਕੁਆਲਟੀ ਵਿਚ ਫਰਕ ਸਾਫ ਦਿਸੇਗਾ। ਇਹ ਹੀ ਗੱਲ ਵਿਅਕਤੀਆਂ 'ਤੇ ਲਾਗੂ ਹੁੰਦੀ ਹੈ। ਚੇਤਨ ਤੌਰ 'ਤੇ ਰੱਬ, ਧਰਮ ਦੇ ਬਖੇੜੇ 'ਚ ਨਾ ਪੈਣ ਵਾਲੇ ਦੂਜਿਆਂ ਨਾਲੋਂ ਸਮਾਜ ਦੇ ਭਲੇ ਬਾਰੇ ਬਹੁਤਾ ਸੋਚਦੇ ਅਤੇ ਕਰਦੇ ਹਨ।

ਇਹ ਗੱਲ ਮੰਨਣੀ ਪਵੇਗੀ ਕਿ ਮਾਨ ਹੋਰੀਂ ਆਪਣੇ ਰੱਬ ਦੇ ਸੰਕਲਪ ਦੀ ਵਿਆਖਿਆ ਬਹੁਤ ਖੂਬਸੂਰਤ ਤਰੀਕੇ ਨਾਲ ਕੀਤੀ ਹੈ। ਪਰ ਸਮੱਸਿਆ ਇਹ ਹੈ ਕਿ ਅਸੀਂ ਇਨ੍ਹਾਂ ਖੂਬਸੂਰਤ ਗੱਲਾਂ ਵਿਚ ਇਸ ਕਦਰ ਗੁੰਮ ਜਾਂਦੇ ਹਾਂ ਕਿ ਅਕਸਰ ਅਸਲੀ ਗੱਲ ਦਾ ਚੇਤਾ ਹੀ ਭੁਲਾ ਦਿੰਦੇ ਹਾਂ। ਰੱਬ ਦੇ ਸੰਕਲਪ ਦੀ ਗੱਲ ਕਰਦਿਆਂ ਉਨ੍ਹਾਂ ਭਗਤ ਪੂਰਨ ਸਿੰਘ ਤੇ ਮਦਰ ਟਰੀਸਾ ਦਾ ਨਾਂ ਲੈ ਕੇ ਕਿਹਾ ਹੈ ਕਿ ਉਹ ''ਇਹੋ ਜਿਹੇ ਇਨਸਾਨ ਸਨ ਜੋ ਰੱਬ ਦਾ ਰੂਪ ਹੀ ਨਹੀਂ ਸਗੋਂ ਰੱਬ ਹੀ ਸਨ।" ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਚੰਗੇ ਇਨਸਾਨ ਸਨ ਤੇ ਉਨ੍ਹਾਂ ਨੇ ਦੂਜੇ ਲੋਕਾਂ ਦੀ ਮਦਦ ਕਰਨ ਵਿਚ ਆਪਣਾ ਜੀਵਨ ਲਾਇਆ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਕਾਰਨਾਂ ਕਰਕੇ ਉਹ ਸਾਡੇ ਲਈ ਸਨਮਾਨ ਦੇ ਪਾਤਰ ਬਣੇ ਹਨ, ਉਹ ਕੀ ਸਨ? ਉਹ ਸਨ ਮਨੁੱਖਾਂ ਦੇ ਜੀਣ ਲਈ ਬਹੁਤ ਹੀ ਘਿਨੌਣੀਆਂ ਗੈਰ-ਮਨੁੱਖੀ ਹਾਲਤਾਂ। ਕੀ ਮਦਰ ਟਰੀਸਾ ਅਮਰੀਕਾ, ਕਨੇਡਾ ਜਾਂ ਯੂਰਪ ਦੇ ਮੁਲਕਾਂ ਵਿਚ ਰਹਿੰਦੀ ਹੋਈ ਉਹ ਕੁਛ ਕਰ ਸਕਦੀ ਸੀ ਜਿਸ ਕਰਕੇ ਉਹਨੂੰ ਨੋਬਲ ਇਨਾਮ ਨਾਲ ਸਨਮਾਨਿਆ ਗਿਆ। ਜਵਾਬ ਹੋਵੇਗਾ ਨਹੀਂ ਕਿਉਂਕਿ ਉਸ ਕਿਸਮ ਦੀਆਂ ਭਿਆਨਕ ਸਥਿਤੀਆਂ 'ਚ ਏਥੇ ਲੋਕ ਜੀਅ ਨਹੀਂ ਰਹੇ। ਭਾਰਤੀ ਸਮਾਜ ਨੂੰ ਚੰਗਾ ਬਣਾਉਣ ਲਈ ਕੀ ਅਸੀਂ ਮਦਰ ਟਰੀਸਾ ਨੂੰ ਰੱਬ ਬਣਾ ਕੇ ਪੂਜਣਾ ਸ਼ੁਰੂ ਕਰ ਦੇਈਏ (ਭਾਰਤ 'ਚ ਤਾਂ ਪਹਿਲਾਂ ਹੀ ਇਸ ਗੱਲ ਦੀ ਕਮੀ ਨਹੀਂ) ਤੇ ਇਹ ਆਸ ਕਰੀਏ ਕਿ ਹੋਰ ਲੋਕ ਵੀ ਮਦਰ ਟਰੀਸਾ ਵਰਗੇ ਬਣਨ? ਕੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਭਾਰਤ ਦੀ ਹਾਲਤ ਵੀ ਸੁਧਰ ਜਾਵੇ ਤੇ ਮਦਰ ਟਰੀਸਾ ਵਰਗੇ ਵਧੀਆ ਲੋਕਾਂ ਨੂੰ ਉੱਥੇ ਜਾ ਕੇ ਆਪਣਾ ਜੀਵਨ ਅਰਪਨ ਨਾ ਕਰਨਾ ਪਵੇ। ਪਰ ਭਾਰਤੀ ਸਮਾਜ ਨੂੰ ਬਦਲਣ ਲਈ ਸਾਨੂੰ ਜਾਤਾਂ, ਜਮਾਤਾਂ, ਆਰਥਿਕਤਾ, ਸਿਆਸਤ, ਬਸਤੀਵਾਦ, ਵਿਸ਼ਵੀਕਰਨ ਆਦਿ ਬਹੁਤ ਕੁਛ ਵਿਚਾਰਨਾ ਪਵੇਗਾ। ਉਹ ਲੰਮਾ ਝਮੇਲਾ ਹੋ ਜਾਂਦਾ ਹੈ। ਸੌਖੀ ਗੱਲ ਇਹੀ ਹੈ ਕਿ ਅਸੀਂ ਮਦਰ ਟਰੀਸਾ ਨੂੰ ਰੱਬ ਕਹਿ ਲਈਏ ਤੇ ਸੰਤੁਸ਼ਟ ਹੋ ਜਾਈਏ। ਇਹ ਵੀ ਰੱਬ ਨੂੰ ਮੰਨਣ ਦੇ ਫਾਇਦਿਆਂ ਵਿੱਚੋਂ ਇਕ ਹੋਰ ਫਾਇਦਾ ਹੀ ਹੈ। ਮਦਰ ਟਰੀਸਾ ਨੂੰ 1979 ਵਿਚ ਨੋਬਲ ਇਨਾਮ ਦਿੱਤਾ ਗਿਆ ਸੀ। ਉਨ੍ਹਾਂ ਹੀ ਦਿਨਾਂ ਵਿਚ ਐਲਸੈਲਵਾਡੋਰ ਵਿਚ ਇਕ ਘਟਨਾ ਵਾਪਰੀ ਸੀ। ਮਦਰ ਟਰੀਸਾ ਦੇ ਧਰਮ ਦੀਆਂ ਹੀ ਛੇ ਨੰਨਾਂ ਨੂੰ ਮਾਰ ਕੇ ਸੜਕ ਕੰਢੇ ਦੱਬ ਦਿੱਤਾ ਗਿਆ ਸੀ। ਉਹ ਵੀ ਗਰੀਬ ਲੋਕਾਂ ਦੀ ਮਦਦ ਕਰ ਰਹੀਆਂ ਸਨ। ਜਿੱਥੇ ਮਦਰ ਟਰੀਸਾ ਅਮੀਰਾਂ ਕੋਲੋਂ ਮੰਗ ਕੇ ਗਰੀਬਾਂ ਦੇ ਮੂੰਹਾਂ ਵਿਚ ਬੁਰਕੀਆਂ ਪਾ ਰਹੀ ਸੀ ਤੇ ਗਰੀਬ ਹੋਣ ਨੂੰ ਹੀ ਬੰਦੇ ਦੀ ਵੱਡੀ ਸਿਫ਼ਤ ਦੱਸ ਰਹੀ ਸੀ, ਉੱਥੇ ਇਹ ਔਰਤਾਂ ਗਰੀਬਾਂ ਨੂੰ ਕਹਿ ਰਹੀਆਂ ਸਨ ਕਿ ਰੋਟੀ ਖਾਣਾ ਤੁਹਾਡਾ ਹੱਕ ਹੈ ਤੇ ਤੁਸੀਂ ਆਪਣੇ ਹੱਕ ਦੀ ਮੰਗ ਕਰੋ। ਮੈਂ ਉਸ ਵੇਲੇ ਮਦਰ ਟਰੀਸਾ ਨੂੰ ਨੋਬਲ ਇਨਾਮ ਮਿਲਣ ਬਾਰੇ ਇਕ ਕਵਿਤਾ ਲਿਖੀ ਸੀ (ਇਹ ਕਵਿਤਾ ਪੰਜਾਬੀ ਦੇ ਨਾਲ ਨਾਲ ਅੰਗ੍ਰੇਜ਼ੀ ਵਿਚ ਵੀ ਇਕ ਦੋ ਐਨਥੋਲੌਜੀਆਂ ਵਿਚ ਛਪੀ ਹੈ)। ਉਸ ਵਿਚ ਇਹ ਵਿਚਾਰਿਆ ਸੀ ਕਿ ਮਦਰ ਟਰੀਸਾ ਨੂੰ ਇਨਾਮ ਦੇਣ ਵਾਲੀਆਂ ਕਿਹੜੀਆਂ ਤਾਕਤਾਂ ਹਨ ਤੇ ਏਦਾਂ ਦੇ ਇਨਾਮਾਂ ਪਿੱਛੇ ਉਨ੍ਹਾਂ ਦਾ ਅਸਲ ਛੁਪਿਆ ਹੋਇਆ ਮਕਸਦ ਕੀ ਹੈ।

ਮੇਰੇ ਇਸ ਸਵਾਲ - ਕੀ ਤੁਹਾਨੂੰ ਇਹ ਸੋਚ ਪਰਵਾਰ ਅਤੇ ਸਮਾਜ ਵਲੋਂ ਮਿਲੀ ਹੈ ਜਾਂ ਤੁਸੀਂ ਖੁਦ ਪੜ੍ਹ ਕੇ, ਵਿਚਾਰ ਕੇ ਇਸ ਸੋਚ ਤਾਈਂ ਪਹੁੰਚੇ ਹੋ? ਬਾਰੇ ਮਾਨ ਜੀ ਨੇ ਕੁਝ ਦਿਲਚਸਪ ਗੱਲਾਂ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ''ਕੋਈ ਵੀ ਧਰਮ ਮਾੜਾ ਨਹੀਂ, ਸਿਰਫ਼ ਉਸ ਨੂੰ ਅਸੀਂ ਹੀ ਮਾੜਾ ਬਣਾ ਦਿੰਦੇ ਹਾਂ।" ਇਸ ਗੱਲ ਨੂੰ ਜੇ ਅਸੀਂ ਉਨ੍ਹਾਂ ਦੇ ਲੇਖ ਦੇ ਸ਼ੁਰੂ ਵਿਚ ਸਿਆਸਤ ਬਾਰੇ ਕੀਤੀ ਟਿੱਪਣੀ ਨਾਲ ਮਿਲਾਈਏ ਤਾਂ ਸਮੱਸਿਆ ਬਣਦੀ ਹੈ। ਸਿਆਸਤ ਬਾਰੇ ਤਾਂ ਉਹ ਕਹਿੰਦੇ ਹਨ ਕਿ ਇਹ ਬਹੁਤ ਗੰਦੀ ਚੀਜ਼ ਹੈ ਪਰ ਧਰਮ ਬਾਰੇ ਕਹਿੰਦੇ ਹਨ ਕਿ ਚੀਜ਼ ਚੰਗੀ ਹੈ ਪਰ ਇਹਨੂੰ ਵਰਤਣ ਵਾਲੇ ਮਾੜੀ ਬਣਾ ਦਿੰਦੇ ਹਨ। ਸਿਆਸਤ ਆਪਣੇ ਆਪ ਵਿਚ ਗੰਦੀ ਚੀਜ਼ ਹੋਵੇ ਇਹ ਗੱਲ ਖਾਨੇ 'ਚ ਨਹੀਂ ਪੈਂਦੀ। ਅਜੋਕੇ ਸਮਾਜ ਨੂੰ ਚਲਦਾ ਰੱਖਣ ਲਈ ਸਿਆਸਤ ਸ਼ਾਇਦ ਉੱਨੀ ਹੀ ਜ਼ਰੂਰੀ ਹੈ ਜਿੰਨਾ ਜੀਵਨ ਲਈ ਹਵਾ ਤੇ ਪਾਣੀ। ਜਿਹੜੇ ਸਮਾਜ ਵਿਚ ਆਰਥਿਕ ਢਾਂਚਾ ਇਸ ਤਰ੍ਹਾਂ ਦਾ ਬਣਾ ਲਿਆ ਜਾਵੇ ਕਿ ਜੀਵਨ ਦਾ ਸਭ ਤੋਂ ਉਤਮ ਨਿਸ਼ਾਨਾ ਕਿਸੇ ਵੀ ਤਰੀਕੇ ਨਾਲ ਵੱਧ ਤੋਂ ਵੱਧ ਆਰਥਿਕ ਮੁਨਾਫ਼ਾ ਕਮਾਉਣਾ ਹੀ ਰਹਿ ਜਾਵੇ ਉੱਥੇ ਸਿਆਸਤ ਵੀ ਇਸੇ ਕੰਮ ਲਈ ਵਰਤੀ ਜਾਵੇਗੀ ਤੇ ਗੰਦੀ ਲੱਗੇਗੀ। ਇਸ ਆਰਥਿਕ ਢਾਂਚੇ ਦੀ ਮਾਰ ਤੋਂ ਧਰਮ ਵੀ ਨਹੀਂ ਬਚੇ। ਉਨ੍ਹਾਂ ਵਿਚ ਵੀ ਬੰਦਿਆਂ ਦਾ ਉਹੋ ਜਿਹਾ ਹੀ ਵਰਤਾਰਾ ਹੈ। ਪਰ ਸੌਖ ਨਾਲ ਇਹ ਕਹਿ ਦੇਣਾ ਕਿ ਸਿਆਸਤ ਗੰਦੀ ਹੁੰਦੀ ਹੈ ਪਰ ਧਰਮ ਚੰਗਾ ਸ਼ਾਇਦ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਾਡੇ ਅਜੋਕੇ ਸਮਾਜ ਵਿਚ ਕੀ ਪ੍ਰਵਾਨਿਤ ਹੈ। ਧਰਮ ਬਾਰੇ 'ਸਿਆਣੀ' 'ਇੱਜ਼ਤਦਾਰ' ਰਾਏ ਇਹ ਹੈ ਕਿ ਇਹ ਚੰਗਾ ਹੁੰਦਾ ਹੈ। ਸਿਆਸਤ ਬਾਰੇ ਪ੍ਰਵਾਨਿਤ ਰਾਏ ਇਹ ਹੈ ਕਿ ਇਹ ਗੰਦੀ ਹੁੰਦੀ ਹੈ। ਮਾਨ ਹੋਰੀਂ ਸਮਾਜਿਕ ਤੌਰ 'ਤੇ ਪ੍ਰਵਾਨਿਤ ਰਾਏ ਪੇਸ਼ ਕੀਤੀ ਹੈ, ਕੋਈ ਵਾਧੂ ਘਾਟੂ ਗੱਲ ਨਹੀਂ ਕੀਤੀ। ਦਰਅਸਲ ਇਸ ਵਿਚ ਹੀ ਉਨ੍ਹਾਂ ਦਾ ਅਸਲੀ ਨਜ਼ਰੀਆ ਦੇਖਿਆ ਜਾ ਸਕਦਾ ਹੈ। ਧਰਮ ਤੇ ਰੱਬ ਬਾਰੇ ਉਨ੍ਹਾਂ ਨੇ ਉਹ ਗੱਲਾਂ ਹੀ ਕੀਤੀਆਂ ਹਨ ਜੋ ਸਮਾਜ ਵਿਚ ਪ੍ਰਵਾਨਿਤ ਹਨ। ਇਹਨਾਂ ਗੱਲਾਂ ਦਾ ਪ੍ਰਚਾਰ ਹਰ ਧਰਮ ਅਸਥਾਨ 'ਤੇ ਨਿੱਤ ਹੁੰਦਾ ਹੈ। ਪੰਜਾਬੀ ਦੇ ਬੁੱਲੇ ਸ਼ਾਹ ਵਰਗੇ ਸੂਫ਼ੀ ਕਵੀਆਂ ਤੇ ਭਗਤੀ ਲਹਿਰ ਦੇ ਕਬੀਰ ਵਰਗੇ ਕਵੀਆਂ ਨੇ ਇਹ ਗੱਲਾਂ ਵਾਰ ਵਾਰ ਕਹੀਆਂ ਹਨ ਕਿ ਰੱਬ ਬੰਦੇ ਦੇ ਅੰਦਰ ਹੀ ਹੈ ਬਾਹਰ ਨਹੀਂ, ਰੱਬ ਪਾਉਣ ਲਈ ਤੁਹਾਨੂੰ ਮੰਦਰਾਂ ਮਸੀਤਾਂ ਵਿਚ ਜਾਣ ਦੀ ਲੋੜ ਨਹੀਂ। ਕੁਝ ਇਹੋ ਜਿਹੀਆਂ ਗੱਲਾਂ ਹੀ ਮਾਨ ਹੋਰੀਂ ਕੀਤੀਆਂ ਹਨ। ਹਾਂ ਇਸ ਸਬੰਧ ਵਿਚ ਇਕ ਗੱਲ ਕੁਝ ਵੱਖਰੀ ਲੱਗਦੀ ਹੈ। ਉਹ ਕਹਿੰਦੇ ਹਨ ਕਿ, ''ਧਰਮ ਵਿਚ ਵਿਸ਼ਵਾਸ ਕਰਨ ਦਾ ਇਹ ਅਰਥ ਨਹੀਂ ਕਿ ਅਸੀਂ ਰੱਬ ਵਿਚ ਵੀ ਵਿਸ਼ਵਾਸ ਕਰੀਏ।" ਮੇਰੇ ਖਿਆਲ ਵਿਚ ਵੱਡੇ ਧਰਮਾਂ ਵਿੱਚੋਂ ਸ਼ਾਇਦ ਬੁੱਧ ਧਰਮ ਵਿਚ ਹੀ ਅਜਿਹਾ ਸੰਭਵ ਹੋਵੇ। ਮੈਨੂੰ ਇਸ ਬਾਰੇ ਸ਼ੰਕਾ ਹੈ ਕਿ ਕੋਈ ਬੰਦਾ ਗੁਰਦਵਾਰੇ, ਮੰਦਰ ਜਾਂ ਮਸੀਤ ਵਿਚ ਜਾ ਕੇ ਇਹ ਕਹਿ ਸਕੇ ਕਿ ਉਹ ਧਰਮ ਵਿਚ ਤਾਂ ਯਕੀਨ ਕਰਦਾ ਹੈ ਪਰ ਰੱਬ ਵਿਚ ਨਹੀਂ।

ਇਸ ਗੱਲ ਨੂੰ ਹੋਰ ਅੱਗੇ ਤੋਰਦੇ ਹੋਏ ਉਹ ਕਹਿੰਦੇ ਹਨ ਕਿ ''ਮੈਂ ਧਰਮ ਬਾਰੇ ਸਕੂਲ-ਕਾਲਜ ਤੋਂ ਬਾਦ ਸ਼ਾਇਦ ਹੀ ਕੋਈ ਕਿਤਾਬ ਪੜ੍ਹੀ ਹੋਵੇ। ਮੈਂ ਬਹੁਤ ਹੀ ਆਜ਼ਾਦ ਖਿਆਲਾਂ ਦਾ ਹਾਂ।" ਇਹ ਅਗੜ ਪਿੱਛੜ ਦੋਵੇਂ ਬਿਆਨ ਦਿਲਚਸਪ ਹਨ। ਮਾਨ ਜੀ ਸਾਨੂੰ ਦੱਸ ਰਹੇ ਹਨ ਕਿ ਉਨ੍ਹਾਂ ਨੇ ਧਰਮ ਬਾਰੇ ਸਕੂਲ ਕਾਲਜ ਤੋਂ ਬਾਅਦ ਬਹੁਤਾ ਨਹੀਂ ਪੜ੍ਹਿਆ। ਸੋ ਇਸ ਲਈ ਉਨ੍ਹਾਂ ਦੇ ਧਰਮ ਤੇ ਰੱਬ ਬਾਰੇ ਵਿਚਾਰ ਨਿਰੋਲ ਉਨ੍ਹਾਂ ਦੇ ਆਪਣੇ ਹਨ ਜਾਣੀ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਕਿਸੇ ਹੋਰ ਦਾ ਕੋਈ ਪ੍ਰਭਾਵ ਨਹੀਂ ਕਬੂਲਿਆ। ਕੀ ਇਹ ਸੰਭਵ ਹੈ? ਸਾਡੀ ਬੋਲੀ, ਸਾਡਾ ਸਮਾਜਿਕ ਵਰਤਾਰਾ, ਇੱਥੋਂ ਤੱਕ ਕਿ ਖਾਣ ਪੀਣ ਤੇ ਪਹਿਰਾਵਾ ਵੀ ਅਸੀਂ ਨਾਲ ਲੈ ਕੇ ਨਹੀਂ ਜੰਮਦੇ ਸਗੋਂ ਸਭ ਕੁਝ ਜੰਮਣ ਬਾਅਦ ਸਿੱਖਦੇ ਹਾਂ। ਸਾਡੇ ਖਿਆਲ ਵੀ ਇਸ ਸਿੱਖੇ ਹੋਏ ਦਾ ਹਿੱਸਾ ਹੀ ਹੁੰਦੇ ਹਨ। ਇਸ ਬਾਰੇ ਨਾਵਲਕਾਰ ਗੁਰਦਿਆਲ ਸਿੰਘ ਹੋਰਾਂ ਦਾ ਇਕ ਛੋਟਾ ਜਿਹਾ ਬਹੁਤ ਹੀ ਵਧੀਆ ਲੇਖ ਹੈ - 'ਆਜ਼ਾਦ ਖਿਆਲ ਹੋਣ ਦਾ ਭੁਲੇਖਾ' (ਇਹ ਲੇਖ ਵਤਨ ਵਿਚ ਇਸ ਸਾਈਟ 'ਤੇ http://www.watanpunjabi.ca/sept2008/ ਪੜ੍ਹਿਆ ਜਾ ਸਕਦਾ ਹੈ)। ਗੁਰਦਿਆਲ ਸਿੰਘ ਹੋਰੀਂ ਸਾਨੂੰ ਇਹ ਦੱਸਦੇ ਹਨ ਕਿ ਅਸੀਂ ਜੋ ਕੁਝ ਵੀ ਹਾਂ ਚੇਤਨ ਜਾਂ ਅਚੇਤਨ ਆਲੇ ਦੁਆਲੇ ਤੋਂ ਗ੍ਰਹਿਣ ਕਰਕੇ ਬਣਦੇ ਹਾਂ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਮਾਨ ਹੋਰਾਂ ਦੇ ਖਿਆਲ ਵੀ ਇਸੇ ਤਰ੍ਹਾਂ ਹੀ ਬਣੇ ਹੋਣ।

ਮਾਨ ਹੋਰੀਂ ਸਾਰਾ ਲੇਖ ਇਕ ਆਸਤਕ ਵਜੋਂ ਲਿਖਿਆ ਹੈ ਅਤੇ ਸਾਨੂੰ ਦੱਸਣ ਦੀ ਕੋਸ਼ਸ਼ ਕੀਤੀ ਹੈ ਕਿ ਉਨ੍ਹਾਂ ਅਨੁਸਾਰ ਰੱਬ ਕੀ ਚੀਜ਼ ਹੈ। ਉਹ ਕਹਿੰਦੇ ਹਨ ਕਿ ''ਮੈਂ ਉਸ ਰੱਬ ਵਿਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ ਜੋ ਕਿਧਰੇ ਰਾਜੇ ਜਾਂ ਮਹਾਰਾਜੇ ਵਾਂਗ ਬੈਠਾ ਹੁਕਮ ਚਲਾ ਰਿਹਾ ਹੋਵੇ ਅਤੇ ਸਭ ਕੁਝ ਉਸ ਦੇ ਹੁਕਮ ਨਾਲ ਹੀ ਚੱਲਦਾ ਹੋਵੇ"। ਇਸੇ ਵਿਚਾਰ ਨੂੰ ਦੁਹਰਾਉਂਦੇ ਹਨ, ''ਮੈਂ ਇਸ ਗੱਲ ਵਿਚ ਵਿਸ਼ਵਾਸ ਨਹੀਂ ਰੱਖਦਾ ਕਿ ਰੱਬ ਕਿਧਰੇ ਕੋਈ ਜੀਉਂਦੀ-ਜਾਗਦੀ ਹਸਤੀ ਹੈ ਜੋ ਸੰਸਾਰ ਨੂੰ ਚਲਾਉਂਦੀ ਹੈ ਅਤੇ ਜੋ ਇਹ ਫੈਸਲਾ ਕਰਦੀ ਹੈ ਕਿ ਅਸੀਂ ਸਵਰਗ ਵਿਚ ਜਾਣਾ ਹੈ ਜਾਂ ਨਰਕ ਵਿਚ ਜਾਣਾ ਹੈ।" ਨਾਲ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਨਰਕ ਸਵਰਗ ਵਿਚ ਵਿਸ਼ਵਾਸ ਨਹੀਂ ਹੈ। ਸੋ ਜਿੱਥੇ ਕੁ ਤੱਕ ਮੈਨੂੰ ਗੱਲ ਦੀ ਸਮਝ ਲੱਗੀ ਹੈ ਉਹ ਕਹਿ ਰਹੇ ਹਨ ਕਿ ਉਂਜ ਰੱਬ ਨਾਂ ਦੀ ਕੋਈ ਸ਼ੈਅ ਨਹੀਂ ਹੈ ਪਰ ਸਾਨੂੰ ਆਪਣੇ ਡਰਾਂ 'ਤੇ ਕਾਬੂ ਪਾਉਣ ਲਈ ਤੇ ਚੰਗੇ ਇਨਸਾਨ ਬਣਨ ਲਈ ਰੱਬ ਨੂੰ ਮੰਨਣਾ ਜ਼ਰੂਰ ਚਾਹੀਦਾ ਹੈ। ਮੇਰਾ ਉਨ੍ਹਾਂ ਨੂੰ ਸਤਿਕਾਰ ਨਾਲ ਇਹ ਸੁਝਾਅ ਹੈ ਕਿ ਜੇ ਉਹ ਧਿਆਨ ਨਾਲ ਇਸ ਬਾਰੇ ਸੋਚਣ ਤਾਂ ਸ਼ਾਇਦ ਇਸ ਗੱਲ ਨਾਲ ਸਹਿਮਤ ਹੋ ਜਾਣ ਕਿ ਅਜੋਕੇ ਸਮੇਂ ਵਿਚ ਸਾਨੂੰ ਕਿਸੇ ਵੀ ਅਣਦਿਸਦੀ ਜਾਂ ਅਣਜਾਣੀ ਸ਼ੈਅ ਤੋਂ ਡਰਨ ਦੀ ਲੋੜ ਨਹੀਂ ਹੈ। ਸਾਨੂੰ ਡਰ-ਰਹਿਤ ਮਾਣ-ਮੱਤਾ ਜੀਵਨ ਜੀਣ ਲਈ ਫਰਜ਼ੀ ਰੱਬ ਦੀ ਫਾਹੁੜੀ ਦੀ ਵੀ ਲੋੜ ਨਹੀਂ ਹੈ। ਇਸ ਗੱਲ ਬਾਰੇ ਦੂਜੇ ਲੋਕਾਂ ਦੇ ਵਿਚਾਰ ਪੜ੍ਹਨੇ ਵਿਚਾਰਨੇ ਚਾਹੀਦੇ ਹਨ ਕਿ ਚੰਗੇ ਇਨਸਾਨ ਬਣਨ ਲਈ ਸਾਨੂੰ ਧਰਮ ਦੀ ਜਾਂ ਰੱਬ ਦੀ ਕਿੰਨੀ ਕੁ ਲੋੜ ਹੈ? ਸੰਭਵ ਹੈ ਉਹ ਹੁਣ ਨਾਲੋਂ ਕਿਸੇ ਵੱਖਰੇ ਸਿੱਟੇ 'ਤੇ ਪਹੁੰਚ ਜਾਣ।

ਜਿਵੇਂ ਕਿ ਮੇਰੀ ਉੱਪਰਲੀ ਗੱਲਬਾਤ ਤੋਂ ਸਾਫ ਹੈ ਕਿ ਇਸ ਵਿਸ਼ੇ 'ਤੇ ਮਾਨ ਹੋਰਾਂ ਨਾਲੋਂ ਮੇਰੇ ਵਿਚਾਰ ਵੱਖਰੇ ਹਨ। ਏਥੇ ਮੈਂ ਸ਼ੁਰੂ ਵਿਚ ਕਹੀ ਗੱਲ ਫੇਰ ਦੁਹਰਾਉਣੀ ਚਾਹੁੰਦਾ ਹਾਂ। ਮੇਰੇ ਮਨ ਵਿਚ ਪ੍ਰੇਮ ਮਾਨ ਜੀ ਹੋਰਾਂ ਦਾ ਇਸ ਗੱਲ ਨਾਲ ਸਤਿਕਾਰ ਵਧਿਆ ਹੈ ਕਿ ਉਨ੍ਹਾਂ ਨੇ ਇਸ ਵਿਸ਼ੇ 'ਤੇ ਸੰਵਾਦ ਰਚਾਇਆ ਹੈ। ਅੱਜ ਕੱਲ ਪੰਜਾਬੀ ਵਿਚ ਇਹ ਹੋ ਨਹੀਂ ਰਿਹਾ। ਜਿਹੜੇ ਲੋਕ ਵਿਸ਼ਵਾਸ ਕਰਦੇ ਹਨ ਉਹ ਆਪਣੇ ਧਰਮ ਤੇ ਆਪਣੇ ਗੁਰੂਆਂ ਪੀਰਾਂ ਦੇ ਨਿੱਤ ਸੋਹਲੇ ਗਾਉਂਦੇ ਹਨ (ਉਨ੍ਹਾਂ 'ਤੇ ਕੋਈ ਇਤਰਾਜ਼ ਵੀ ਨਹੀਂ) ਪਰ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਜਾਂ ਜਿਨ੍ਹਾਂ ਦੇ ਮਨਾਂ ਵਿਚ ਸ਼ੰਕਾਵਾਂ ਹਨ ਉਹ ਬਿਲਕੁਲ ਚੁੱਪ ਸਾਧੀ ਬੈਠੇ ਹਨ। ਅਸੀਂ ਦੇਖਦੇ ਹਾਂ ਕਿ ਪੰਜਾਬੀ ਲੋਕਾਂ ਨੇ, ਖਾਸ ਕਰ ਬਾਹਰਲੇ ਮੁਲਕਾਂ ਵਿਚ ਆ ਕੇ, ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਪਰ ਬੌਧਿਕ ਖੇਤਰ ਵਿਚ ਅਸੀਂ ਬਹੁਤ ਪਛੜੇ ਹੋਏ ਹਾਂ। ਇਸ ਬੌਧਿਕ ਪਛੜੇਪਨ 'ਚ ਮੈਂ ਵੀ ਸ਼ਾਮਲ ਹਾਂ। ਮੈਂ ਵੀ ਇਸ ਕਿਸਮ ਦੇ ਵਿਚਾਰ ਪਬਲਿਕ ਤੌਰ 'ਤੇ ਪਹਿਲੀ ਵਾਰੀ ਸਾਂਝੇ ਕੀਤੇ ਹਨ। ਸੰਭਵ ਹੈ ਕਿ ਮੈਂ ਗੱਲ ਲੋੜ ਤੋਂ ਵਾਧੂ ਕਰ ਗਿਆ ਹੋਵਾਂ। ਆਸ ਕਰਦਾ ਹਾਂ ਕਿ ਪ੍ਰੇਮ ਮਾਨ ਜੀ ਇਸ ਦਾ ਬੁਰਾ ਨਹੀਂ ਮਨਾਉਣਗੇ। ਇਹ ਜਾਨਣ ਦੀ ਉਤਸੁਕਤਾ ਜਿਹੀ ਹੈ ਕਿ ਇਸ ਵਿਸ਼ੇ ਬਾਰੇ ਹੋਰ ਪੰਜਾਬੀ ਲੇਖਕ ਤੇ ਬੁੱਧੀਜੀਵੀ ਕੀ ਸੋਚਦੇ ਹਨ।  

ਅਖੀਰ ਵਿਚ ਮੈਂ ਉੱਨੀਵੀਂ ਸਦੀ ਦੇ ਇਕ ਅਮਰੀਕਨ ਸਿਆਸੀ ਨੇਤਾ ਰਾਬਰਟ ਜੀ. ਇੰਗਰਸੋਲ ਦੇ ਕਹੇ ਸ਼ਬਦ ਸਾਂਝੇ ਕਰਨੇ ਚਾਹੁੰਦਾ ਹਾਂ:

 ''ਜਦੋਂ ਮੈਨੂੰ ਇਸ ਗੱਲ ਦਾ ਪੱਕ ਹੋ ਗਿਆ ਕਿ ਬ੍ਰਹਿਮੰਡ ਕੁਦਰਤੀ ਹੈ, ਤੇ ਸਾਰੇ ਭੂਤ ਅਤੇ ਦੇਵਤੇ ਮਿੱਥਾਂ ਹਨ, ਉਸ ਵੇਲੇ ਮੇਰੇ ਦਿਮਾਗ ਵਿਚ ਗੱਲ ਪਈ, ਮੇਰੀ ਰੂਹ ਨੂੰ ਸਮਝ ਆਈ, ਤਾਂ ਮੇਰੇ ਸਰੀਰ ਦੇ ਰੋਮ ਰੋਮ ਵਿਚ, ਇਕ ਆਜ਼ਾਦੀ ਦੀ ਸਮਝ, ਅਹਿਸਾਸ ਤੇ ਖੁਸ਼ੀ ਦਾ ਹੜ੍ਹ ਆ ਗਿਆ। ਮੇਰੀ ਜੇਲ੍ਹ ਦੀਆਂ ਕੰਧਾਂ ਖੇਰੂੰ ਖੇਰੂੰ ਹੋ ਕੇ ਡਿੱਗ ਪਈਆਂ। ਹਨੇਰੀਆਂ ਕੋਠੜੀਆਂ ਰੌਸ਼ਨੀ ਨਾਲ ਭਰ ਗਈਆਂ ਅਤੇ ਸਾਰੇ ਸੰਗਲ, ਸੀਖਾਂ, ਕਾਬਲੇ ਤੇ ਪੇਚ ਸਭ ਮਿੱਟੀ ਹੋ ਗਏ। ਮੈਂ ਹੁਣ ਨੌਕਰ, ਕਾਮਾ ਜਾਂ ਗੁਲਾਮ ਨਹੀਂ ਸੀ ਰਿਹਾ। ਮੇਰੇ ਵਾਸਤੇ ਸਾਰੀ ਲੰਮੀ ਚੌੜੀ ਦੁਨੀਆਂ ਵਿਚ ਹੀ ਨਹੀਂ, ਅਸੀਮ ਅਸਮਾਨਾਂ ਵਿਚ ਵੀ ਕੋਈ ਆਕਾ ਨਹੀਂ ਸੀ। ਮੈਂ ਆਜ਼ਾਦ ਸਾਂ - ਸੋਚਣ ਲਈ, ਆਪਣੀਆਂ ਸੋਚਾਂ ਪ੍ਰਗਟਾਉਣ ਲਈ - ਆਪਣਾ ਆਦਰਸ਼ ਜੀਣ ਲਈ, ਆਜ਼ਾਦ ਸਾਂ ਆਪਣੇ ਲਈ ਅਤੇ ਆਪਣੇ ਪਿਆਰਿਆਂ ਵਾਸਤੇ ਜੀਣ ਲਈ, ਆਪਣੀਆਂ ਸਾਰੀਆਂ ਸੰਭਾਵਨਾਵਾਂ, ਸਾਰੀ ਸੂਝ ਵਰਤਣ ਲਈ, ਆਜ਼ਾਦ ਸਾਂ ਆਪਣੀ ਸੋਚ ਦੇ ਖੰਭਾਂ 'ਤੇ ਉਡਣ ਲਈ, ਆਜ਼ਾਦ ਸਾਂ ਖੋਜ ਕਰਨ ਲਈ, ਅੰਦਾਜ਼ੇ ਲਾਉਣ ਲਈ, ਸੁਪਨੇ ਲੈਣ ਲਈ ਆਸ ਰੱਖਣ ਲਈ, ਆਪਣੇ ਲਈ ਕਿਸੇ ਚੀਜ਼ ਦਾ ਮੁੱਲਆਂਕਣ ਕਰਨ ਲਈ ਤੇ ਫੈਸਲੇ ਕਰਨ ਲਈ … ਮੈਂ ਆਜ਼ਾਦ ਸਾਂ! ਮੈਂ ਨਿਡਰ ਸਿੱਧਾ ਸਤੀਰ ਖੜ੍ਹਾ ਸਾਂ ਖੁਸ਼ੀ 'ਚ ਸਾਰੀ ਦੁਨੀਆਂ ਦਾ ਸਾਹਮਣਾ ਕਰਨ ਲਈ। "।  - ਰਾਬਰਟ ਜੀ ਇੰਗਰਸੋਲ (ਅਗਸਤ 11, 1833 - ਜੁਲਾਈ 21, 1899)

          

 
                                     
              
ਮਾਰਚ 28, 2009

        

ਰੱਬ ਦੀ ਹੋਂਦ

-ਕੁਲਦੀਪ ਸਿੰਘ ਬਾਸੀ

 

ਰੱਬ ਦੀ ਹੋਂਦ ਬਾਰੇ ਵਿਚਾਰ ਵਟਾਂਦਰਾ, ਦੁਨਿਆਵੀ ਸੀਮਾ ਵਿੱਚ ਪ੍ਰਚਲਤ ਤਰਕ ਦੇ ਅਧਾਰ ਤੇ ਕਰਨਾ ਮਨੁੱਖੀ ਗਿਆਨ ਦੀ ਅਪੂਰਨਤਾ ਦਾ ਦਰਸਾਵਾ ਹੀ ਹੈ। ਗੁਰੂਆਂ ਨੇ (ਜਾਣੀ ਕਿ ਬ੍ਰਹਮ-ਗਿਆਨੀਆਂ ਨੇ, ਬੁੱਧੀਜੀਵੀਆਂ ਨੇ ਨਹੀਂ ) ਪਰਮਾਤਮਾ ਨੂੰ ਸ਼ਬਦ ਰੂਪ ਹੀ ਦਿੱਤਾ ਹੈ। ਉਸ ਦਾ ਅਪਣਾ ਦਿੱਖ ਰੂਪ ਹੈ ਹੀ ਨਹੀਂ। ਉਹ ਸਤਿਨਾਮ ਹੈ। ਆਸਤਕ, ਨਾਸਤਕ ਜਾਂ ਸ਼ੰਕਾਵਾਦੀ, ਸਾਰੀ ਦੁਨੀਆਂ ਮੰਨਦੀ ਹੈ ਕਿ ਕਾਇਆਨਾਤ ਅਬੁੱਝ ਕਹਾਣੀ ਹੈ।

 

  ਕਾਇਆਨਾਤ

 

ਅਰਦਾਸ ਕਰਾਂ ਕਿੱਥੇ, ਰੱਬ ਅੱਗੇ?

ਉਸਦਾ ਅੱਗਾ ਕਿਤੇ ਨਾਂ ਦਿਸੇ.

ਪਿੱਛਾ, ਸੱਜਾ, ਖੱਬਾ ਕਿੱਥੇ?

ਕਿੱਥੇ ਮੂੰਹ, ਸਿਰ ਬਾਕੀ ਹਿੱਸੇ?

 

ਰੱਬ ਇੱਕ ਗੁੰਝਲਦਾਰ ਕਹਾਣੀ।

ਕਈ ਕਹਿੰਦੇ ਉਹ ਹੈ, ਵਿੱਚ ਮੰਦਰ।

ਸੁਣਿਆਂ ਕਈ ਵਿਦਵਾਨਾਂ ਪਾਸੋਂ।

ਓਹ ਸਭ ਅੰਦਰ, ਸਭ ਉਸ ਅੰਦਰ।

 

ਜਗਤ ਬਣਨ ਤੋਂ ਪਹਿਲਾਂ ਕਹਿੰਦੇ,

ਬਿਲਕੁਲ ਹੀ ਕਿਤੇ ਕੁਝ ਵੀ ਨਾ ਸੀ

ਸੁੰਨਸਾਨ ਵਿੱਚ, ਕਿੱਥੇ ਸੀ ਰੱਬ?

ਉਹ ਕਿੰਨੀ ਸੋਹਣੀ, ਕਿੱਡੀ ਥਾਂ ਸੀ?

 

ਰੱਬ ਇੱਕ ਪੁੱਜਿਆ ਜਾਦੂਗਰ ਹੈ।

ਓਅੰਕਾਰ ਬੋਲ ਜਗਤ ਰਚਾਇਆ।

ਇਹ ਗੁਣ ਆਪ ਮਨੁੱਖਾਂ ਨੇ ਕਿਉਂ?

ਰੱਬ ਤੋਂ ਪੁੱਛ ਕੇ ਨਹੀਂ ਅਪਣਾਇਆ।

 

ਆਪ ਨਾ ਦਿਸੇ, ਆਪ ਉਹ ਦੇਖੇ।

ਮਨ ਨਹੀਂ ਮੰਨਦਾ, ਇਹ ਵਿਸਮਾਦ।

ਨਿਰਭਉ, ਨਿਰਵੈਰ, ਅਕਾਲ ਮੂਰਤ,

ਕੋਈ ਨਾ ਅੰਤ ਨਾ ਉਹਦਾ ਆਦਿ।

 

ਜੰਮਣ ਵੇਲੇ ਬੰਦੇ ਨੂੰ ਉਸ,

ਐਨਾ ਕਿਉਂ ਰੁਆਇਆ!

ਰੋਣ ਦੇ ਬਦਲੇ ਚੰਗਾ ਹੀ ਸੀ,

ਓਅੰਕਾਰ, ਹੁੰਦਾ ਮੂੰਹ ਪਾਇਆ।

 

ਉਹਦੀ ਦੁਨੀਆਂ ਨਿਰੀ ਨਿਰਾਲੀ।

ਓਥੇ ਅਨਹਤ ਸਲ਼ਬਦ ਧੁਨ ਬੋਲੇ।

ਬੰਦਿਆਂ ਜੋ ਵੀ ਸਾਜਲ਼ ਬਣਾਏ।

ਬਿਨ ਛੇੜਿਆਂ ਨਾ, ਮੂੰਹ ਖੋਹਲੇ.

 

ਸਾਡੀ ਦੁਨੀਆਂ ਦੇ ਵਿੱਚ ਸਾਨੂੰ,

ਘਰ ਮਿਲਦਾ ਫੇਰ ਮਿਲਦਾ ਦਰ।

ਦਾਤੇ ਦੇ ਪਿੰਡ ਉਲਟੀ ਰੀਤ।

ਦਰ ਲੱਭਿਆਂ ਤੋਂ ਮਿਲਦਾ ਘਰ। 

 

ਹੇ ਰਵਿ, ਹੇ ਸਸਿ, ਹੇ ਕਰੁਣਾ ਨਿਧਿ,

ਅਸੀਂ ਤੈਨੂੰ ਲੱਭ ਲੱਭ ਹੋਏ ਝੱਲੇ।

ਕਾਇਨਾਤ  ਅਣਬੁੱਝ  ਕਹਾਣੀ.

ਸਾਡਾ ਤਰਕ ਨਾ ਓਥੇ ਚੱਲੇ।

     (ਮੇਰੀ ਛਪਣ ਹਿਤ ਕਿਤਾਬ ਚੋਂ)

 

 

ਇਹ ਵੀ ਸਪਸ਼ਟ ਹੈ ਕਿ ਬ੍ਰਹਿਮੰਡ ਕਿਸੇ ਵਿਧੀ ਅਧੀਨ ਹੀ ਭਵਿੱਖ ਵਿੱਚ ਸੰਚਾਲਨ ਕਰਦਾ ਜਾ ਰਿਹਾ ਹੈ। ਜਗਤ ਦਾ ਵਿਸਥਾਰ ਅਥਾਹ ਹੈ। ਅਪਣੇ ਦੁਨਿਆਵੀ ਤਰਕ ਨੂੰ ਬੇਅੰਤ ਤੇ ਜਾਣੀ ਪਹਿਚਾਣੀ ਵਿਦਿਆ ਨਾਲ਼ ਉਦਾਹਰਣ ਰਾਹੀਂ ਲਗਾ ਕੇ ਵੇਖੀਏ।

 

ਬੇਅੰਤ = ਇਨਫਿਨਿਟੀ

ਤਿੰਨ ਗੁਣਾ ਬੇਅੰਤ = ਬੇਅੰਤ

ਚਾਰ ਗੁਣਾ ਬੇਅੰਤ = ਬੇਅੰਤ

 

ਸਾਡਾ ਤਰਕ ਹੁਣ ਤਿੰਨ ਅਤੇ ਚਾਰ ਨੂੰ ਬਰਾਬਰ ਕਰਦਾ ਨਜ਼ਰ ਆ ਰਿਹਾ ਹੈ ਜੋ ਅਸੀਂ ਮੰਨਣ ਲਈ ਕਦਾਪੀ ਤਿਆਰ ਨਹੀਂ ਹੋਵਾਂਗੇ। ਬੇਅੰਤ ਤੇ ਲਗਾਏ ਤਰਕ ਦੇ ਨਤੀਜੇ ਇਹੋ ਜਿਹੇ ਹੀ ਹੋਣਗੇ। ਰੱਬ ਬੇਅੰਤ ਹੈ। ਰੱਬ ਤੇ ਅਪਣੇ ਤਰਕ ਨਹੀਂ ਚਲਦੇ। ਅਸੀਂ ਤਾਂ ਅੱਖੀਂ ਡਿੱਠੀਆਂ  ਚੀਜ਼ਾਂ ਤੇ ਯਕੀਨ ਕਰਨ ਦੇ ਆਦੀ ਹਾਂ। ਆਲ਼ੇ ਦੁਆਲ਼ੇ ਵਿੱਚ ਮਿਲਦੀਆਂ ਨਿਸ਼ਾਨਦੇਹੀਆਂ (circumstantial evidence) ਵਿੱਚ ਵੀ ਤੇ ਯਕੀਨ ਕਰ ਹੀ ਲੈਂਦੇ ਹਾਂ। ਫੇਰ ਕੀ ਕਾਇਆਨਾਤ ਜਿੰਨੀ ਕੁ ਪ੍ਰਤੱਖ ਹੈ ਜਾਂ ਜਿੰਨੀ ਕੁ ਅਜੋਕੇ ਸਾਇੰਸਦਾਨਾਂ ਨੇ ਘੋਖੀ ਹੈ ਕਾਫੀ ਨਹੀਂ ਉਸ ਪਰਮ ਸ਼ਕਤੀ ਦੀ ਹੋਂਦ ਸਿੱਧ ਕਰਨ ਲਈ? ਧਰਤੀ ਖ਼ਲਾਅ 'ਚ ਟਿਕੀ ਹੈ (ਖਲੋਤੀ ਨਹੀਂ), ਧਰਤੀ ਤੇ ਪਿਆ ਪਾਣੀ ਖ਼ਲਾਅ ਵਿੱਚ ਨਹੀਂ ਬਿਖਰ ਰਿਹਾ, ਮਨੁੱਖ ਆਕਾਸ਼ ਵਿੱਚ ਨਹੀਂ ਲਟਕ ਜਾਂਦੇ। ਕਿਉਂ? ਸਾਇੰਸ ਅਨੁਸਾਰ ਹਰ ਵਸਤ ਦੂਸਰੀ ਨੂੰ ਖਿੱਚਦੀ ਹੈ। ਫੇਰ ਪਤਲੇ ਮੋਟਿਆਂ ਨਾਲ਼ ਕਿਉਂ ਨਹੀਂ ਜਾ ਟਕਰਾਉਂਦੇ? ਆਪੋ ਅਪਣੀ ਥਾਂ ਤੇ ਟਿਕੇ ਨੇ ਚੰਦ, ਸੂਰਜ, ਤਾਰੇ ਅਤੇ ਹੋਰ ਗ੍ਰਹਿ ਆਪੋ ਵਿਚਲੀ ਖਿੱਚ ਹੁੰਦੇ ਹੋਏ ਵੀ। ਕੋਈ ਤੇ ਹੈ, ਕੁੱਝ ਤੇ ਹੈ ਜੋ ਖਿੱਚ ਦਾ ਸੰਪੂਰਨ ਸੰਤੁਲਨ ਕਰੀ ਰੱਖਦਾ ਹੈ। ਕੀ ਇਹਨਾਂ ਗੱਲਾਂ ਵਿੱਚ ਸਰਵ ਸ਼ਕਤੀਮਾਨ ਦੀ ਹੋਂਦ ਦ੍ਰਿਸ਼ਟੀਮਾਨ ਨਹੀਂ?

 

ਇੱਕ ਸੂਰਜ ਤੋਂ ਪਰੇ ਇੱਕ ਹੋਰ ਸੂਰਜ ਦਾ ਪਰਿਵਾਰ, ਜਿਸ ਤੋਂ ਪਰੇ ਹੋਰ ਹੋਰ ਅਨੇਕਾਂ ਪਰਿਵਾਰ ਹਨ। ਸਾਇੰਸ ਗਵਾਹ ਹੈ। ਨਾਨਕ ਦੀ ਬਾਣੀ ਵਿੱਚ ਗਿਆਨ ਹੈ। ਰੱਬ ਦੀ ਹੋਂਦ ਬਾਰੇ ਭਟਕ ਰਹੀ ਬੁੱਧੀ ਜੀਵਾਂ ਦੀ ਤੁੱਛ ਬੁੱਧੀ ਨੂੰ ਬ੍ਰਹਮੰਡ ਵਿੱਚ ਉਡਾਣ ਭਰਨ ਦਿਓ। ਕੀ ਸਾਡੀ ਸੋਚ ਲੱਭ ਸਕਦੀ ਹੈ ਕਿ ਕੁਦਰਤ ਦਾ ਪਸਾਰਾ ਕਿਥੋਂ ਤੱਕ ਹੈ? ਮੰਨ ਲਵੋ ਕੋਈ ਬੁੱਧੀਮਾਨ ਅੰਦਾਜ਼ਾ ਲਾ ਵੀ ਲਵੇ ਫੇਰ ਕੀ ਦੱਸ ਸਕਦੇ ਹਾਂ ਉਸ ਤੋਂ ਅੱਗੇ ਕੀ ਹੈ? ਨਹੀਂ। ਨਾਨਕ ਗੁਰੂ ਜਿਨ੍ਹਾਂ ਨੂੰ ਦੁਨੀਆਂ ਬ੍ਰਹਮ ਗਿਆਨੀ ਮੰਨਦੀ ਹੈ ਦੱਸਦੇ ਹਨ ਸੋਚੈ ਸੋਚ ਨ ਹੋਵਈ। ਉਹ ਇਹ ਵੀ ਕਹਿੰਦੇ ਹਨ ਕਿ ਕੋਇ ਨ ਜਾਣੈ ਤੇਰਾ ਕੇਤਾ ਕੇਵਡ ਚੀਰਾ ।

 

ਦੂਰ ਜਾਣ ਦੀ ਲੋੜ ਨਹੀਂ। ਅਪਣੇ ਤਨ ਦੇ ਅਸੀਂ ਮਾਲਕ ਸਦਾਉਂਦੇ ਹਾਂ, ਜੋ ਭੁਲੇਖਾ ਹੀ ਹੈ। ਤਨ ਵਿੱਚ ਮਨ ਹੈ। ਤਨ ਵਿੱਚ ਆਤਮਾ ਵੀ ਹੈ ਜਿਸਨੂੰ ਅਸੀਂ ਜੋਤਿ ਵੀ ਕਹਿ ਦੇਂਦੇ ਹਾਂ। ਕੀ ਮਨ ਜਾਂ ਆਤਮਾ ਦਿਸਦੀ ਹੈ?  ਮਨ ਅਤੇ ਆਤਮਾ ਦੀ ਹੋਂਦ ਵਿੱਚ ਮਨੁੱਖਤਾ ਨੂੰ ਯਕੀਨ ਨਹੀਂ? ਆਤਮਾ ਅਤੇ ਮਨ ਅਦਿੱਖ ਹਨ ਜੋ ਸ਼ਬਦਾਂ ਰਾਹੀਂ ਹੀ ਸੰਬੋਧਿਤ ਕੀਤੇ ਜਾਂਦੇ ਹਨ, ਅੱਖਾਂ ਵੇਖਣੋਂ ਅਸਮਰਥ ਹਨ। ਕੀ ਕਰਤਾ ਪੁਰਖ ਦੀ ਹੋਂਦ ਦਾ ਭੁਲੇਖਾ ਵੀ ਨਹੀਂ ਪੈਂਦਾ। ਬੱਸ ਹੋਂਦ ਦਾ ਭੁਲੇਖਾ ਹੀ ਹੋਂਦ ਦਾ ਸਬੂਤ ਹੈ।

 

ਆਤਮਾ ਜਾਂ ਪਰਮਾਤਮਾ ਤੱਕ ਪਹੁੰਚਣਾ ਸਰਲ ਨਹੀਂ। ਪਰ ਜੋ ਉੱਥੇ ਪਹੁੰਚ ਗਏ ਉਹਨਾਂ ਵੀ ਦੱਸਿਆ ਕਿ ਉਸ ਨਿਰਵੈਰ, ਨਿਰਭਉ  ਗੋਬਿੰਦ ਦਾ ਸ਼ਬਦਾਂ ਵਿੱਚ ਵਰਨਣ ਅਸੰਭਵ ਹੈ।

 

  ਰੱਬ

 

ਜਿਸਮ ਨਹੀਂ ਰੱਬ ਦਾ।

ਉਸਦੇ ਅੰਗ ਬਥੇਰੇ ਨੇ।

ਰੱਬ ਦਾ ਰੰਗ ਨਹੀਂ ਕੋਈ।

ਉਸਦੇ ਰੰਗ ਬਥੇਰੇ ਨੇ।

 

ਰੱਬ ਲੱਭਣਾ ਵੀ ਔਖਾ।

ਲੱਭਣ ਦੇ ਢੰਗ ਬਥੇਰੇ ਨੇ।

ਰੱਬ ਤੰਗ ਨਹੀਂ ਕਰਦਾ।

ਉਸ ਤੋਂ ਤੰਗ ਬਥੇਰੇ ਨੇ।

         (ਮੇਰੀ, ਨਿੱਬ ਦੀ ਨੋਕ ਚੋਂ, ਕਿਤਾਬ ਵਿੱਚੋਂ )

 

ਰੱਬ ਦੀ ਹੋਂਦ ਉਸਦੇ ਅੰਗਾਂ, ਰੰਗਾਂ, ਦੁਖੀ ਸੁਖੀ ਮਨੁੱਖਾਂ ਜੀਵਾਂ, ਗੱਲ ਕੀ ਪੂਰੀ ਸਰਿਸ਼ਟੀ ਵਿੱਚੋਂ ਹੀ ਪਰਤੱਖ ਹੈ। ਗੱਲ ਸ਼ਕਤੀਮਾਨ ਨੂੰ ਮਹਿਸੂਸ ਕਰਨ ਦੀ ਹੈ ਵੇਖਣ ਦੀ ਨਹੀਂ।

 

ਸਾਡੇ ਸਵਾਲ ਅਣਗਿਣਤ ਹਨ। ਅਜੋਕੀ ਸਾਇੰਸ ਨੇ ਲੱਖਾਂ ਜਵਾਬ ਗਿਆਤ ਕਰ ਲਏ ਹਨ। ਆਪਣੀਆਂ ਖੋਜਾਂ ਤੇ ਸਾਡਾ ਘੁਮੰਡ ਕੁਦਰਤੀ ਹੈ  ਕਿਉਂਕਿ ਮਨ , ਸਰੀਰ ਦਾ ਰਾਜਾ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੀ ਪੂੰਜੀ ਨਾਲ਼ ਹੀ ਰਾਜ ਕਰਦਾ ਹੈ। ਅਸੀਂ ਬੁੱਧੀ ਜੀਵ ਅਪਣੇ ਅਧੂਰੇ ਗਿਆਨ ਵਸ ਸਰਵ ਕਲਾ ਦੇ ਗਿਆਤਾ ਦੀ ਹੋਂਦ ਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਲੈਂਦੇ ਹਾਂ। ਭੁੱਲ ਜਾਂਦੇ ਹਾਂ ਕਿ ਵਾਹਿਗੁਰੂ ਸਾਨੂੰ ਉਤਨਾ ਹੀ ਗਿਆਨ ਪ੍ਰਦਾਨ ਕਰਦੇ ਨੇ ਜਿੰਨੇ ਦੀ ਜਿਸ ਵੇਲ਼ੇ ਅਵੱਸ਼ਕਤਾ ਹੁੰਦੀ ਹੈ।

          

 
                                     
              
ਮਾਰਚ 29, 2009

        

ਰੱਬ ਦੀ ਹੋਂਦ ਜਾਂ ਅਣਹੋਂਦ!

-ਜਸਵਿੰਦਰ ਸੰਧੂ

 

ਡਾ. ਪ੍ਰੇਮ ਮਾਨ ਜੀ ਤੁਹਾਡਾ ਬਲਾਗ ਪੜ੍ਹ ਕੇ ਇਸ ਗੱਲ ਦੀ ਖੁਸ਼ੀ ਹੋਈ ਕਿ ਤੁਸੀਂ ਵਿਚਾਰ-ਵਟਾਂਦਰੇ ਲਈ ਇਹ ਵਿਸ਼ਾ ਚੁਣਿਆ ਹੈ। ਤੁਹਾਡੇ ਤੇ ਸਾਧੂ ਬਿਨਿੰਗ ਦੇ ਸਵਾਲ ਤੇ ਜਵਾਬ ਅਤੇ ਜਵਾਬਾਂ ਦੇ ਜਵਾਬ ਬਹੁਤ ਵਧੀਆ ਹਨ। ਪਰ ਜੇ ਕਿਤੇ ਇਹ ਤੁਹਾਡੀ ਵੈਬਸਾਈਟ ਤੇ ਉੱਥੋਂ ਹੀ ਜਵਾਬ ਦੇ ਹੋ ਸਕੇ ਤਾਂ ਹੋਰ ਵੀ ਚੰਗਾ ਹੋਵੇ। ਇਹੋ ਜਿਹੀਆਂ ਵੈਬਸਾਈਟਾਂ ਇਸ ਸੰਭਾਵਨਾ ਤੋਂ ਬਿਨਾਂ ਇੱਕ ਉਪਦੇਸ਼ਕ ਵਾਂਗ ਹੀ ਲਗਦੀਆਂ ਹਨ ਜੋ ਸਾਡੇ ਪੰਜਾਬੀ ਭਾਈਚਾਰੇ 'ਚ ਮਣਾਂ-ਮੂੰਹੀਂ ਪਏ ਹਨ ਤੇ ਜਿਨ੍ਹਾਂ ਦੀ ਨਾ ਤਾਂ ਜ਼ਰੂਰਤ ਹੀ ਹੁੰਦੀ ਹੈ ਤੇ ਨਾ ਹੀ ਕੋਈ ਉਨ੍ਹਾਂ ਦੀ ਪਰਵਾਹ ਕਰਦਾ ਹੈ। ਖ਼ੈਰ ਮੈਂ ਗੱਲ ਹੋਰ ਪਾਸੇ ਨਹੀਂ ਲਿਜਾਣਾ ਚਾਹੁੰਦਾ, ਮੇਰਾ ਅੱਜ ਦਾ ਮਤਲਬ ਤੁਹਾਡੇ ਚੱਲ ਰਹੇ ਵਿਚਾਰ-ਵਟਾਂਦਰੇ 'ਚ ਹਿੱਸਾ ਪਾਉਣਾ ਹੀ ਹੈ। ਇਹ ਪਹਿਲੀਆਂ ਸਤਰਾਂ ਸਿਰਫ਼ ਤੁਹਾਡੇ ਲਈ ਹਨ।

ਮਾਨ ਸਾਹਿਬ ਸਭ ਤੋਂ ਪਹਿਲਾਂ ਮੇਰੀ ਰਾਏ ਹੈ ਕਿ ਸਭ ਚੀਜ਼ਾਂ ਬਾਰੇ ਸਭ ਨੂੰ ਇੱਕੋ ਜਿਹਾ ਪਤਾ ਨਹੀਂ ਹੁੰਦਾ। ਜਿਸ ਦਾ ਉਹ ਵਿਸ਼ਾ ਹੋਵੇ ਤਾਂ ਉਸ ਨੂੰ ਉਸ ਦਾ ਜ਼ਿਆਦਾ ਗਿਆਨ ਹੋਣ ਦੀ ਸੰਭਾਵਨਾ ਹੈ, ਪਰ ਇਹ ਵਿਚਾਰ ਵੀ ਕੋਈ ਪੱਥਰ ਤੇ ਲਕੀਰ ਵਾਂਗ ਨਹੀਂ ਕਿ ਹਮੇਸ਼ਾ ਤੇ ਹਰ ਹਾਲਤ ਵਿੱਚ ਹੀ ਠੀਕ ਹੋਵੇ। ਨਾਲ਼ ਹੀ ਇਹ ਵੀ ਕਿ ਹਰ ਬੰਦੇ ਨੂੰ ਕਿਸੇ ਵੀ ਚੀਜ਼ ਬਾਰੇ ਸਵਾਲ ਪੁੱਛਣ ਦਾ ਪੂਰਾ ਹੱਕ ਹੈ। ਇਸ ਲਈ ਸਭ ਦੇ ਵਿਚਾਰ ਸੁਣਨੇ ਜਾਂ ਪੜ੍ਹਨੇ ਠੀਕ ਹਨ, ਪਰ ਫਿਰ ਉਨ੍ਹਾਂ ਵਿਚਾਰਾਂ ਨੂੰ ਤਰਕ ਦੀ ਤੱਕੜੀ 'ਚ ਤੋਲ ਕੇ ਦੇਖਣਾ ਚਾਹੀਦਾ ਹੈ। ਚਾਹੇ ਵਿਚਾਰ ਕੋਈ ਵੀ ਹੋਵੇ ਜੇ ਤਰਕ ਦੇ ਹਿਸਾਬ ਨਾਲ਼ ਠੀਕ ਨਹੀਂ ਤਾਂ ਉਹ ਠੀਕ ਨਹੀਂ ਹੈ ਚਾਹੇ ਉਹ ਕਿਸੇ ਨੇ ਵੀ ਕਿਉਂ ਨਾ ਕਿਹਾ ਹੋਵੇ।

  

ਤੁਹਾਡਾ ਇਹ ਵਿਚਾਰ ਕਿ ਰੱਬ 'ਚ ਵਿਸ਼ਵਾਸ ਇੱਕ ਨਿੱਜੀ ਮਾਮਲਾ ਹੈ, ਠੀਕ ਹੈ ਜੇ ਕੋਈ ਇਸ ਵਿਚਾਰ ਨੂੰ ਨਿੱਜੀ ਪੱਧਰ ਤੱਕ ਹੀ ਰੱਖੇ। ਪਰ ਜੇ ਉਹ ਇਸ ਨਿੱਜੀ ਵਿਚਾਰ ਦਾ ਵਪਾਰ ਕਰੇ, ਜਿਵੇਂ ਕਿ ਗੁਰਦਵਾਰੇ, ਮੰਦਰ, ਮਸਜਿਦ, ਸਿਨੇਗੌਗ ਆਦਿ ਬਣਾ ਕੇ ਕੀਤਾ ਜਾ ਰਿਹਾ ਹੈ ਤਾਂ ਫਿਰ ਇਹ ਨਿੱਜੀ ਮਾਮਲਾ ਨਹੀਂ ਰਹਿ ਜਾਂਦਾ। ਫਿਰ ਇਹ ਮਾਮਲਾ ਲੋਕਾਂ ਦੀਆਂ ਜ਼ਿੰਦਗੀਆਂ ਤੇ ਅਸਰ ਪਾਉਂਦਾ ਹੈ ਤੇ ਇਸ ਲਈ ਇਹ ਇੱਕ ਸਮਾਜਿਕ ਮਸਲਾ ਬਣ ਜਾਂਦਾ ਹੈ। ਇਸ ਤਰਾਂ ਹਰ ਧਰਮ ਅੱਜ ਸਮਾਜਿਕ ਮਸਲਾ ਹੈ। ਪਰ ਫਿਰ ਵੀ ਜੇ ਤੁਸੀਂ ਘਰ ਬੈਠ ਕੇ ਸਿਮਰਣ ਕਰਨਾ ਚਾਹੁੰਦੇ ਹੋ ਤਾਂ ਵੀ ਇਹ ਤੁਹਾਡਾ ਨਿੱਜੀ ਮਸਲਾ ਹੀ ਹੈ।

  

ਦੂਜਾ ਤੁਹਾਡਾ ਵਿਚਾਰ ਕਿ ਜੇ ਕਿਸੇ ਦੇ ਵਿਚਾਰ ਕੱਟੜ ਹਨ ਤਾਂ ਉਸ ਨਾਲ਼ ਗੱਲ-ਬਾਤ ਦਾ ਕੋਈ ਮਤਲਬ ਨਹੀਂ ਹੈ। ਇਸ ਵਿਚਾਰ 'ਚ ਆਪਣੇ ਫਰਜ਼ ਤੋਂ ਦੌੜਨ ਦੀ ਗੱਲ ਹੈ। ਸਾਡੇ ਸਮਾਜ ਨੇ ਸਾਨੂੰ ਸਿੱਖਿਆ ਦਿੱਤੀ ਜਾਂ ਦੇਣ 'ਚ ਮਦਦ ਕੀਤੀ ਹੈ ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਇਹ ਕਰਜ਼ਾ ਚੰਗੇ ਕੰਮ ਕਰਕੇ ਵਾਪਸ ਕਰੀਏ। ਮੇਰਾ ਵਿਚਾਰ ਹੈ ਕਿ ਸਾਨੂੰ ਆਪਣੀ ਨਿਗੇਹਬਾਨੀ ਰਾਹੀਂ ਅਜਿਹੇ ਵਿਚਾਰਾਂ ਨੂੰ ਚੈਲੰਜ ਕਰਨਾ ਚਾਹੀਦਾ ਹੈ। ਜੇ ਇਹ ਕੰਮ ਅਸੀਂ ਨਹੀਂ ਕਰਦੇ ਤਾਂ ਸਾਡੀ ਸੋਝੀ ਕਿਸ ਕੰਮ ਦੀ?

  

ਤੁਹਾਡਾ ਇਹ ਵਿਚਾਰ ਕਿ ਤੁਹਾਨੂੰ ਰੱਬ ਬਾਰੇ ਬਹੁਤਾ ਯਕੀਨ ਨਹੀਂ ਇਹ ਦੱਸਣ ਲਈ ਕਾਫ਼ੀ ਹੈ ਕਿ ਤੁਸੀਂ ਇਸ ਵਿਸ਼ੇ ਨੂੰ ਕਦੇ ਬਹੁਤਾ ਗੰਭੀਰਤਾ ਨਾਲ਼ ਨਹੀਂ ਲਿਆ। ਬਾਕੀ ਸਭ ਗੱਲਾਂ ਤਾਂ ਸਾਡੇ ਆਮ ਲੋਕਾਂ ਵਰਗੀਆਂ ਹੀ ਹਨ। ਜਿੱਥੇ ਤੱਕ ਤੁਹਾਡਾ ਇਹ ਖਿਆਲ ਹੈ ਕਿ ''ਰੱਬ" ਦੇ ਡਰ ਕਾਰਨ ਲੋਕ ਸਿੱਧੇ ਰਸਤੇ ਤੇ ਰਹਿਣਗੇ, ਇਹ ਇੱਕ ਪੁਰਾਣਾ ਖਿਆਲ ਕਿਹਾ ਜਾ ਸਕਦਾ ਹੈ ਜੋ ਸਦੀਆਂ ਤੋਂ ਪਰਖਿਆ ਜਾ ਰਿਹਾ ਤੇ ਜਿਸਦੇ ਪਰਖਚੇ ਉੱਡ ਚੁੱਕੇ ਹਨ। ਇਹ ਤਾਂ ਇੱਕ ਅਜਿਹੀ ਸਚਾਈ ਹੈ ਜੋ ਥੋੜ੍ਹੇ ਧਿਆਨ ਨਾਲ਼ ਹੀ ਦਿਸ ਜਾਂਦੀ ਹੈ ਕਿ ਧਾਰਮਿਕ ਹੋਣ ਦਾ ਡਰਾਮਾ ਕਰਨ ਵਾਲ਼ੇ ਲੋਕ ਕਿਸ ਤਰਾਂ ਆਮ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ-ਖਸੁੱਟ ਤੇ ਸ਼ੋਸ਼ਣ ਕਰਦੇ ਹਨ। ਜੇ ਜ਼ਰਾ ਨਜ਼ਰ ਮਾਰੀਏ ਤਾਂ ਸਾਫ ਦਿਸਦਾ ਹੈ ਕਿ ਸਭ ਧਰਮਾਂ ਦੇ ਪੈਰੋਕਾਰ ਇਹ ਕੁਕਰਮ ਕਰ ਰਹੇ ਹਨ ਤੇ ਆਪਣੇ ਪਰਚਾਰ ਰਾਹੀਂ ਆਪਣੇ ਲੋਕਾਂ 'ਚ ਭੱਦਰ-ਪੁਰਸ਼ ਹੋਣ ਦਾ ਦਾਹਵਾ ਵੀ ਕਰਦੇ ਆ ਰਹੇ ਹਨ। ਕੀ ਸਾਰਾ ਅਰਬੀ ਇਲਾਕਾ ਅਜਿਹੇ 'ਪਾਪਾਂ' 'ਚ ਸ਼ਾਮਿਲ ਨਹੀਂ ਹੈ? ਕੀ ਗੁਜਰਾਤ 'ਚ ਬੀ.ਜੇ.ਪੀ. ਦੇ ਕਰਵਾਏ ਮੁਸਲਮਾਨ-ਮਾਰੂ ਦੰਗੇ ਇਸ ਦੀ ਉਦਾਹਰਣ ਨਹੀਂ ਹਨ? ਕੀ ਸਾਡੇ ਅਕਾਲੀਆਂ ਦਾ ਡਰੱਗ ਸਮਗਲਿੰਗ 'ਚ ਸ਼ਾਮਿਲ ਹੋਣਾ ਇਹ ਸਾਬਤ ਨਹੀਂ ਕਰਦਾ? ਕੀ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੀ ਗੁਰਦਵਾਰੇ ਬਣਾਉਣ ਦੀ ਬੰਦ ਕੀਤੀ ਰੀਤ ਨੂੰ ਦੁਬਾਰਾ ਸ਼ੁਰੂ ਕਰਕੇ ਸ਼ਰੋਮਣੀ ਕਮੇਟੀ ਨੇ 'ਰੱਬੀ ਹੁਕਮ' ਦੀ ਉਲੰਘਣਾ ਨਹੀਂ ਕੀਤੀ? ਕੀ ਇੰਦਰਾ ਗਾਂਧੀ ਨੇ ਹਰਿਮੰਦਰ ਤੇ ਹਮਲਾ ਕਰਕੇ ਰੱਬ ਤੋਂ ਡਰਨ ਦੀ ਹਾਮੀ ਭਰੀ ਸੀ? ਕੀ ਖਾਲਿਸਤਾਨ ਦੇ ਨਾਂ ਥੱਲੇ ਲੋਕਾਂ ਨੂੰ ਡਰਾਉਣਾ ਜਾਂ ਮਾਰਨਾ ਰੱਬ ਤੋਂ ਡਰਨਾ ਹੈ? ਕੀ ਸ਼ਰੀਅਤ (ਰੱਬੀ) ਕਾਨੂੰਨ ਦੀ ਆੜ 'ਚ ਔਰਤਾਂ ਤੇ ਜ਼ੁਲਮ ਕਰਨ ਨੂੰ ਤੁਸੀਂ ਰੱਬ ਤੋਂ ਡਰ ਕੇ ਠੀਕ ਕੰਮ ਕਰਨਾ ਕਹੋਗੇ? ਹੋਰ ਕਿੰਨੀਆਂ ਹੀ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਇਸ ਵਿਚਾਰ ਖ਼ਿਲਾਫ਼।

ਤੁਹਾਡੀ ਮਨੋਵਿਗਿਆਨਕ ਅਸਰ ਵਾਲ਼ੀ ਗੱਲ ਵੀ ਜੇ ਲਈਏ ਤਾਂ ਦੋ ਪੱਖ ਸਾਹਮਣੇ ਆਉਂਦੇ ਹਨ, ਇੱਕ ਤਾਂ ਤੁਸੀਂ ਦੱਸ ਚੁੱਕੇ ਹੋ ਕਿ ਮੰਨਣ ਵਾਲ਼ੇ ਨੂੰ ਰੱਬ ਦਾ ਸਹਾਰਾ ਮਹਿਸੂਸ ਹੁੰਦਾ ਹੈ। ਇਸ ਦੀ ਉਦਾਹਰਣ ਹੈ ਉਹ ਲੋਕ ਜਿਹੜੇ 'ਰੱਬ ਦੇ ਹੁਕਮ ਦੀ ਤਾੜ 'ਚ ਆਪਣੀ ਕੁਰਬਾਨੀ ਦੇ ਜਾਂਦੇ ਹਨ। ਉਨ੍ਹਾਂ ਦੇ ਪੱਕੇ ਵਿਸ਼ਵਾਸ ਬਾਰੇ ਕੋਈ ਉਲ਼ਝਣ ਨਹੀਂ ਹੈ, ਪਰ ਕੀ ਉਹ ਆਪਣੇ 'ਫਾਇਦੇ' ਲਈ ਇਹ ਕੰਮ ਨਹੀਂ ਕਰਦੇ? ਇਸਲਾਮਿਕ ਜਿਹਾਦੀ ਤਾਂ ਇਹ ਸੋਚ ਕੇ ਕੁਰਬਾਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਸਵਰਗ ਵਿੱਚ ਹੂਰਾਂ ਤੇ ਅਣਲੱਗ ਮੁੰਡੇ ਬਦਫੈਲੀਆਂ ਕਰਨ ਲਈ ਮਿਲਣਗੇ। ਕੀ ਇਹ ਸਭ ਰੱਬ ਦੇ ਡਰ ਕਾਰਨ 'ਠੀਕ' ਹੋ ਰਿਹਾ ਹੈ? ਪਰ ਫਿਰ ਵੀ ਇਸ 'ਚ ਕੋਈ ਦੋ ਰਾਇਆਂ ਨਹੀਂ ਕਿ ਉਹ ਕੁਰਬਾਨੀ ਸਿਰਫ਼ ਰੱਬ ਦੇ ਪੂਰਨ ਵਿਸ਼ਵਾਸ ਕਰਕੇ ਹੀ ਦਿੰਦੇ ਹਨ, ਪਰ ਕੀ ਅਜਿਹਾ ਰੱਬ ਕਿਸੇ ਕੰਮ ਦਾ ਹੈ? ਦੂਜਾ ਪੱਖ ਹੈ ਕਿ ਡਰ ਕੇ ਤੁਸੀਂ ਜੇ ਠੀਕ ਚੱਲੇ ਵੀ ਤਾਂ ਕੀ ਠੀਕ ਚੱਲੇ? ਤੁਸੀਂ ਖੁਦ ਤਾਂ ਰੱਬ ਨੂੰ ਬਹੁਤਾ ਮੰਨਦੇ ਵੀ ਨਹੀਂ, ਪਰ ਕੋਈ ਗ਼ਲਤ ਕੰਮ ਨਹੀਂ ਕਰਦੇ। ਮੈਂ ਆਪ ਨਾਸਤਿਕ ਹਾਂ ਤੇ ਬਹੁਤ ਸਾਰੇ ਨਾਸਤਿਕ ਦੋਸਤਾਂ ਨੂੰ ਜਾਣਦਾ ਹਾਂ ਜੋ ਚੰਗੇ ਸਮਾਜਿਕ ਕੰਮ ਕਰ ਰਹੇ ਹਨ। ਸਾਧੂ ਬਿਨਿੰਗ ਜੀ ਉਨ੍ਹਾਂ 'ਚੋਂ ਇੱਕ ਹਨ। ਕੀ ਇਨ੍ਹਾਂ ਸਾਰਿਆਂ ਵਾਂਗ ਕਿਸੇ ਡਰ ਤੋਂ ਬਗੈਰ ਚੰਗੇ ਕੰਮ ਕਰਨਾ ਜ਼ਿਆਦਾ ਚੰਗਾ ਨਹੀਂ ਹੈ?

ਅੱਗੇ ਤੁਸੀਂ ਇਸ ਬਾਰੇ ਵੀ ਗੱਲ ਕੀਤੀ ਹੈ ਕਿ ਰੱਬ ਸਮਾਜ ਵਾਸਤੇ ਚੰਗਾ ਹੈ ਜਾਂ ਮਾੜਾ। ਇਹ ਸੌਖਾ ਹੀ ਹੈ ਸਾਬਤ ਕਰਨਾ ਕਿ ਰੱਬ ਸਾਡੇ ਸਮਾਜ ਲਈ ਬਹੁਤ ਹੀ ਘਾਤਕ ਸੰਕਲਪ ਰਿਹਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਧਰਮ ਹਮੇਸ਼ਾ ਹੀ ਸ਼ਾਸਕਾਂ ਦਾ ਹੱਥ-ਠੋਕਾ ਰਹੇ ਹਨ, ਜੋ ਨਹੀਂ ਹੁੰਦਾ ਸੀ ਉਸ ਨੂੰ ਖੁੱਲ੍ਹ ਹੀ ਨਹੀਂ ਦਿੱਤੀ ਜਾਂਦੀ ਸੀ। ਮੁਗਲਾਂ ਦੇ ਸਮੇਂ 'ਚ ਹਿੰਦੂ ਧਰਮ/ਧਰਮਾਂ ਦਾ ਇਹੀ ਹਾਲ ਸੀ। ਰਾਜੇ ਦਾ ਧਰਮ ਆਮ ਲੋਕਾਂ ਦਾ ਧਰਮ ਬਣ ਜਾਂਦਾ ਸੀ, ਜ਼ਬਰਦਸਤੀ ਜਾਂ ਮਰਜ਼ੀ (ਲਾਲਚ) ਨਾਲ਼। ਧਰਮ ਸ਼ੁਰੂ ਸ਼ੁਰੂ 'ਚ ਜ਼ਰੂਰ ਖ਼ਿਲਾਫ਼ਤ 'ਚ ਰਹਿੰਦੇ ਹਨ, ਫਿਰ ਤਾਂ ਹਰ ਸਰਕਾਰ ਦੇ ਪਿੱਠੂ ਹੀ ਹੋ ਜਾਂਦੇ ਹਨ। ਕਿਤੇ ਵੀ ਦੇਖ ਲਵੋ ਧਰਮਾਂ ਦੇ ਪੈਰੋਕਾਰ ਸਰਕਾਰਾਂ ਦੇ ਜਾਂ ਦੂਜੀਆਂ ਸਿਆਸਤੀ ਪਾਰਟੀਆਂ ਦੇ ਸਹਾਇਕ ਹੀ ਦਿਖਾਈ ਦੇਣਗੇ। ਸੋ ਰੱਬ ਦੀ 'ਰੱਖਿਆ' ਕਰਨ ਵਾਲ਼ੇ ਧਰਮ ਹੀ ਜਦੋਂ ਗ਼ਲਤ ਕੰਮ ਲਈ ਵਰਤੇ ਜਾਂਦੇ ਹਨ ਤਾਂ ਰੱਬ ਕਿਵੇਂ ਲਾਹੇਵੰਦ ਹੋ ਸਕਦਾ ਹੈ? ਓਦਾਂ ਵੀ ਜੇ ਝੂਠ ਦੇ ਸਹਾਰੇ ਪਲ ਦੋ ਪਲ ਠੀਕ ਵੀ ਰਹੇ ਕੀ ਉਸ ਨੂੰ ਅਪਣਾ ਲੈਣਾ ਚਾਹੀਦਾ ਹੈ? ਕੀ ਸਾਨੂੰ ਸੱਚ ਜਾਨਣ ਦੀ ਤਾਂਘ ਹੀ ਨਹੀਂ ਹੋਣੀ ਚਾਹੀਦੀ?

ਅੱਗੇ ਤੁਸੀਂ ਲਿਖਿਆ ਹੈ ਕਿ ਅਸੀਂ ਲੋਕਾਂ ਨੂੰ ਗ਼ਲਤ ਪਾਸੇ ਜਾਣੀ ਕਿ ਕੱਟੜਤਾ...ਆਦਿ (ਆਖਰੀ ਪਹਿਰਾ) ਵਾਲ਼ੇ ਪਾਸੇ ਲਿਜਾ ਰਹੇ ਹਾਂ ਤੇ ਇਸ ਕਰਕੇ ਲੋਕ ਧਰਮ ਤੋਂ ਦੂਰ ਜਾ ਰਹੇ ਹਨ। ਮੈਂ ਤੁਹਾਡੇ ਨਾਲ਼ ਸਹਿਮਤ ਨਹੀਂ ਹਾਂ। ਮੈਂ ਨਿੱਜੀ ਤੌਰ ਤੇ ਅਤਿ ਦਾ ਧਾਰਮਿਕ ਹੁੰਦਾ ਸੀ, ਪਰ ਫਤਹਿਗੜ੍ਹ ਸਾਹਿਬ ਗੁਰਦਵਾਰੇ ਵਿੱਚ ਜੋੜੇ-ਸੇਵਾ ਕਰਦੇ ਨੇ ਜਦੋਂ ਦੇਖਿਆ ਕਿ ਇੱਥੇ ਤਾਂ ਪੈਸੇ ਦੀ ਹੀ ਪੂਜਾ ਹੁੰਦੀ ਹੈ ਨਾ ਸਾਹਿਬਜ਼ਾਦਿਆਂ ਦੀ ਤੇ ਨਾ ਹੀ ਕਿਸੇ ਸ਼ਰਧਾਲੂ ਦੀ ਕੋਈ ਕੀਮਤ ਹੈ; ਤਾਂ ਮੈਂ ਰੱਬ ਦੇ ਸੰਕਲਪ ਬਾਰੇ ਗੰਭੀਰਤਾ ਨਾਲ਼ ਸੋਚਣਾ ਤੇ ਜਾਨਣਾ ਸ਼ੁਰੂ ਕੀਤਾ ਸੀ। ਨਤੀਜਾ ਤੁਹਾਡੇ ਸਾਹਮਣੇ ਹੈ ਕਿ ਮੈਂ ਇੱਕ ਨਾਸਤਿਕ ਬਣ ਗਿਆ।

  

ਅੱਗੇ ਬਰਜਿੰਦਰ ਕੌਰ ਢਿੱਲੋਂ ਜੀ ਲਿਖਦੇ ਹਨ ਕਿ ਸਾਰੇ ਧਰਮ (ਸਣੇ ਬੁੱਧ ਧਰਮ ਦੇ) ਇੱਕ ਰੱਬ ਦਾ ਸੰਦੇਸ਼ ਦਿੰਦੇ ਹਨ, ਪਰ ਬੁੱਧ ਕਿਸੇ ਰੱਬ 'ਚ ਭਰੋਸਾ ਨਹੀਂ ਰੱਖਦਾ ਸੀ ਸਗੋਂ ਉਹ ਇਸ ਵਿਚਾਰ ਬਾਰੇ ਆਪਣੀ ਅਣਜਾਣਤਾ ਜ਼ਾਹਿਰ ਕਰਦਾ ਹੁੰਦਾ ਸੀ। ਉਸਦਾ ਇਹ ਵੀ ਕਹਿਣਾ ਸੀ ਕਿ ਉਸਦੇ ਕਹੇ ਨੂੰ ਪੱਥਰ ਤੇ ਲਕੀਰ ਨਾ ਸਮਝਿਆ ਜਾਵੇ ਸਗੋਂ ਉਸ ਤੇ ਵਿਚਾਰ ਕਰਕੇ ਹੀ ਉਸ ਨੂੰ ਮੰਨਿਆਂ ਜਾਵੇ। ਬਾਕੀ, ਸਭ ਧਰਮ ਇੱਕ ਰੱਬ ਬਾਰੇ ਵੀ ਸਹਿਮਤ ਨਹੀਂ ਹਨ। ਸਭ ਨੇ ਆਪਣੇ ਆਪਣੇ ਨਾਂ ਰੱਖੇ ਹੋਏ ਹਨ ਤੇ ਕਈ ਧਰਮ ਤਾਂ ਅਨੇਕਾਂ ਹੀ ਦੇਵੀ ਦੇਵਤਿਆਂ ਨੂੰ ਧਿਆਉਂਦੇ ਹਨ। ਉਨ੍ਹਾਂ ਲਈ ਕਈ ਰੱਬ ਜਾਂ ਰੱਬਣੀਆਂ ਹਨ। ਅੱਗੇ ਭੈਣ ਜੀ ਲਿਖਦੇ ਹਨ ਕਿ ਰੱਬ ਦੀ ਹੋਂਦ ਜਾਂ ਅਣਹੋਂਦ ਨੂੰ ਸਾਬਤ ਕਰਨਾ ਮੁਸ਼ਕਲ ਹੈ। ਮੁਸ਼ਕਲ ਤਾਂ ਇਹ ਹੈ ਕਿ ਰੱਬ ਹੈ ਹੀ ਨਹੀਂ ਹੈ ਇਸ ਲਈ ਸਾਬਤ ਕਿਸ ਤਰਾਂ ਹੋਊ। ਇਸ ਚੀਜ਼ ਦੀ ਅਣਹੋਂਦ ਸਾਬਤ ਕਰਨ ਦੀ ਨੌਬਤ ਤਾਂ ਆਉਂਦੀ ਹੀ ਨਹੀਂ ਹੈ। ਜੇ ਰੱਬ ਦਾ ਸਬੂਤ ਹੋਊ ਤਾਂ ਹੀ ਮੰਨ ਸਕਦੇ ਹਾਂ ਕਿ ਰੱਬ ਹੈ। ਭੈਣ ਜੀ ਖੁਦ ਹੀ ਲਿਖਦੇ ਹਨ ''ਬਹੁਤ ਵੱਡੇ ਵੱਡੇ ਭਗਤਾਂ ਨੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਲੱਭਿਆ ਨਹੀਂ।" ਮੇਰੇ ਖਿਆਲ 'ਚ ਇਹ ਗੱਲ ਵੀ ਇਹ ਦੱਸਦੀ ਹੈ ਕਿ ਰੱਬ ਦੀ ਹੋਂਦ ਤੇ ਹੀ ਸ਼ੱਕ ਹੈ।

ਅੱਗੇ ਵੀਰ ਰਣਜੀਤ ਸਿੰਘ ਦਾ ਵਿਚਾਰ ਹੈ ਕਿ ਮੈਂ ਰੱਬ 'ਚ ਪੂਰਾ ਵਿਸ਼ਵਾਸ ਰੱਖਦਾ ਹਾਂ, ਪਰ ਅੰਧ-ਵਿਸ਼ਵਾਸ ਨਹੀਂ। ਵੀਰ ਜੀ ਮੇਰੇ ਖਿਆਲ 'ਚ ਤਾਂ ਬਗੈਰ ਕਿਸੇ ਸਬੂਤ ਦੇ ਕਿਸੇ ਵਿਚਾਰ ਨੂੰ ਮੰਨੀ ਜਾਣਾ ਇੱਕ ਅੰਧ-ਵਿਸ਼ਵਾਸ ਹੀ ਹੈ। ਜੇ ਕੋਈ ਰੱਬ ਨੂੰ ਮੰਨ ਰਿਹਾ ਹੈ ਤਾਂ ਉਹ ਅੰਧ-ਵਿਸ਼ਵਾਸੀ ਹੀ ਹੈ।

          

 
                                     
              
ਮਾਰਚ 29, 2009

        

ਰੱਬ ਦੀ ਹੋਂਦ ਜਾਂ ਅਣਹੋਂਦ!

-ਮਹਿੰਦਰ ਭਟਨਾਗਰ

 

ਇਸ ਵੈਬਸਾਈਟ ਤੇ ਕਈ ਵਿਦਵਾਨਾਂ ਦੇ ਰੱਬ ਦੀ ਹੋਂਦ ਬਾਰੇ ਬੜੇ ਹੀ ਜਟੀਲੇ ਵਿਚਾਰ ਪੜ੍ਹਨ ਤੋਂ ਬਾਅਦ ਵੀ ਪੱਲੇ ਕੁਝ ਨਹੀਂ ਪਿਆ; ਮੁੱਖ ਸਵਾਲ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਪ੍ਰੇਮ ਜੀ ਨੂੰ ਛੱਡ ਕੇ, ਬਾਕੀ ਸਾਰੇ ਲੇਖਕਾਂ ਨੇ ਦੂਜੇ ਮਸ਼ਹੂਰ ਚਿੰਤਕਾਂ ਅਤੇ ਲੇਖਕਾਂ ਦੇ ਹਵਾਲੇ ਦੇ ਕੇ ਇੱਕ ਦੂਜੇ ਦੇ ਵਿਚਾਰਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਕਿਸੇ ਨਤੀਜੇ ਤੇ ਪਹੁੰਚਣ ਦੀ। ਰੱਬ ਹੈ ਜਾਂ ਨਹੀਂ, ਐਨਾ ਹੀ ਪੁਰਾਣਾ ਸਵਾਲ ਹੈ ਜਿੰਨੀ ਕਿ ਇਹ ਸ੍ਰਿਸ਼ਟੀ। ਇਸ ਸਵਾਲ ਦਾ ਵੀ ਕੋਈ ਸਿੱਧਾ ਜਵਾਬ ਨਹੀਂ ਜਿਵੇਂ ਮੁਰਗੀ ਅਤੇ ਅੰਡੇ ਵਾਲੇ ਸਵਾਲ ਦਾ ਕੋਈ ਜਵਾਬ ਨਹੀਂ। ਵੱਡੇ-ਵੱਡੇ ਅਵਤਾਰਾਂ, ਪੀਰਾਂ-ਪੈਗੰਬਰਾਂ, ਲੇਖਕਾਂ, ਫ਼ਿਲਾਸਫ਼ਰਾਂ, ਬੁੱਧੀਜੀਵੀਆਂ ਨੇ ਵੱਖ-ਵੱਖ ਨਜ਼ਰੀਏ ਪੇਸ਼ ਕਰਕੇ ਰੱਬ ਦੀ ਹੋਂਦ ਦੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵਿੱਚ ਇਸਨੂੰ ਹੋਰ ਵੀ ਉਲਝਾਇਆ ਹੀ ਹੈ। 

  

ਰੱਬ ਨੂੰ ਧਰਮ ਨਾਲ ਜੋੜਨ ਦਾ ਤਾਂ ਕੋਈ ਮਤਲਬ ਹੀ ਨਹੀਂ; ਧਰਮ ਤਾਂ ਸਾਰੇ ਦੇ ਸਾਰੇ ਇਨਸਾਨਾਂ ਨੇ ਬਣਾਏ ਹਨ, ਅਤੇ ਉਹ ਵੀ ਆਪੋ ਆਪਣੇ ਸਵਾਰਥ ਲਈ। ਧਰਮਾਂ ਨੂੰ ਛੱਡੋ, ਰੱਬ ਨੂੰ ਤਾਂ ਸਾਡੇ ਨਾਂਵਾਂ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਸਾਡੇ ਨਾਂ ਵੀ ਤਾਂ ਸਾਨੂੰ ਦੁਨੀਆਂ 'ਚ ਆਉਣ ਤੋਂ ਬਾਅਦ ਹੀ ਮਿਲਦੇ ਹਨ। ਬੜੀ ਅਜੀਬ ਗੱਲ ਹੈ ਕਿ ਰੱਬ ਦੀ ਹੋਂਦ ਦੇ ਸਭ ਤੋਂ ਵੱਡੇ ਹਿਮਾਇਤੀ ਉਹ ਹੀ ਲੋਕ ਹਨ ਜਿਹੜੇ ਇੱਕੋ ਸਾਹ ਵਿੱਚ ਕਹਿੰਦੇ ਹਨ ਕਿ ਰੱਬ ਇੱਕ ਹੈ ਪਰ ਨਾਲ ਹੀ ''ਆਪਣੇ ਰੱਬ'' ਨੂੰ ''ਦੂਜਿਆਂ ਦੇ ਰੱਬ'' ਨਾਲੋਂ ਵੱਡਾ ਅਤੇ ਚੰਗਾ ਆਖਦੇ ਹਨ। ਹਜ਼ਾਰਾਂ ਸਾਲਾਂ ਤੋਂ ਧਰਮ ਦੇ ਨਾਂ ਤੇ ਚਲੀਆਂ ਆ ਰਹੀਆਂ ਲੜਾਈਆਂ ਦਾ ਮੁੱਢ ਇਹੋ ਤਾਂ ਹੈ। ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਜਾਨਵਰਾਂ, ਪੰਛੀਆਂ, ਕੀੜੇ-ਮਕੌੜਿਆਂ ਦਾ ਧਰਮ ਕੀ ਹੁੰਦਾ ਹੈ ਅਤੇ ਉਨ੍ਹਾਂ ਦਾ ਰੱਬ ਕਿਹੜਾ ਹੁੰਦਾ ਹੈ? 

  

ਹਰ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹੇ ਪਲ ਆਉਂਦੇ ਹਨ ਜਦੋਂ ਉਹ ਘੋਰ ਹਨੇਰੇ 'ਚ ਘਿਰਿਆ ਹੁੰਦਾ ਹੈ ਅਤੇ ਜ਼ਿੰਦਗੀ ਦਾ ਕੋਈ ਅਸੂਲ ਉਸਦੇ ਕੰਮ ਨਹੀਂ ਆ ਰਿਹਾ ਹੁੰਦਾ। ਕਿੰਨਾ ਹੀ ਧਾਰਮਿਕ ਪ੍ਰਵਿਰਤੀ ਦਾ ਇਨਸਾਨ ਹੋਵੇ, ਅਜਿਹੇ ਸਮੇਂ ਉਸਦਾ ਵਿਸ਼ਵਾਸ ਡਗਮਗਾ ਜਾਂਦਾ ਹੈ। ਫਿਰ ਅਚਾਨਕ ਉਸੇ ਹਨੇਰੇ ਵਿੱਚੋਂ ਉਮੀਦ ਦੀ ਇੱਕ ਕਿਰਨ ਨਿਕਲਦੀ ਹੈ ਅਤੇ ਉਸ ਵਿਅਕਤੀ ਦੀ ਜ਼ਿੰਦਗੀ 'ਚ ਦੁਬਾਰਾ ਸਭ ਕੁਝ ਠੀਕ ਹੋ ਜਾਂਦਾ ਹੈ। ਇਹ ਅਜੂਬਾ ਕੌਣ ਕਰਦਾ ਹੈ? ਫੁੱਲਾਂ 'ਚ ਰੰਗ ਅਤੇ ਖੁਸ਼ਬੂ ਕੌਣ ਪਾਉਂਦਾ ਹੈ? ਛੋਟੇ ਜਿਹੇ ਬੀਜ ਤੋਂ ਅਸਮਾਨ ਨੂੰ ਛੋਹਣ ਵਾਲੇ ਦਰਖ਼ਤ ਕਿਵੇਂ ਬਣ ਜਾਂਦੇ ਜਨ? ਅੰਬ ਵਿੱਚੋਂ ਹਮੇਸ਼ਾ ਅੰਬ ਦਾ ਹੀ ਸਵਾਦ ਕਿਉਂ ਆਉਂਦਾ ਹੈ, ਕਦੀ-ਕਦਾਈਂ ਨਿੰਬੂ ਜਾਂ ਸੰਤਰੇ ਦਾ ਸਵਾਦ ਕਿਉਂ ਨਹੀਂ ਆ ਜਾਂਦਾ? ਵੰਨ-ਸੁਵੰਨੇ ਜਾਨਵਰ, ਪੰਛੀ, ਮੱਛੀਆਂ, ਕੀੜੇ-ਮਕੌੜੇ ਕਿੱਥੋਂ ਆਏ? ਸੂਰਜ, ਚੰਨ, ਤਾਰੇ ਕਿਸ ਦੇ ਇਸ਼ਾਰੇ ਤੇ ਚੱਲ ਰਹੇ ਹਨ? ਬਹੁਤ ਸਾਰੇ ਹਾਲਾਤਾਂ 'ਚ ਅਸੀਂ ਕਿਉਂ ਕਹਿ ਦਿੰਦੇ ਹਾਂ ਕਿ ਸਾਰਾ ਕੁਝ ਤਾਂ ਸਾਡੇ ਵੱਸ ਨਹੀਂ? ਜਵਾਬ ਸਾਫ਼ ਹੈ।   

   

ਇਸ ਗੱਲ ਤੋਂ ਤਾਂ ਕੋਈ ਵੱਡੇ ਤੋਂ ਵੱਡਾ ਨਾਸਤਕ ਵੀ ਇਨਕਾਰ ਨਹੀਂ ਕਰ ਸਕਦਾ ਕਿ ਕਰੋੜਾਂ ਬ੍ਰਹਮੰਡਾਂ ਨੂੰ ਬਨਾਉਣ ਅਤੇ ਸੰਭਾਲਣ ਵਾਲੀ ਕੋਈ ਨਾ ਕੋਈ ਸ਼ਕਤੀ ਤਾਂ ਹੈ। ਪਰ ਐਨੀ ਵੱਡੀ ਸ਼ਕਤੀ ਨੂੰ ਕਿਸੇ ਮਰਦ ਜਾਂ ਔਰਤ ਦਾ ਰੂਪ ਦੇ ਕੇ ਸਵਰਗ ਵਿੱਚ ਇੱਕ ਹੈੱਡਮਾਸਟਰ ਦੀ ਤਰ੍ਹਾਂ ਹੱਥ 'ਚ ਡੰਡਾ ਫੜਾ ਕੇ ਬਿਠਾਉਣਾ ਵੀ ਤਾਂ ਕੋਈ ਅਕਲਮੰਦੀ ਨਹੀਂ। ਆਪਣੇ ਆਪ ਨੂੰ ਨਾਸਤਕ ਕਹਿਣ ਵਾਲੇ ਲੋਕ ਦਰਅਸਲ ਇੱਕ ਸਰਬ-ਸ਼ਕਤੀਮਾਨ ਰੱਬ ਦੀ ਹੋਂਦ ਤੋਂ ਇਨਕਾਰ ਨਹੀਂ ਕਰਦੇ ਸਗੋਂ ਰੱਬ ਦੇ ਹੈੱਡਮਾਸਟਰੀ ਰੂਪ ਨੂੰ ਹੀ ਨਿਕਾਰਦੇ ਹਨ। ਰੱਬ ਦੇ ਅਜਿਹੇ ਰੂਪ ਨੂੰ ਸਵੀਕਾਰ ਕਰਨ ਦਾ ਮਤਲਬ ਹੈ ਇਨਸਾਨ ਦਾ ਆਪਣੀ ਅਜ਼ਾਦ ਸੋਚ ਉੱਤੇ ਕਿਸੇ ਹੋਰ ਦਾ ਕੰਟਰੋਲ ਸਵੀਕਾਰ ਕਰਨਾ ਜਿਹੜਾ ਕੋਈ ਵੀ ਤਰਕਸ਼ੀਲ ਇਨਸਾਨ ਪਸੰਦ ਨਹੀਂ ਕਰਦਾ। 

          

 
                                     
              
 ਅਪ੍ਰੈਲ 4, 2009  

        

ਰੱਬ ਦੀ ਹੋਂਦ ਬਾਰੇ ਦੂਜਾ ਪ੍ਰਤਿਕਰਮ

-ਸਾਧੂ ਬਿਨਿੰਗ

 

ਰੱਬ ਦੀ ਹੋਂਦ ਜਾਂ ਅਣਹੋਂਦ ਬਾਰੇ ਚਲਦੇ ਵਿਚਾਰ ਵਟਾਂਦਰੇ ਵਿਚ ਸ੍ਰੀ ਮਹਿੰਦਰ ਭਟਨਾਗਰ ਹੋਰਾਂ ਵਲੋਂ ਪੇਸ਼ ਕੀਤੇ ਵਿਚਾਰਾਂ ਬਾਰੇ ਕੁਝ ਪ੍ਰਤਿਕਰਮ।

 

 ''ਰੱਬ ਹੈ ਜਾਂ ਨਹੀਂ, ਐਨਾ ਹੀ ਪੁਰਾਣਾ ਸਵਾਲ ਹੈ ਜਿੰਨੀ ਕਿ ਇਹ ਸ੍ਰਿਸ਼ਟੀ"।

ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਟਨਾਗਰ ਜੀ ਦਾ ਸ੍ਰਿਸ਼ਟੀ ਤੋਂ ਕੀ ਭਾਵ ਹੈ? ਵਿਗਿਆਨੀਆਂ ਨੇ ਸਾਨੂੰ ਦੱਸਿਆ ਹੈ ਕਿ ਐਵੋਲਿਉਸ਼ਨ ਅਨੁਸਾਰ ਅਜੋਕੇ ਇਨਸਾਨ ਤੱਕ ਪਹੁੰਚਣ ਲਈ ਅਰਬਾਂ ਸਾਲ ਲੱਗੇ ਹਨ। ਇਸ ਪਹੁੰਚ ਅਨੁਸਾਰ ਸ਼ਾਇਦ ਇਹ ਅੰਦਾਜ਼ਾ ਲਾਉਣਾ ਏਨਾ ਸੰਭਵ ਨਾ ਹੋਵੇ ਕਿ ਸ੍ਰਿਸ਼ਟੀ ਬਾਰੇ ਇਨਸਾਨ ਦੇ ਦਿਮਾਗ ਵਿਚ ਸਵਾਲ ਕਦੋਂ ਪੈਦਾ ਹੋਇਆ ਹੋਵੇਗਾ। ਪਰ ਜੇ ਅਸੀਂ ਇਸਾਈ ਮੱਤ ਵਰਗੇ ਵਿਚਾਰ ਵਿਚ ਯਕੀਨ ਰੱਖਦੇ ਹਾਂ ਕਿ ਗੌਡ ਨੇ ਕੁਝ ਹਜ਼ਾਰ ਸਾਲ ਪਹਿਲਾਂ, ਕੁਝ ਦਿਨਾਂ ਵਿਚ ਹੀ ਇਹ ਸਭ ਕੁਝ ਬਣਾਇਆ ਸੀ ਤਾਂ ਸ਼ਾਇਦ ਭਟਨਾਗਰ ਜੀ ਹੋਰਾਂ ਦੀ ਇਹ ਗੱਲ ਸਹੀ ਹੋਵੇ ਕਿ ਰੱਬ ਦੀ ਹੋਂਦ ਜਾਂ ਅਣਹੋਂਦ ਦਾ ਸਵਾਲ ਸ੍ਰਿਸ਼ਟੀ ਜਿੰਨਾ ਹੀ ਪੁਰਾਣਾ ਹੈ।

 

''ਰੱਬ ਨੂੰ ਧਰਮ ਨਾਲ ਜੋੜਨ ਦਾ ਤਾਂ ਕੋਈ ਮਤਲਬ ਹੀ ਨਹੀਂ"।

ਭਟਨਾਗਰ ਜੀ ਦਾ ਇਹ ਵਿਚਾਰ ਬਹੁਤ ਵਧੀਆ ਹੈ ਕਿ ਸਾਨੂੰ ਰੱਬ ਤੇ ਧਰਮ ਨੂੰ ਵੱਖਰੇ ਵੱਖਰੇ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਇਹ ਕਹਿਣਾ ਵੀ ਪੂਰੀ ਤਰ੍ਹਾਂ ਠੀਕ ਹੈ ਕਿ ਧਰਮ ਬੰਦੇ ਨੇ ਪੈਦਾ ਕੀਤੇ ਹਨ ਤੇ ਉਹ ਵੀ ਆਪੋ ਆਪਣੇ ਸਵਾਰਥ ਲਈ। ਪਰ ਸਮੱਸਿਆ ਇਹ ਹੈ ਕਿ ਇਸ ਵਧੀਆ ਲਗਦੀ ਗੱਲ ਦਾ ਅਮਲੀ ਪੱਧਰ 'ਤੇ ਅਰਥ ਕੋਈ ਨਹੀਂ। ਧਰਮ ਇਸ ਵੇਲੇ ਇਕ ਬਹੁਤ ਵੱਡਾ ਕਾਰੋਬਾਰ ਹੈ ਅਤੇ ਇਹ ਕਾਰੋਬਾਰ ਰੱਬ ਦੇ ਨਾਂ ਤੋਂ ਬਿਨਾਂ ਸੰਭਵ ਨਹੀਂ। ਇਸਾਈ ਮੱਤ ਵਿਚਲਾ ਰੋਮਨ ਕੈਥੋਲਿਕ ਸੈਕਟ ਇਸ ਵੇਲੇ ਦੁਨੀਆਂ ਦਾ ਸਭ ਤੋਂ ਵੱਡਾ ਜਗੀਰਦਾਰ ਹੈ। ਸਿੱਖ ਗੁਰਦੁਆਰਿਆਂ ਵਿਚ ਅਰਬਾਂ ਰੁਪਏ ਹਰ ਵਰ੍ਹੇ ਚੜ੍ਹਾਵੇ ਵਜੋਂ ਚੜ੍ਹਦੇ ਹਨ। ਦੁਨੀਆਂ ਭਰ ਵਿਚ ਕ੍ਰੋੜਾਂ ਲੋਕ ਰੱਬ ਦੇ ਨਾਂ 'ਤੇ ਰੋਟੀ ਖਾ ਰਹੇ ਹਨ। ਕੀ ਉਹ ਇਹ ਸੁਝਾਅ ਮੰਨ ਲੈਣਗੇ ਕਿ ਉਹ ਆਪਣਾ ਕਾਰੋਬਾਰ ਰੱਬ ਦਾ ਨਾਂ ਲਏ ਤੋਂ ਬਿਨਾਂ ਚਲਾਉਣ? ਰੱਬ ਤੋਂ ਬਿਨਾਂ ਕੋਈ ਮੰਦਰ, ਮਸੀਤ, ਚਰਚ ਜਾਂ ਗੁਰਦਵਾਰੇ ਜਾਵੇਗਾ?

 

ਭਟਨਾਗਰ ਜੀ ਕੁਦਰਤੀ ਵਰਤਾਰਿਆਂ ਬਾਰੇ ਬਹੁਤ ਹੀ ਦਿਲਚਸਪ ਸਵਾਲ ਪੁੱਛਦੇ ਹਨ। ਇਹ ਸਵਾਲ ਕਵਿਤਾ ਵਰਗੇ ਹਨ, ਪੜ੍ਹਨੇ ਨੂੰ ਸੋਹਣੇ ਲਗਦੇ ਹਨ। ਉਹ ਸਵਾਲ ਕਰਦੇ ਹਨ ਕਿ ਇਹ ਸਾਰਾ ਕੁਝ ਕੌਣ ਕਰ ਰਿਹਾ ਹੈ? ਤੇ ਫੇਰ ਕਹਿੰਦੇ ਹਨ ਕਿ 'ਜਵਾਬ ਸਾਫ ਹੈ'। ਜੇ ਮੈਂ ਗਲਤ ਨਾ ਸਮਝਿਆ ਹੋਵਾਂ ਤਾਂ ਉਨ੍ਹਾਂ ਦਾ ਇਸ਼ਾਰਾ ਰੱਬ ਵੱਲ ਹੈ। ਜਦੋਂ ਤੁਹਾਨੂੰ ਸਵਾਲ ਦਾ 'ਸਾਫ' ਜਵਾਬ ਮਿਲ ਜਾਵੇ ਫੇਰ ਤੁਹਾਨੂੰ ਉਹਦੇ ਬਾਰੇ ਹੋਰ ਕੁਝ ਜਾਨਣ ਦੀ ਲੋੜ ਨਹੀਂ ਰਹਿੰਦੀ। ਜੇ ਭਟਨਾਗਰ ਜੀ ਹੋਰਾਂ ਵਾਂਗ ਸਾਰਿਆਂ ਦੇ ਮਨਾਂ 'ਚ ਜਵਾਬ ਇਸ ਤਰ੍ਹਾਂ ਸਾਫ ਹੁੰਦਾ ਤਾਂ ਜਿਸ ਕਿਸਮ ਦੀ ਤਰੱਕੀ ਮਨੁੱਖ ਨੇ ਵਿਗਿਆਨਕ ਸੋਚ ਅਪਣਾ ਕੇ ਕੀਤੀ ਹੈ ਉਹ ਸੰਭਵ ਨਾ ਹੁੰਦੀ। ਉਦਾਹਰਨ ਵਜੋਂ, ਅਸੀਂ ਅਜੇ ਵੀ ਹਰ ਬੀਮਾਰੀ ਦਾ ਕਾਰਨ ਕਿਸੇ ਬਾਹਰੀ ਸ਼ੈਅ ਵਲੋਂ ਪਾਇਆ ਅਸਰ ਮੰਨਦੇ ਹਾਂ (ਜਿਵੇਂ ਅਜੇ ਵੀ ਬਹੁਤ ਲੋਕ ਭੂਤਾਂ, ਪ੍ਰੇਤਾਂ, ਟੂਣੇ, ਧਾਗਿਆਂ ਆਦਿ ਵਿਚ ਯਕੀਨ ਰੱਖਦੇ ਹਨ)। ਅਤੇ ਨਾ ਹੀ ਅਸੀਂ ਇਹ ਵਿਚਾਰ ਵਟਾਂਦਰਾ ਕੰਪਿਊਟਰ ਰਾਹੀਂ ਇੰਟਰਨੈੱਟ 'ਤੇ ਕਰ ਰਹੇ ਹੁੰਦੇ।

 

''ਪ੍ਰੇਮ ਜੀ ਨੂੰ ਛੱਡ ਕੇ ਬਾਕੀ ਸਾਰੇ ਲੇਖਕਾਂ ਨੇ ਦੂਜੇ ਮਸ਼ਹੂਰ ਚਿੰਤਕਾਂ ਅਤੇ ਲੇਖਕਾਂ ਦੇ ਹਵਾਲੇ ਦੇ ਕੇ ਇੱਕ ਦੂਜੇ ਦੇ ਵਿਚਾਰਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਕਿਸੇ ਸਿੱਟੇ 'ਤੇ ਪਹੁੰਚਣ ਦੀ"।

ਭਟਨਾਗਰ ਜੀ ਦੇ ਇਸ ਵਾਕ ਵਿਚ ਦੋ ਮੁੱਖ ਵਿਚਾਰ ਹਨ - 1) ਦੂਜੇ ਲੇਖਕਾਂ ਨੇ ਮਸ਼ਹੂਰ ਚਿੰਤਕਾਂ ਦੇ ਹਵਾਲੇ ਦਿੱਤੇ ਹਨ ਪਰ ਪ੍ਰੇਮ ਜੀ ਨੇ ਨਹੀਂ ; 2) ਕਿਸੇ ਨੇ ਵੀ ਕਿਸੇ ਨਤੀਜੇ 'ਤੇ ਪਹੁੰਚਣ ਦੀ ਕੋਸ਼ਸ਼ ਨਹੀਂ ਕੀਤੀ।

ਹੁਣ ਇਹ ਦੋਵੇਂ ਵਿਚਾਰ ਸਾਡੇ ਸਾਹਮਣੇ ਇਕ ਬਹੁਤ ਹੀ ਦਿਲਚਸਪ ਮਿਸਾਲ ਪੇਸ਼ ਕਰਦੇ ਹਨ ਕਿ ਅਸੀਂ ਲਿਖਤਾਂ ਨੂੰ ਕਿਸ ਤਰ੍ਹਾਂ ਪੜ੍ਹਦੇ ਅਤੇ ਸਮਝਦੇ ਹਾਂ। ਜਦੋਂ ਮੈਂ ਪੜ੍ਹਦਾ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਅਸਲ ਵਿਚ ਪ੍ਰੇਮ ਮਾਨ ਜੀ ਹੋਰੀਂ ਸਭ ਤੋਂ ਵੱਧ ਦੂਜੇ ਚਿੰਤਕਾਂ ਦੇ ਵਿਚਾਰਾਂ ਦਾ ਹਵਾਲਾ ਦਿੱਤਾ ਹੈ, ਪਰ ਭਟਨਾਗਰ ਜੀ ਇਸ ਤੋਂ ਉਲਟ ਪੜ੍ਹ ਰਹੇ ਹਨ।

 

ਘੱਟੋ ਘੱਟ ਆਪਣੇ ਵਿਚਾਰਾਂ ਬਾਰੇ ਕਹਿ ਸਕਦਾ ਹਾਂ ਕਿ ਮੈਂ ਤਾਂ ਕੁਝ ਸਿੱਟਿਆਂ 'ਤੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਉਦਾਹਰਨ ਵਜੋਂ: 1) ਸਾਨੂੰ ਕਿਸੇ ਦਿਸਦੀ ਅਣਦਿਸਦੀ ਚੀਜ਼ ਤੋਂ ਡਰਨ ਦੀ ਲੋੜ ਨਹੀਂ; 2) ਇਨਸਾਨ ਨੂੰ ਚੰਗਾ ਬਣਨ ਲਈ ਕਿਸੇ ਫਰਜ਼ੀ ਰੱਬ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੈ।

 

ਜੇ ਭਟਨਾਗਰ ਜੀ ਮੇਰੇ ਜਾਂ ਕਿਸੇ ਹੋਰ ਦੇ ਕੱਢੇ ਸਿੱਟਿਆਂ ਨਾਲ ਸਹਿਮਤ ਨਾ ਹੋਣ ਤਾਂ ਇਹ ਕੋਈ ਸਮੱਸਿਆ ਨਹੀਂ ਹੈ। ਦਰਅਸਲ ਵਿਚਾਰ ਵਟਾਂਦਰਾ ਹੁੰਦਾ ਹੀ ਉਦੋਂ ਹੈ ਜਦੋਂ ਸਹਿਮਤੀ ਨਾ ਹੋਵੇ। ਪਰ ਇਹ ਕਹਿ ਦੇਣਾ ਕਿ ਕਿਸੇ ਨੇ ਵੀ ਕੋਈ ਸਿੱਟਾ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸਮੱਸਿਆ ਵਾਲੀ ਗੱਲ ਹੋ ਸਕਦੀ ਹੈ।

 

''ਇਸ ਗੱਲ ਤੋਂ ਤਾਂ ਕੋਈ ਵੱਡੇ ਤੋਂ ਵੱਡਾ ਨਾਸਤਕ ਵੀ ਇਨਕਾਰ ਨਹੀਂ ਕਰ ਸਕਦਾ ਕਿ ਕ੍ਰੋੜਾਂ ਬ੍ਰਹਿਮੰਡਾਂ ਨੂੰ ਬਨਾਉਣ ਅਤੇ ਸੰਭਾਲਣ ਵਾਲੀ ਕੋਈ ਨਾ ਕੋਈ ਸ਼ਕਤੀ ਤਾਂ ਹੈ"।

 

ਨਾਸਤਕ ਲੋਕ ਤਾਂ ਨਾਸਤਕ ਕਹਾਉਂਦੇ ਹੀ ਇਸ ਕਰਕੇ ਹਨ ਕਿ ਉਹ ਸਾਫ ਇਨਕਾਰ ਕਰਦੇ ਹਨ। ਭਟਨਾਗਰ ਜੀ ਨਾਸਤਕ ਸ਼ਬਦ ਦੇ ਕੋਈ ਹੋਰ ਅਰਥ ਸਮਝਦੇ ਹੋਣ ਤਾਂ ਉਹ ਸਾਨੂੰ ਵੀ ਜ਼ਰੂਰ ਸਮਝਾਉਣ।

          

 
                                     
              
 ਅਪ੍ਰੈਲ 22, 2009  

        

Astak or Nastak

                           -Dr. Ranjit K. Grover

I have read the blog written by Prof. Mann Ji on the issue of Astak or Nastak. I thought he handled this sensitive subject with honesty, clarity and great insight. I thought of writing my response earlier but shelved it with my hang up of not being able to write in Panjabi. Also I am not a writer or a literary person like many of you appear to be. However, after reading the responses of many I felt propelled to respond. 

  

Mann Ji as well as Binning Ji have complained about the bad influence of Dharam and Dharmic people. Let us first define Dharam. According to Bhai Kahn Singh Nabha’s Mahan Kosh, Dharam has 10 cardinal principles, which are — Patience, Forgiveness, Self control, Truthfulness, Open mind, Purity of mind,  Purity of ideas, Not to take what is not yours, Control over anger, and Control over lust. Anyone following this Dharam with 10 universal rules, in my opinion, cannot be a bad person.  Dharam (not a religion) with these 10 cardinal rules is a guiding light for a person to stay on the right path and be a good person.  

  

Binning Ji writes, “Dharam is an obstacle in becoming a good person.”I believe it is not the Dharam or Dharmic people who are obstacles, it is an adulterated Dharam or misuse of Dharam by fake Dharmic people which creates an obstacle in the way of good people. 

While we are on the subject of Dharam, let me mention that Sikh Dharam adds another (11th) principle, i.e., Naam Japna to be one with God. Therefore, a Sikh Dharam believer is not a Nastak because his/her ultimate goal is supposed to be one with God. 

  

Regarding The Existence or Non existence of God: I, like others, have wondered about the existence of God. How do we know that God listens to our prayers?  I also want to see or feel God, something tangible to hold. But may be God is not that THING which we believe. May be he (or she) cannot be perceived by the regular senses of a human being. We may have to develop a special sense to know God. This reminds me of Guru Arjan Dev Ji’s Bani  in Guru Granth Sahib: Sagal banaspat mein basantar, sagal dudh mein ghia. It means that in the cool greenery lies the hot fire (which we do not see sitting under a cool shade of a tree), and in the liquid white milk lies the ghee (which has no resemblance to milk). Similarly could it be that God is in a form that we are not looking for?  

  

Bhatnagar Ji says, “ Rab is not connected with dharam because dharam was created by man for his benefits.” I would like to know who created the concept of God and where? I think the concept of God was also created by man probably for his own benefits. 

  

Bhatnagar Ji has raised a question close to my heart, i.e., “How is the universe maintained?” 

Is there a super power or God who takes care of it day in and day out?

Or

Is it the perfect balance between the different parts of the universe which has been holding it so far with only minor incidents, but any time this balance is tipped off the universe can collapse?                                                                    

Or

Are there other theories to explain the sustenance of universe? I will be very much interested in hearing about them.

          

 
                                     
              
 ਅਪ੍ਰੈਲ 26, 2009  

        

ਰੱਬ ਦੀ ਹੋਂਦ ਬਾਰੇ ਤੀਜਾ ਪ੍ਰਤਿਕਰਮ

-ਸਾਧੂ ਬਿਨਿੰਗ

  

ਡਾਕਟਰ ਰਣਜੀਤ ਕੌਰ ਗਰੋਵਰ ਹੋਰਾਂ ਦੇ ਵਿਚਾਰ ਪੜ੍ਹੇ। ਕੁਝ ਕਹਿਣ ਤੋਂ ਆਪਣੇ ਆਪ ਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਵਿਚ ਸ਼ਾਇਦ ਡਾਕਟਰ ਪ੍ਰੇਮ ਮਾਨ ਜੀ ਤੇ ਹੋਰ ਦੋਸਤਾਂ ਵਰਗਾ ਠਰ੍ਹੰਮਾ ਨਹੀਂ ਹੈ।   

   

ਮੈਂ ਪੂਰੇ ਸਤਿਕਾਰ ਨਾਲ ਡਾਕਟਰ ਸਾਹਿਬਾ ਜੀ ਦੇ ਵਿਚਾਰਾਂ ਬਾਰੇ ਆਪਣਾ ਪ੍ਰਤਿਕਰਮ ਲਿਖਣ ਲੱਗਾ ਹਾਂ।  

    

ਉਨ੍ਹਾਂ ਨੇ ਧਰਮ ਦੀ ਵਿਆਖਿਆ ਕਰਦਿਆਂ ਸਾਨੂੰ ਦੱਸਿਆ ਹੈ ਕਿ Dharam (not a religion) with these 10 cardinal rules is a guiding light for a person to stay on the right path and be a good person.  (ਏਥੇ ਜੇ ਉਹ ਸਾਨੂੰ ਦੱਸ ਦਿੰਦੇ ਕਿ ਉਨ੍ਹਾਂ ਦਾ Dharam (not a religion)  ਤੋਂ ਕੀ ਭਾਵ ਹੈ ਤਾਂ ਚੰਗਾ ਹੁੰਦਾ)। ਅੱਗੇ ਉਨ੍ਹਾਂ ਨੇ ਗਿਆਰਵਾਂ ਨਿਯਮ, ਸਿੱਖ ਧਰਮ ਵਿਚ ਪ੍ਰਮਾਤਮਾ ਨਾਲ ਇਕ ਮਿੱਕ ਹੋਣ ਲਈ ਨਾਮ ਜਪਣ ਦਾ, ਦੱਸਿਆ ਹੈ। ਉਹ ਕਹਿੰਦੇ ਹਨ ਕਿ Therefore, a Sikh Dharam believer is not a Nastak because his/her ultimate goal is supposed to be one with God.  ਉਨ੍ਹਾਂ ਦੀ ਏਥੇ ਤੱਕ ਦੀ ਗੱਲਬਾਤ ਤੋਂ ਮੈਂ ਇਹ ਅੰਦਾਜ਼ਾ ਲਾ ਬੈਠਾ ਕਿ ਉਨ੍ਹਾਂ ਦਾ ਵੀ ਧਰਮ (ਸਿੱਖ) ਵਿਚ ਯਕੀਨ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਰੱਬ ਵਿਚ ਵੀ ਯਕੀਨ ਹੈ ਤੇ ਨਾਮ ਜਪ ਕੇ ਰੱਬ ਨਾਲ ਜੁੜਨ ਵਿਚ ਵੀ। ਪਰ ਅੱਗੇ ਜਾ ਕੇ ਉਨ੍ਹਾਂ ਮੈਨੂੰ ਕੁਝ ਉਲਝਣ ਵਿਚ ਪਾ ਦਿੱਤਾ। ਭਟਨਾਗਰ ਜੀ ਦੇ ਵਿਚਾਰਾਂ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ: I think the concept of God was also created by man probably for his own benefits.  ਜੇ ਉਨ੍ਹਾਂ ਦੀ ਇਹ ਗੱਲ ਸਹੀ ਹੈ (ਜਿਹੜੀ ਕਿ ਮੇਰੇ ਖਿਆਲ ਵਿਚ ਸਹੀ ਹੈ), ਤਾਂ ਫੇਰ ਸਵਾਲ ਇਹ ਹੈ ਕਿ ਉਹ ਖੁਦ ਤੇ ਬਾਕੀ ਦੇ ਸਾਰੇ ਸਿੱਖ ਨਾਮ ਜਪ ਕੇ ਕਿਹੜੇ ਰੱਬ ਨਾਲ ਇਕ ਮਿੱਕ ਹੋ ਰਹੇ ਹੁੰਦੇ ਹਨ? ਪਰ ਜੇ ਉਹ ਖੁਦ ਅਜਿਹਾ ਕੁਝ ਨਹੀਂ ਕਰਦੇ ਤਾਂ ਫੇਰ ਬਾਕੀਆਂ ਨੂੰ ਇਹ ਸਲਾਹ ਕਿਸ ਤਰ੍ਹਾਂ ਦੇ ਰਹੇ ਹਨ? ਅਖੀਰ ਵਿਚ ਉਹ ਜਾਨਣਾ ਚਾਹੁੰਦੇ ਹਨ ਕਿ Are there other theories to explain the sustenance of universe?

     

ਜੇ ਕੋਈ ਤੁਹਾਨੂੰ ਆ ਕੇ ਕਹੇ ਕਿ ਮੈਂ ਆਪਣੇ ਆਲੇ ਦੁਆਲੇ ਦੇ ਸਾਰੇ ਸਾਧਾਂ, ਸੰਤਾਂ, ਦੇਵੀ, ਦੇਵਤਿਆਂ, ਬਾਬਿਆਂ, ਸਾਈਂ ਬਾਬਿਆਂ, ਧਾਰਮਿਕ ਗ੍ਰੰਥਾਂ ਅੱਗੇ ਮੱਥੇ ਟੇਕ ਹਟਿਆਂ ਜਾਂ ਹਟੀ ਹਾਂ, ਸਾਰੀਆਂ ਸ਼ਕਤੀ ਵਾਲੀਆਂ ਥਾਵਾਂ 'ਤੇ ਗੁਰਦਵਾਰਿਆਂ, ਮੰਦਰਾਂ, ਮਸੀਤਾਂ, ਮਟੀਆਂ ਵਿਚ ਵੀ ਚੜ੍ਹਾਵੇ ਚੜ੍ਹਾਏ ਹਨ ਤੇ ਮੰਨਤਾਂ ਮੰਨੀਆਂ ਹਨ ਪਰ ਕਿਤਿਓਂ ਵੀ ਮੇਰੀ ਬੀਮਾਰੀ ਦਾ ਕੁਝ ਪਤਾ ਨਹੀਂ ਲੱਗਾ ਤੇ ਨਾ ਹੀ ਕੋਈ ਅਰਾਮ ਆਇਆ ਹੈ, ਦੱਸੋ ਮੈਂ ਕੀ ਕਰਾਂ? ਤਾਂ ਸੰਭਵ ਹੈ ਕਿ ਤੁਹਾਡਾ ਪਹਿਲਾ ਸੁਝਾਅ ਇਹ ਹੋਵੇ ਕਿ ਭਾਈ ਸਾਹਿਬ ਆਪਣੀ ਬੀਮਾਰੀ ਕਿਸੇ ਡਾਕਟਰ ਤੋਂ ਚੈੱਕ ਕਰਵਾ ਲਓ ਕਿਉਂਕਿ ਤੁਹਾਨੂੰ ਏਨਾ (ਇੱਕੀਵੀਂ ਸਦੀ 'ਚ ਵਸਦਿਆਂ) ਤਾਂ ਪਤਾ ਹੀ ਹੁੰਦਾ ਹੈ ਕਿ ਬਹੁਤ ਸਾਰੀਆਂ ਬੀਮਾਰੀਆਂ ਦੇ ਅੱਜ ਕੱਲ ਡਾਕਟਰੀ ਇਲਾਜ ਹਨ ਜਾਂ ਘੱਟੋ ਘੱਟ ਸਾਇੰਸ ਨਾਲ ਬਹੁਤੀਆਂ ਬੀਮਾਰੀਆਂ ਦਾ ਪਤਾ ਤਾਂ ਲਾਇਆ ਹੀ ਜਾ ਸਕਦਾ ਹੈ। ਏਸੇ ਤਰ੍ਹਾਂ ਸੰਭਵ ਹੈ, ਭਾਵੇਂ ਗਰੰਟੀ ਕੋਈ ਨਹੀਂ, ਕਿ ਸਥਾਨਕ ਲਾਇਬ੍ਰੇਰੀ ਵਿਚ ਪਈਆਂ ਵਿਗਿਆਨ ਦੀਆਂ ਪੁਸਤਕਾਂ ਵਿੱਚੋਂ ਕੋਈ ਕੋਪਰੀਨੀਕਸ, ਗਲੀਲਿਓ ਜਾਂ ਉਨ੍ਹਾਂ ਤੋਂ ਬਾਅਦ ਹੋਏ ਅਨੇਕਾਂ ਵਿਗਿਆਨੀ ਤੁਹਾਡੇ ਇਸ ਸਵਾਲ ਦਾ ਜਵਾਬ ਦੇ ਸਕਣ।

          

 
                                     
              
  ਮਈ 25, 2009  

        

ਰੱਬ ਦੀ ਗੱਲ

-ਗੁਰਦੇਵ ਸਿੰਘ ਘਣਗਸ

   

ਰੱਬ ਦੀ ਹੋਂਦ ਬਾਰੇ ਬਹਿਸ ਕੋਈ ਹੈਰਾਨੀ ਵਾਲੀ ਗੱਲ ਨਹੀਂ। ਪੁਰਾਣੀਆਂ ਪੋਥੀਆਂ ਅਤੇ ਗਰੰਥਾਂ ਵਿਚ ਲਿਖਤੀ ਸਬੂਤ ਮਿਲਦੇ ਹਨ ਕਿ ਰੱਬ ਦੀ ਹੋਂਦ ਬਾਰੇ ਸੋਚ ਘੱਟੋ-ਘੱਟ ਚਾਰ ਹਜਾਰ ਸਾਲਾਂ ਤੋਂ ਚਲਦੀ ਆ ਰਹੀ ਹੈ ਅਤੇ ਰੱਬ ਦੀ ਹੋਂਦ ਬਾਰੇ ਅਨੇਕਾਂ ਸਿਧਾਂਤ (theories) ਮਿਲਦੇ ਹਨ। ਦੋ ਕੁ ਮਹੀਨੇ ਪਹਿਲਾਂ ਜਦ ਇਹ ਬਹਿਸ ਇਸ ਪਰਚੇ ਵਿਚ ਵੀ ਚੱਲ ਪਈ ਤਾਂ ਪਹਿਲਾਂ ਮੈਂਨੂੰ ਕੁਝ ਹੈਰਾਨੀ ਜਹੀ ਵੀ ਹੋਈ । ਮੇਰਾ ਦਿਲ ਕਰੇ ਕਿ ਫੋਨ ਚੁੱਕਾਂ ਤੇ ਪ੍ਰੇਮ ਮਾਨ ਜੀ ਨੂੰ ਕਹਾਂ, “What were you thinking?” ‘ਕੀ ਇਸ ਬਿਨਾਂ ਸਰ ਨਹੀਂ ਸਕਦਾ?’ ਖੈਰ, ਸਮਾਂ ਲੰਘ ਗਿਆ ਅਤੇ ਵੱਖੋ ਵੱਖਰੇ ਵਿਦਵਾਨਾਂ ਦੇ ਵਿਚਾਰ ਛਪਦੇ ਗਏ ਪਰ ਰੱਬ ਦਾ ਵਿਸ਼ਾ ਇਤਨਾ ਵੱਡਾ ਤੇ ਗੁੰਝਲਦਾਰ ਹੈ ਕਿ ਹਰ ਵਿਚਾਰ ਅਧੂਰਾ ਰਹਿ ਜਾਂਦਾ ਰਿਹਾ।

                 

ਕਾਫੀ ਲੋਕ ਐਸੇ ਵੀ ਹਨ ਜੋ ਰੱਬ ਦੀ ਬਹਿਸ ਵਿਚ ਹਿੱਸਾ ਲੈਣ ਤੋਂ ਗੁਰੇਜ਼ ਕਰਦੇ ਹਨ। ਇਸਦੇ ਕਈ ਹੋਰ ਵੀ ਕਾਰਨ ਹਨ ਪਰ ਸਭਤੋਂ ਵੱਡਾ ਕਾਰਨ ਇਹ ਹੈ ਕਿ ਰੱਬ ਕੋਈ ਵੱਟਿਆਂ ਨਾਲ ਤੋਲਕੇ ਪਰਖਣ ਵਾਲੀ ਸ਼ੈਅ ਨਹੀਂ ਜਿਸਦਾ ਠੋਸ ਸਬੂਤ (evidence) ਦਿੱਤਾ ਜਾ ਸਕੇ। ਇਸੇ ਲਈ ਵਿਗਿਆਨ ਦੇ ਲੇਖਾਂ ਵਿਚ ਵੀ ਆਮ ਤੌਰ ਤੇ ਰੱਬ ਦਾ ਨਾਂ ਲਿਖਿਆ ਨਹੀਂ ਜਾਂਦਾ, ਭਾਵੇਂ ਕੁਦਰਤ (Nature) ਬਾਰੇ ਆਮ ਲਿਖਿਆ ਜਾਂਦਾ ਹੈ। ਅੰਗਰੇਜ਼ੀ ਵਿਚ ਛਪਦੇ ਇਕ ਰਸਾਲੇ ਦਾ ਨਾਂ ਵੀ ‘Nature’ (ਕੁਦਰਤ) ਹੈ ਜਿਸ ਵਿਚ ਕੁਦਰਤ ਦੇ ਕ੍ਰਿਸ਼ਮਿਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਲੇਖ ਮਿਲਦੇ ਹਨ।

                 

ਰੱਬ ਦੀ ਗੱਲ ਚਲਾਉਣ ਵੇਲੇ ਰੱਬ ਦੀ ਪਰਿਭਾਸ਼ਾ (definition) ਦਾ ਵਿਚਾਰ ਬਹੁਤ ਜਰੂਰੀ ਹੈ। ਵੱਖ ਵੱਖ ਨਸਲਾਂ ਦੇ ਬੰਦਿਆਂ ਨੇ ਆਪੋ-ਆਪਣੀਆਂ ਬੋਲੀਆਂ ਵਿਚ ਕਦੋਂ ਰੱਬ ਕਹਿਣਾ ਸ਼ੁਰੂ ਕੀਤਾ?। ਲੋਕਾਂ ਨੇ ਕਦ ਤੇ ਕਿਓਂ ਕਹਿਣਾ ਸ਼ੁਰੂ ਕੀਤਾ ਕਿ ਮਾਂ ਹੀ ਰੱਬ ਦਾ ਰੂਪ ਹੁੰਦੀ ਹੈ? ਇਹਨਾਂ ਗੱਲਾਂ ਦਾ ਕੋਈ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪਰ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਸਦੀਆਂ ਪਹਿਲੇ ਸਾਡੇ ਪੁਰਖੇ (ਮਰਦ,ਜਨਾਨੀਆਂ) ਜੰਗਲਾਂ ਵਿਚ ਨੰਗ-ਧੜੰਗੇ ਰਹਿੰਦੇ ਸਨ। ਹੌਲੀ ਹੌਲੀ ਉਹਨਾਂ ਨੇ ਆਪਸ ਵਿਚ ਬੋਲਣ ਲਈ ਬੋਲੀਆਂ ਕੱਢ ਲਈਆਂ, ਕੱਪੜੇ ਪਾਉਣ ਲੱਗ ਪਏ, ‘ਤੇ ਰੱਬ ਦਾ ਨਾਂ ਵੀ ਲੈਣ ਲੱਗ ਪਏ। ਕੁਝ ਲੋਕ ਬੰਦਿਆਂ ਤੋਂ ਆਕੀ ਹੋਕੇ ਰੱਬ ਤੋਂ ਆਕੀ ਵੀ ਹੋਣ ਲੱਗ ਪਏ।

                  

ਜੇ ਦੁਨੀਆਂ ਦੇ ਨਵ-ਜੰਮੇ ਬੱਚਿਆਂ ਨੂੰ ਵੱਡੇ ਹੋਣ ਲਈ ਦੁਨੀਆਂ ਤੋਂ ਨਿਖੇੜ ਕੇ ਵੱਖੋ-ਵੱਖਰੇ ਜੰਗਲਾਂ ਵਿੱਚ ਛੱਡ ਦਿੱਤਾ ਜਾਵੇ ਤਾਂ ਬਹੁਤੇ ਤਾਂ ਮਾਰੇ ਜਾਣਗੇ। ਕੁਝ ਜੰਗਲੀ ਜਾਨਵਰਾਂ (ਪਸ਼ੂ-ਪੰਛੀਆਂ) ਦਾ ਸ਼ਿਕਾਰ ਹੋ ਜਾਣਗੇ, ਕੁਝ ਕੁ ਨੂੰ ਗਰਮੀ-ਸਰਦੀ ਕੀੜੇ-ਮਕੌੜੇ ਖਾ ਜਾਣਗੇ। ਤੇ ਆਖਰ ਨੂੰ ਜਿੱਥੇ ਜੰਗਲੀ ਜਾਨਵਰਾਂ ਦੀ ਗਿਣਤੀ ਘੱਟ ਹੋਵੇਗੀ ਕੋਈ ਟਾਵਾਂ ਟਾਵਾਂ ਬਚ ਵੀ ਜਾਵੇਗਾ, ਕਿਉਂਕਿ ਰੱਜੇ ਜਾਨਵਰ ਹੋਰ ਸ਼ਿਕਾਰ ਨਹੀਂ  ਕਰਦੇ ਹੁੰਦੇ। ਜੋ ਦਰਖਤਾਂ ਦੇ ਆਸਰੇ ਬਚਿਆ ਹੋਵੇਗਾ, ਉਹ ਦਰਖਤ ਨੂੰ ਰੱਬ ਸਮਝ ਬੈਠੇਗਾ, ਜੋ ਪਹਾੜ ਦੇ ਲਾਗ ਬਚੇਗਾ ਉਹ ਸ਼ਾਇਦ ਪਹਾੜ ਨੂੰ ਰੱਬ ਸਮਝ ਬੈਠੇ। ਸ਼ਾਇਦ ਇਸੇ ਤਰ੍ਹਾਂ ਦੁਨੀਆਂ ਦੀਆਂ ਵੱਖ ਵੱਖ ਥਾਵਾਂ ’ਤੇ ਰੱਬ ਦੀ ਪਰਿਭਾਸ਼ਾ ਬਣੀ। । ਇਸ ਤਰ੍ਹਾਂ ਦੇ ਕੁਝ ਸਬੂਤ ਮਿਲਦੇ ਵੀ ਹਨ। ਇਸ ਲਈ ਰੱਬ ਦੀ ਗੱਲ ਪਰਿਭਾਸ਼ਾ ਤੋਂ ਸ਼ੁਰੂ ਹੁੰਦੀ ਹੈ। ਪੰਜਾਬੀ ਵਿੱਚ ਰੱਬ ਦੀ ਪਰਿਭਾਸ਼ਾ ਬਾਬਾ ਫਰੀਦ ਦੀ ਬਾਣੀ ਵਿੱਚ ਸਾਫ ਸੁਣਾਈ ਦਿੰਦੀ ਹੈ। ਬਾਬਾ ਫਰੀਦ ਜੀ ਸਮੇਂ ਦੇ ਸੂਝਵਾਨ ਮੁਸਲਮਾਨ ਸਨ।

               

ਏਸ਼ੀਆ ਦੀ ਧਰਤੀ ਤੇ ਗੁਰੂ ਨਾਨਕ ਦਾ ਜਨਮ ਇਕ ਮਹੱਤਵ-ਪੂਰਨ ਸਾਖੀ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਨੇ ਆਪਣੇ ਸਮੇਂ ਦੇ ਭਗਤਾਂ ਦੀ ਬਾਣੀ ਇਕੱਤਰ ਕੀਤੀ ਤੇ ਖੁਦ ਵੀ ਬਾਣੀ ਰਚੀ ਜਿਸ ਵਿਚ ਸਮੇਂ ਦੀਆਂ ਕੁਰੀਤੀਆਂ ਦਾ ਖੰਡਨ ਕੀਤਾ ਗਿਆ। ਇਸ ਬਾਣੀ ਵਿੱਚ ਕਾਦਰ-ਕੁਦਰਤ ਏਕੋ ਦਰਸਾਏ ਗਏ ਹਨ। ਰੱਬ ਦਾ ਸਿੱਧਾ ਕੋਈ ਸਬੂਤ ਨਹੀਂ। ਪਰ, ਜੇ ਅਸੀਂ ਕੁਦਰਤ ਵੱਲ ਦੇਖਦੇ ਹਾਂ ਤਾਂ ਰੱਬ ਹਰ ਥਾਂ ਹੈ। ਇਸ ਲਈ ਜੇ ਤੁਹਾਨੂੰ ਕਾਦਰ-ਕੁਦਰਤ ਇੱਕੋ ਨਹੀਂ ਲਗਦੇ, ਤਾਂ ਤੁਹਾਡੇ ਨਾਲ ਰੱਬ ਦੀ ਹੋਂਦ ਬਾਰੇ ਗੱਲ ਕਰਨਾ ਪਾਣੀ ’ਚ ਮਧਾਣੀ ਫੇਰਨ ਵਾਲੀ ਗੱਲ ਹੋ ਸਕਦੀ ਹੈ।  ਗੁਰੂ ਬਾਣੀ ਅਨੁਸਾਰ ਭਾਵੇਂ ਤੁਹਾਨੂੰ ਰੱਬ ਦੀ ਹੋਂਦ ਵਿਚ ਯਕੀਨ ਹੈ ਜਾਂ ਨਹੀਂ, ਰੱਬ ਨੂੰ ਕੋਈ ਪਰਵਾਹ ਨਹੀਂ। ‘ਏਕ ਨੂਰ ’ਤੇ ਸਭ ਜੱਗ ਉਪਜਿਆ’ ਅਨੁਸਾਰ ਰੱਬ ਦੀ ਹੋਂਦ ਵਿਚ ਯਕੀਨ ਜਾਂ ਨਾ-ਯਕੀਨ ਕਰਨ ਵਾਲੇ ਵੀ ਇਕੋ ਹਨ। ਸਾਡੇ ਲੋਕਤੰਤਰੀ ਕਾਨੂੰਨ ਵੀ ਏਹੀ ਕਹਿੰਦੇ ਹਨ। ਇਸ ਲਈ ਗੱਲ ਸਹੀ ਵਰਤੋਂ ਜਾਂ ਦੁਰਵਰਤੋਂ ’ਤੇ ਨਿਰਭਰ ਹੈ।

                    

ਇਹ ਸਾਰੀ ਬਹਿਸ ਧਨੀ ਰਾਮ ਚਾਤ੍ਰਿਕ ਦੀ ਸਹਿਜ-ਸੁਭਾਏ ਰਚੀ ਕਵਿਤਾ ਤੋਂ ਸ਼ੁਰੂ ਹੋਈ। ਚਾਤ੍ਰਿਕ ਜੀ ਦੀ ਕਵਿਤਾ ਤੋਂ ਵੀ ਇਸ ਤਰ੍ਹਾਂ ਲਗਦਾ ਹੈ ਕਿ ਸਾਡਾ ਇਹ ਪਿਆਰਾ ਕਵੀ ਨਾਨਕ-ਬਾਣੀ ਦਾ ਪ੍ਰੇਮੀ ਸੀ। ਨਾਨਕ ਬਾਣੀ ਕਾਦਰ ਨੂੰ ਕੁਦਰਤ ਨਾਲੋਂ ਵੱਖਰੀ ਸ਼ੈਅ ਨਹੀਂ  ਕਹਿੰਦੀ।

                    

ਹੁਣ ਜੇ ਇਸ ਬਹਿਸ ਨੂੰ ਬੰਦ ਕਰਨਾ ਹੋਵੇ ਤਾਂ ਪ੍ਰੋ. ਮੋਹਨ ਸਿੰਘ ਦੀ ਰੱਬ ਬਾਰੇ ਲਿਖੀ ਕਵਿਤਾ ਦੇ ਬੋਲ ਅਜੇ ਵੀ ਬਹੁਤ ਢੁਕਦੇ ਹਨ । ''ਰੱਬ ਇਕ ਗੁੰਝਲਦਾਰ ਬੁਝਾਰਤ ਰੱਬ ਇਕ ਗੋਰਖ ਧੰਦਾ, ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫ਼ਰ ਹੋ ਜਾਏ ਬੰਦਾ” । ਪਰ ਪਾਠਕ ਵੀ ਤੇ ਰੱਜਣ ਵਾਲੀ ਸ਼ੈਅ ਨਹੀਂ ਹੁੰਦੇ। ਇਸ ਲਈ ਰੱਬ ਦੀ ਹੋਂਦ/ਅਣਹੋਂਦ ਬਾਰੇ ਲਿਖਿਆ ਨਿਕ-ਸੁਕ ਪੜ੍ਹਕੇ ਇਹ ਵੀ ਕਿਹਾ ਜਾ ਸਕਦਾ ਹੈ ਕਿ,

   

        “ਬੁੱਧੀ-ਜੀਵੀਏ ਖੁਦ ਅਖਵਾਉਣ ਵਾਲੇ ਤੁਸੀਂ ਚੰਗੀਆਂ ਪੂਰੀਆਂ ਪਾ ਚੱਲੇ

          ਹੋਂਦ ਰੱਬ ਦੀ  ਆਏ ਨਜਿੱਠਣੇ ਲਈ ਸਗੋਂ ਮੋੜ ਕੇ ਫੇਰ ਲਟਕਾ ਚੱਲੇ ”

          

 
                                     
              
  ਜੂਨ 28, 2009  

        

ਸ: ਗੁਰਦੇਵ ਸਿੰਘ ਘਣਗਸ ਹੋਰਾਂ ਦੇ ਵਿਚਾਰਾਂ ਬਾਰੇ ਪ੍ਰਤੀਕਰਮ

-ਸਾਧੂ ਬਿਨਿੰਗ

  

ਰੱਬ ਦੀ ਹੋਂਦ ਅਣਹੋਂਦ ਬਾਰੇ ਚਲਦੀ ਬਹਿਸ ਵਿਚ ਸ: ਗੁਰਦੇਵ ਸਿੰਘ ਘਣਗਸ ਹੋਰਾਂ ਦੇ ਵਿਚਾਰ ਪੜ੍ਹੇ। ਇਹ ਗੱਲ ਚੰਗੀ ਲੱਗੀ ਕਿ ਉਨ੍ਹਾਂ ਵਿਚਾਰ ਵਟਾਂਦਰੇ ਨੂੰ ਤੋਰੀ ਰੱਖਣ ਲਈ ਆਪਣਾ ਯੋਗਦਾਨ ਪਾਇਆ। ਉਮੀਦ ਹੈ ਕਿ ਦੂਜੇ ਲੇਖਕ ਦੋਸਤ ਵੀ ਅੱਗੇ ਆਉਣਗੇ। ਪ੍ਰੇਮ ਮਾਨ ਜੀ ਹੋਰਾਂ ਦਾ ਵਾਰ ਵਾਰ ਧੰਨਵਾਦ ਕਰਨ ਨੂੰ ਜੀਅ ਕਰਦਾ ਰਹਿੰਦਾ ਹੈ ਕਿ ਉਹ ਵਧੀਆ ਤਰੀਕੇ ਨਾਲ ਸਾਡੇ ਲਈ ਮੰਚ ਮੁਹੱਈਆ ਕਰ ਰਹੇ ਹਨ।          

     

ਘਣਗਸ ਜੀ ਹੋਰਾਂ ਦਾ ਪਹਿਲਾ ਤੇ ਮੁੱਖ ਨੁਕਤਾ ਇਹ ਹੈ ਕਿ ਇਸ ਬਹਿਸ ਦਾ ਕੋਈ ਫਾਇਦਾ ਨਹੀਂ ਹੈ। ਉਹ ਪੁੱਛਦੇ ਹਨ ਕਿ ''ਕੀ ਇਸ ਬਿਨਾਂ ਸਰ ਨਹੀਂ ਸਕਦਾ?''

                  

ਇਸ ਸਵਾਲ ਦਾ ਜਵਾਬ ਹਰ ਇਨਸਾਨ ਦੇ ਅੰਦਰ ਹੀ ਹੁੰਦਾ ਹੈ। ਜੀਉਂਦੇ ਰਹਿਣ ਲਈ ਖੁਰਾਕ, ਪਾਣੀ ਅਤੇ ਸਿਰ ਢੱਕਣ ਲਈ ਛੱਤ ਹੀ ਦਰਅਸਲ ਉਹ ਚੀਜ਼ਾਂ ਹਨ ਜਿਨ੍ਹਾਂ ਬਿਨਾਂ 'ਸਰ ਨਹੀਂ ਸਕਦਾ', ਬਾਕੀ ਸਭ ਬਾਅਦ ਦੇ ਮਾਮਲੇ ਨੇ। ਹਿੰਦੁਸਤਾਨ ਦੇ ਕਰੋੜਾਂ ਲੋਕਾਂ ਦਾ ਅੰਗਰੇਜ਼ਾਂ ਥੱਲੇ ਬੜਾ ਸੋਹਣਾ 'ਸਰੀ' ਜਾਂਦਾ ਸੀ ਪਰ ਕੁਝ ਲੋਕ ਅੰਗਰੇਜ਼ਾਂ ਦਾ ਵਿਰੋਧ ਕਰਦੇ ਫਾਂਸੀ ਜਾ ਚੜ੍ਹੇ, ਸ਼ਾਇਦ ਉਨ੍ਹਾਂ ਦਾ ਨਹੀਂ ਸੀ 'ਸਰਦਾ'। ਪਰ ਅਸੀਂ ਕਿਉਂਕਿ ਰੱਬ ਤੇ ਧਰਮ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਇੱਧਰ ਧਿਆਨ ਰੱਖੀਏ। ਪੰਜਾਬੀਆਂ ਦੀ ਵਸੋਂ ਵਾਲੇ ਕਿਸੇ ਵੀ ਇਲਾਕੇ ਵਲ ਨਿਗਾਹ ਮਾਰੋ ਧਾਰਮਿਕ ਅਸਥਾਨਾਂ ਦੀ ਉਸਾਰੀ ਤੇ ਸਰਗਰਮੀਆਂ ਦਾ ਹਰ ਪਾਸੇ ਜ਼ੋਰ ਹੈ। ਉਦਾਹਰਨ ਵਜੋਂ, ਕਨੇਡਾ ਦੇ ਸ਼ਹਿਰ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਇਲਾਕੇ ਵਿਚ ਇਸ ਵੇਲੇ ਗੁਰਦਵਾਰਿਆਂ ਦੀ ਗਿਣਤੀ ਸ਼ਾਇਦ ਤਿੰਨ ਦਰਜਨ ਦੇ ਦੁਆਲੇ ਹੋਵੇ। ਫੇਰ ਵੀ ਵਿਆਹਾਂ ਵਾਸਤੇ ਕਈ ਵਾਰ ਸਾਲ ਸਾਲ ਉਡੀਕ ਕਰਨੀ ਪੈਂਦੀ ਹੈ। ਹਰ ਗੁਰੂ ਘਰ ਪੂਰੀ ਤਰ੍ਹਾਂ ਆਪਣੇ ਕੰਮ ਵਿਚ ਰੁੱਝਿਆ ਰਹਿੰਦਾ ਹੈ। ਜੀਵਨ ਦੇ ਕਈ ਮਹੱਤਵਪੂਰਨ ਜਸ਼ਨ ਮਨਾਉਣ ਲਈ ਬਹੁਤ ਸਾਰੇ ਲੋਕ ਅਖੰਡਪਾਠ ਤੇ ਕੀਰਤਨ ਘਰਾਂ ਵਿਚ ਵੀ ਕਰਵਾਉਂਦੇ ਹਨ ਅਤੇ ਹੁਣ ਦਾਗ ਦੀ ਰਸਮ ਵੇਲੇ ਵੀ ਘੰਟਿਆਂ ਬੱਧੀ ਧਰਮ ਦਾ ਪਰਚਾਰ ਕੀਤਾ ਜਾਂਦਾ ਹੈ। ਬੇਸ਼ੁਮਾਰ ਸਮਾਂ ਤੇ ਸ਼ਕਤੀ ਧਰਮ ਦੇ ਪਰਚਾਰ ਲਈ ਲਾਈ ਜਾ ਰਹੀ ਹੈ ਪਰ ਸਥਿਤੀ ਕੀ ਕਹਿ ਰਹੀ ਹੈ? ਵੈਨਕੂਵਰ, ਟਰਾਂਟੋ, ਕੈਲਗਰੀ, ਐਡਮੰਟਨ ਆਦਿ ਥਾਵਾਂ 'ਤੇ ਪੰਜਾਬੀ ਅਖ਼ਬਾਰਾਂ ਦੇ ਕਈ ਕਈ ਰੰਗਦਾਰ ਪੰਨੇ ਜਾਦੂ, ਟੂਣੇ ਕਰਨ ਵਾਲੇ ਤੇ ਪੁੱਤਾਂ ਦੀਆਂ ਦਾਤਾਂ ਬਖ਼ਸ਼ਣ ਵਾਲੇ ਲੋਕਾਂ ਦੇ ਇਸ਼ਤਿਹਾਰਾਂ ਨਾਲ ਭਰੇ ਹੁੰਦੇ ਹਨ। ਹਰ ਕਿਸਮ ਦੇ ਰੋਗ ਤੇ ਆਰਥਿਕ ਢਾਂਚੇ ਦੇ ਅਸਰ ਵਜੋਂ ਪੈਦਾ ਹੁੰਦੀਆਂ ਜੀਵਨ ਦੀਆਂ ਅਣਗਿਣਤ ਸਮੱਸਿਆਵਾਂ ਇਹ ਬਾਬੇ, ਪੀਰ, ਔਲੀਏ ਮਿੰਟਾਂ ਸਕਿੰਟਾਂ ਵਿਚ ਦੂਰ ਕਰਨ ਦਾ ਦਾਅਵਾ ਕਰਦੇ ਹਨ। ਇਨ੍ਹਾਂ ਦੇ ਗਾਹਕ ਕੌਣ ਹਨ? ਮੁੱਖ ਤੌਰ 'ਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕ ਕਿਉਂਕਿ ਗੁਰਮੁਖੀ ਅੱਖਰਾਂ ਵਿਚ ਲਿਖੀਆਂ ਬਹੁਤੀਆਂ ਅਖ਼ਬਾਰਾਂ ਇਹ ਭਾਈਚਾਰਾ ਹੀ ਪੜ੍ਹਦਾ ਹੈ। ਜਦ ਕਿ ਧਰਮ ਦੇ ਪੈਰੋਕਾਰ ਕਹਿ ਰਹੇ ਹਨ ਕਿ ਬਾਣੀ ਦੇ ਸ਼ਬਦ ਬਿਨਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਕੀ ਇਸ ਵਰਤਾਰੇ ਬਾਰੇ ਸਵਾਲ ਨਹੀਂ ਉਠਾਇਆ ਜਾਣਾ ਚਾਹੀਦਾ ਕਿ ਕਿਸ ਤਰ੍ਹਾਂ ਹੋ ਰਿਹਾ ਹੈ? ਕੀ ਅਜਿਹੇ ਸਵਾਲ ਉਠਾਉਣ ਤੋਂ ਬਿਨਾਂ ਸਾਡਾ 'ਸਰ' ਸਕਦਾ ਹੈ? ਪਰ ਸਵਾਲ ਉਠਾਉਣ ਦੀ ਮਨਾਹੀ ਹੈ ਕਿਉਂਕਿ ਡਰ ਇਸ ਗੱਲ ਦਾ ਹੈ ਜੇ ਪ੍ਰੋ: ਮੋਹਨ ਸਿੰਘ ਦੇ ਕਹੇ ਲੱਗ ਕੇ ਲੋਕ ਇਸ ਗੁੰਝਲਦਾਰ ਬੁਝਾਰਤ ਦੇ ਪੇਚ ਖੋਲ੍ਹਣ ਲੱਗ ਪਏ ਤਾਂ ਨਤੀਜਾ ਖਤਰਨਾਕ (ਧਰਮ ਲਈ) ਹੋ ਸਕਦਾ ਹੈ। ਸੁਰੱਖਿਅਤ ਗੱਲ ਇਹੀ ਹੈ ਕਿ ਇਸ ਬਾਰੇ ਗੱਲਬਾਤ ਨਾ ਕਰੋ। ਅੱਖਾਂ ਮੀਟੀ ਰੱਖੋ ਤੇ ਕਹੀ ਜਾਵੋ ਸਭ ਕੁਝ ਉੱਪਰ ਵਾਲਾ ਕਰ ਕਰਵਾ ਰਿਹਾ ਹੈ। ਤੇ ਜੇ ਕੋਈ ਸਵਾਲ ਕਰਨ ਦੀ ਕੋਸ਼ਿਸ਼ ਕਰੇ ਵੀ ਤਾਂ ਉਸਨੂੰ ਕਹੋ ਭਾਈ ਮਨੁੱਖ ਦੇ ਕੋਲ ਉੱਪਰ ਵਾਲੇ ਦੀ ਲੀਲਾ ਸਮਝਣ ਦੀ ਲੋੜੀਂਦੀ ਸੂਝ ਸ਼ਕਤੀ ਨਹੀਂ ਹੈ। ''ਰੱਬ ਕੋਈ ਵੱਟਿਆਂ ਨਾਲ ਤੋਲ ਕੇ ਪਰਖਣ ਵਾਲੀ ਸ਼ੈਅ ਨਹੀਂ''।

                         

ਧਰਮ ਨੇ ਲੋਕਾਂ ਨੂੰ ਸਵਾਲ ਕਰਨ ਤੋਂ ਰੋਕਣ ਦੀ ਸਦਾ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਸਵਾਲ ਕਰਨ ਵਾਲੇ ਨੂੰ ਮੌਤ ਤੱਕ ਦੀ ਸਜ਼ਾ ਦੇਣੀ ਵੀ ਆਮ ਹੀ ਗੱਲ ਰਹੀ ਹੈ। ਫਰਾਂਸੀਸੀ ਦਾਰਸ਼ਨਿਕ ਡੈਨਿਸ ਡਿਡਰੋਟ (1713-1784) ਅਨੁਸਾਰ ''ਫ਼ਿਲਾਸਫ਼ਰ ਨੇ ਕਦੇ ਕੋਈ ਪਾਦਰੀ ਨਹੀਂ ਮਾਰੇ, ਜਦ ਕਿ ਪਾਦਰੀ ਨੇ ਬਹੁਤ ਵੱਡੀ ਗਿਣਤੀ 'ਚ ਫ਼ਿਲਾਸਫ਼ਰਾਂ ਦਾ ਕਤਲ ਕੀਤਾ ਹੈ" ("The philosopher has never killed any priests, whereas the priest has killed a great many philosophers." Denis Diderot). ਸਦੀਆਂ ਤੋਂ ਚੱਲੀ ਆ ਰਹੀ ਇਸ ਜੱਦੋ-ਜਹਿਦ ਬਾਰੇ ਤੁਸੀਂ ਹੁਣ ਵੀ ਮੀਡੀਏ ਵਿਚ ਕੁਝ ਨਾ ਕੁਝ ਦੇਖ ਪੜ੍ਹ ਸਕਦੇ ਹੋ। ਅਮਰੀਕਾ ਵਿਚ ਧਾਰਮਿਕ ਲੋਕ ਸਦਾ ਇਸ ਕੋਸ਼ਿਸ਼ 'ਚ ਰਹਿੰਦੇ ਹਨ ਕਿ ਵਿਦਿਆ ਵਿੱਚੋਂ ਐਵੋਲਿਉਸ਼ਨ ਵਰਗੀਆਂ ਵਿਗਿਆਨਕ ਥਿਊਰੀਆਂ ਨੂੰ ਬਾਹਰ ਰੱਖਿਆ ਜਾਵੇ। ਇਸ ਬਾਰੇ ਇਕ ਮਸ਼ਹੂਰ ਕੇਸ 1925 ਵਿਚ ਟੈਨੇਸੀ ਵਿਚ ਚੱਲਿਆ ਸੀ (ਉਸ 'ਤੇ ਫਿਲਮ 'ਇਨਹੈਰਿਟ ਦਾ ਵਿੰਡ' 1960 ਵਿਚ ਬਣੀ ਸੀ) ਤੇ ਇਕ ਕੇਸ 2005 ਵਿਚ ਪੈਨਸਿਲਵੇਨੀਆ ਵਿਚ ਚੱਲਿਆ ਹੈ। ਕੋਸ਼ਿਸ਼ ਇਹ ਹੈ ਕਿ ਲੋਕਾਂ ਨੂੰ ਵਿਗਿਆਨ ਦੀ ਰੌਸ਼ਨੀ ਤੋਂ ਜਿੰਨਾ ਵੀ ਸੰਭਵ ਹੋ ਸਕੇ ਦੂਰ ਰੱਖਿਆ ਜਾਵੇ। ਜਰਮਨ ਦਾਰਸ਼ਨਿਕ ਆਰਥਰ ਸ਼ੌਪਨਹਾਉਰ (1788-1860) ਦਾ ਕਹਿਣਾ ਹੈ ਕਿ ''ਧਰਮ ਟਟਹਿਣਿਆਂ ਵਾਂਗ ਹਨ। ਉਨ੍ਹਾਂ ਨੂੰ ਚਮਕਣ ਲਈ ਨ੍ਹੇਰੇ ਦੀ ਲੋੜ ਹੈ।'' (Religions are like fireflies. They require darkness in order to shine. -- Arthur Lchopenhauer )। ਮਾਰਚ 2009 ਦੀ ਇਕ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਸਮੱਸਿਆ ਵਾਲੇ ਇਲਾਕੇ ਬਾਜੌਰ ਵਿਚ 70% ਲੋਕ ਚਾਹੁੰਦੇ ਹਨ ਕਿ ਸ਼ਰੀਆ ਕਾਨੂੰਨ ਲਾਗੂ ਕੀਤਾ ਜਾਵੇ। ਰਿਪੋਰਟ ਇਹ ਵੀ ਦੱਸਦੀ ਹੈ ਕਿ ਇਸ ਇਲਾਕੇ ਦੇ 70% ਤੋਂ ਉੱਪਰ ਲੋਕ ਅਨਪੜ੍ਹ ਹਨ। (The Frozen Solution by Nadeem F. Paracha in Daily Dawn. Pakistan on 4th June 2009)। ਲਹੌਰ ਵਿਚ (ਸ਼ਾਇਦ ਨਿਊਯਾਰਕ ਵਿਚ ਵੀ) ਸ਼ਰੀਆ ਜਾਂ ਉਹਦੇ ਵਰਗਾ ਕੋਈ ਹੋਰ ਕਾਨੂੰਨ ਲਾਗੂ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਉੱਥੇ ਅਨਪੜ੍ਹ ਲੋਕਾਂ ਦੀ ਏਨੀ ਵੱਡੀ ਤਾਦਾਦ ਨਹੀਂ ਹੈ, ਉੱਥੇ ਕੁਝ ਕੁਝ ਵਿਗਿਆਨ ਦੀ ਰੌਸ਼ਨੀ ਹੈ।

                         

ਘਣਗਸ ਜੀ ਨੇ ਰੱਬ ਦੀ ਪਰਿਭਾਸ਼ਾ ਦੀ ਗੱਲ ਕਰਦਿਆਂ ਵਧੀਆ ਵਿਗਿਆਨਕ ਗੱਲਾਂ ਕੀਤੀਆਂ ਹਨ ਕਿ ਰੱਬ ਦੇ ਏਨੇ ਵੱਖਰੇ ਵੱਖਰੇ ਰੂਪ ਕਿਉਂ ਹਨ: ''ਜੋ ਦਰਖਤਾਂ ਦੇ ਆਸਰੇ ਬਚਿਆ ਹੋਵੇਗਾ, ਉਹ ਦਰਖਤ ਨੂੰ ਰੱਬ ਸਮਝ ਬੈਠੇਗਾ, ਜੋ ਪਹਾੜ ਦੇ ਲਾਗੇ ਬਚੇਗਾ ਉਹ ਸ਼ਾਇਦ ਪਹਾੜ ਨੂੰ ਰੱਬ ਸਮਝ ਬੈਠੇ।'' ਅੱਗੇ ਉਹ ਗੁਰੂ ਨਾਨਕ ਦੀ ਗੱਲ ਕਰਕੇ ਇਸ ਦਾ ਖੁਦ ਹੀ ਬਹੁਤ ਵਧੀਆ ਸਬੂਤ ਦਿੰਦੇ ਹਨ। ਸਾਫ ਹੈ ਕਿ ਜੇ ਉਹ ਕਿਸੇ ਗੁਆਂਢੀ ਹਿੰਦੂ ਜਾਂ ਮੁਸਲਮਾਨ ਦੇ ਘਰ ਪੈਦਾ ਹੋਏ ਹੁੰਦੇ ਤਾਂ ਉਨ੍ਹਾਂ ਲਈ ਰੱਬ ਦੀ ਪਰਿਭਾਸ਼ਾ ਸ਼ਾਇਦ ਵੱਖਰੀ ਹੋਣੀ ਸੀ। ਏਥੋਂ ਤੱਕ ਕੋਈ ਸਮੱਸਿਆ ਵਾਲੀ ਗੱਲ ਨਹੀਂ। ਪਰ ਉਹ ਅੱਗੇ ਕਹਿੰਦੇ ਹਨ ਕਿ ਜੇ ਤੁਹਾਨੂੰ ਬਾਣੀ ਅਨੁਸਾਰ ''ਕਾਦਰ-ਕੁਦਰਤ ਇੱਕੋ ਨਹੀਂ ਲਗਦੇ ਤਾਂ ਤੁਹਾਡੇ ਨਾਲ ਰੱਬ ਦੀ ਹੋਂਦ ਬਾਰੇ ਗੱਲ ਕਰਨਾ ਪਾਣੀ 'ਚ ਮਧਾਣੀ ਫੇਰਨ ਵਾਲੀ ਗੱਲ ਹੋ ਸਕਦੀ ਹੈ।'' ਹੁਣ ਇਹ ਸਮੱਸਿਆ ਵਾਲੀ ਗੱਲ ਹੈ ਤੇ ਇਸ ਦਾ ਅਸਰ ਅਸੀਂ ਨਿੱਤ ਹਰ ਕਿਸਮ ਦੇ ਘਿਨਾਉਣੇ ਰੂਪਾਂ ਵਿਚ ਦੇਖਦੇ ਹਾਂ। ਤਾਜ਼ੀ ਉਦਾਹਰਨ ਪੰਜਾਬ ਵਿਚ ਲੱਗੀਆਂ ਅੱਗਾਂ ਅਤੇ ਹੋਈ ਹਿੰਸਾ ਹੈ। ਕੀ ਇਹ ਹਿੰਸਾ ਵੱਖਰੀਆਂ ਪਰਿਭਾਸ਼ਾਵਾਂ ਦੇ ਟਾਕਰੇ ਵਿੱਚੋਂ ਨਹੀਂ ਨਿਕਲੀ?

                              

ਗੁਰਦੇਵ ਸਿੰਘ ਘਣਗਸ ਹੋਰਾਂ ਆਪਣੀ ਗੱਲ ਖਤਮ ਕਰਨ ਲੱਗਿਆਂ ਪੰਜਾਬੀ ਸਮਾਜ ਵਿਚਲੀ ਇਕ ਖਤਰਨਾਕ ਸਮੱਸਿਆ ਵੱਲ ਸਾਡਾ ਧਿਆਨ ਦੁਆਇਆ ਹੈ। ਇਹ ਸਮੱਸਿਆ ਹੈ ਪੰਜਾਬੀਆਂ ਦੇ ਧੁਰ ਅੰਦਰ ਘਰ ਕਰੀ ਬੈਠੀ ਵਿਦਿਆ ਵਿਰੋਧੀ ਭਾਵਨਾ। ਪੰਜਾਬ ਦੇ ਪਿੰਡਾਂ ਵਿਚ ਜਿੱਥੇ ਪੜ੍ਹਾਈ ਨਾਲ ਮਿਲਦੀ ਸਮਾਜਿਕ ਪੁਜ਼ੀਸ਼ਨ ਤੇ ਤਾਕਤ ਦੀ ਪੂਜਾ ਕੀਤੀ ਜਾਂਦੀ ਹੈ ਉੱਥੇ ਪੜ੍ਹਨ ਵਾਲੇ ਦਾ 'ਆਇਆ ਵੱਡਾ ਪੜ੍ਹਾਕੂ' ਆਦਿ ਫਿਕਰਿਆਂ ਨਾਲ ਮਖੌਲ ਉਡਾਇਆ ਜਾਂਦਾ ਰਿਹਾ ਹੈ। ਪੜ੍ਹੇ ਲਿਖੇ ਨੌਜਵਾਨ ਨੂੰ (ਉਹਦੇ ਅਫਸਰ ਬਣਨ ਤੋਂ ਪਹਿਲਾਂ) ਕਮਜ਼ੋਰ, ਸੋਹਲ, ਕੰਮਚੋਰ, ਡਰਾਕਲ ਤੇ ਇਕ ਖਾਂਦੇ ਪੀਂਦੇ ਖੁੱਲ੍ਹੇ ਡੁੱਲ੍ਹੇ ਸੁਭਾਅ ਵਾਲੇ ਅਨਪੜ੍ਹ ਪੰਜਾਬੀ ਨੌਜਵਾਨ ਨਾਲੋਂ ਘਟੀਆ ਜਾਣਿਆਂ ਜਾਂਦਾ ਰਿਹਾ ਹੈ (ਸੰਭਵ ਹੈ ਕਿ ਹੁਣ ਇਸ ਵਿਚ ਕੁਝ ਫਰਕ ਪੈ ਗਿਆ ਹੋਵੇ)। ਪੰਜਾਬੀ ਲੋਕ ਬਹੁਤ ਲੰਮੇ ਸਮੇਂ ਤੋਂ ਹਰ ਕਿਸਮ ਦੇ ਤਾਕਤ ਦੇ ਗਲਿਹਾਰਿਆਂ ਤੋਂ ਬਾਹਰ ਰਹੇ ਹਨ। ਅੰਗਰੇਜ਼ਾਂ ਸਮੇਂ ਖਾਸ ਕਰ, ਪਰ ਪਹਿਲਾਂ ਵੀ, ਪੜ੍ਹਨ ਦਾ ਸਿੱਧਾ ਅਰਥ ਇਹ ਸੀ ਕਿ ਤੁਸੀਂ ਬਾਹਰਲੇ ਹਾਕਮ ਲਈ ਕੰਮ ਕਰਨਾ ਹੈ ਤੇ ਕਰਨਾ ਵੀ ਆਪਣੇ ਲੋਕਾਂ ਦੇ ਵਿਰੁੱਧ, ਉਨ੍ਹਾਂ ਨੂੰ ਦਬਾਉਣ ਲਈ। ਜਿੰਨੇ ਦਿਨ ਤੁਸੀਂ ਸਕੂਲ ਜਾਵੋਗੇ ਉਤਨਾ ਹੀ ਤੁਸੀਂ ਆਪਣੇ ਭਾਈਚਾਰੇ ਤੋਂ ਦੂਰ ਹੋਈ ਜਾਵੋਗੇ। (ਪੰਜਾਬੀ ਦੇ ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਬੈਰਿਸਟਰ ਸਾਹਿਬ' ਇਸ ਸਮੱਸਿਆ ਬਾਰੇ ਪੜ੍ਹਨਯੋਗ ਕਹਾਣੀ ਹੈ)। ਅੰਗਰੇਜ਼ਾਂ ਨੇ ਤਾਂ ਐਲਾਨੀਆਂ ਤੌਰ 'ਤੇ (ਲਾਰਡ ਮੈਕਾਲੇ ਦੀ 1835 ਵਿਚ ਤਿਆਰ ਕੀਤੀ ਵਿਦਿਆ ਨੀਤੀ) ਭਾਰਤੀਆਂ ਨੂੰ ਅਜਿਹੀ ਵਿਦਿਆ ਦੇਣੀ ਸ਼ੁਰੂ ਕੀਤੀ ਜਿਸ ਨਾਲ ਉਹ ਦੇਖਣ ਨੂੰ ਭਾਰਤੀ ਹੋਣ ਪਰ ਸੋਚ ਸਮਝ ਵਿਚ ਬਰਤਾਨਵੀ। ਭਾਰਤ ਵਿਚ ਅਜੇ ਵੀ ਇਸ ਵਿਦਿਅਕ ਢਾਂਚੇ ਵਿਚ ਕੋਈ ਬਹੁਤੀ ਤਬਦੀਲੀ ਨਹੀਂ ਕੀਤੀ ਗਈ। ਉੱਥੇ ਹੁਣ ਵੀ ਅੰਗ੍ਰੇਜ਼ੀ ਬੋਲਣ ਵਾਲੇ 10% ਲੋਕ ਬਾਕੀ ਦੇ 90% ਲੋਕਾਂ 'ਤੇ ਰਾਜ ਕਰ ਰਹੇ ਹਨ। ਇਨ੍ਹਾਂ ਕਾਲੇ, ਭੂਰੇ ਬਾਬੂਆਂ ਨੂੰ ਹੋਰ ਦਿਲਾਸਾ ਦੇਣ ਵਾਸਤੇ ਬਰਤਾਨਵੀ ਬਸਤਵਾਦੀ ਦਿਮਾਗ ਨੇ ਕ੍ਰਿਕਟ ਵਰਗੀਆਂ ਚੀਜ਼ਾਂ ਦੀ ਵੀ ਕਾਢ ਕੱਢੀ। ਅੰਗ੍ਰੇਜ਼ੀ ਵਾਂਗ ਕ੍ਰਿਕਟ ਅੰਗਰੇਜ਼ਾਂ ਦੇ ਸਿੱਧੇ ਗੁਲਾਮ ਰਹਿ ਚੁੱਕੇ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਖੇਡ ਹੈ। ਕਾਮਨਵੈਲਥ ਦੇ ਦੇਸਾਂ ਤੋਂ ਬਿਨਾਂ ਬਾਕੀ ਲੋਕ ਇਸ ਖੇਡ ਵਿਚਲੀ ਖੇਡ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਕਰਕੇ ਇਸ ਨੂੰ ਬਹੁਤਾ ਮੂੰਹ ਨਹੀਂ ਲਾਉਂਦੇ।

                    

ਘਣਗਸ ਸਾਹਿਬ ਬੁਰਾ ਨਾ ਮਨਾਉਣ, ਮੈਂ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਮੰਨੋ ਚਾਹੇ ਨਾ ਪਰ ਤੁਸੀਂ ਵੀ ਉਨ੍ਹਾਂ ਹੀ ਪੰਜਾਬੀ ਬੁੱਧੀ-ਜੀਵੀਆਂ ਵਿਚ ਸ਼ੁਮਾਰ ਹੋ ਜਿਨ੍ਹਾਂ ਦੀਆਂ ਗੱਲਾਂ  ਨੂੰ ਤੁਸੀਂ ''ਨਿਕ-ਸੁਕ'' ਕਿਹਾ ਹੈ। ਦੁਨੀਆਂ ਦੀ ਸੱਤ ਬਿਲੀਅਨ ਨੂੰ ਢੁੱਕ ਰਹੀ ਆਬਾਦੀ ਵਿਚ ਬਹੁਤ ਥੋੜ੍ਹੀ ਜਿਹੀ ਗਿਣਤੀ ਹੈ (ਪੰਜਾਬੀਆਂ ਵਿਚ ਤਾਂ ਹੋਰ ਵੀ ਘੱਟ) ਜਿਹੜੀ ਕੰਪਿਊਟਰ 'ਤੇ ਰੱਬ ਦੀ ਹੋਂਦ ਬਾਰੇ ਚੱਲ ਰਹੇ ਵਿਚਾਰ ਵਟਾਂਦਰੇ ਵਿਚ ਸ਼ਾਮਲ ਹੋ ਸਕੇ ਜਿਵੇਂ ਤੁਸੀਂ ਅਸੀਂ ਕਰ ਰਹੇ ਹਾਂ। ਦੋਸਤ ਆਪਣੇ ਆਪ ਨੂੰ ਏਨਾ ਘਟਾ ਕੇ ਨਾ ਦੇਖੋ। ਤੁਸੀਂ ਹੀ ਉਹ ਬੁੱਧੀਜੀਵੀ ਹੋ ਜਿਹੜੇ ਇਹ ਮਸਲੇ ਵਿਚਾਰ ਸਕਦੇ ਹਨ। ਇਸ ਗੱਲ ਦੀ ਪੂਰੀ ਆਸ ਰੱਖਣੀ ਚਾਹੀਦੀ ਹੈ ਕਿ ਜੋ ਹੁਣ ਤੱਕ ਨਹੀਂ ਹੋ ਸਕਿਆ ਉਹ ਕੀਤਾ ਜਾ ਸਕਦਾ ਹੈ। ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਕਿ ''ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੇ ਬੋਲ ਅਜੇ ਵੀ ਬਹੁਤ ਢੁਕਵੇਂ ਹਨ''। ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਹਾਂ ਮੋਹਨ ਸਿੰਘ ਹੋਰਾਂ ਦੀ ਗੱਲ ਮੰਨ ਕੇ ਇਸ ਗੁੰਝਲਦਾਰ ਬੁਝਾਰਤ ਦੇ ਪੇਚ ਖੋਲ੍ਹਣੇ ਸ਼ੁਰੂ ਕਰੋ।

                           

ਜੇ ਮੇਰੇ ਕੋਲੋਂ ਕੋਈ ਤੁਹਾਡੀ ਸ਼ਾਨ ਦੇ ਵਿਰੁੱਧ ਗੱਲ ਕਹੀ ਗਈ ਹੋਵੇ ਤਾਂ ਉਮੀਦ ਹੈ ਮੁਆਫ਼ ਕਰੋਗੇ ਕਿਉਂਕਿ ਮੇਰੇ ਮਨ ਵਿਚ ਹਰ ਉਸ ਪੰਜਾਬੀ ਵਿਅਕਤੀ ਲਈ ਬੇਹੱਦ ਸਤਿਕਾਰ ਹੈ ਜੋ ਕਿਸੇ ਗੰਭੀਰ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਾ ਹੈ।